ਫੌਜੀ ਦੇ ਕਤਲ ਦਾ ਖੁਲਾਸਾ, ਪੁੱਤਰਾਂ ਨੇ ਹੀ ਕੀਤਾ ਕਤਲ

Friday, Mar 29, 2019 - 09:26 PM (IST)

ਫੌਜੀ ਦੇ ਕਤਲ ਦਾ ਖੁਲਾਸਾ, ਪੁੱਤਰਾਂ ਨੇ ਹੀ ਕੀਤਾ ਕਤਲ

ਪੱਟੀ/ਤਰਨਤਾਰਨ, (ਸੌਰਭ,ਬਲਵਿੰਦਰ ਕੌਰ)— ਪਿੰਡ ਦੁੱਬਲੀ ਵਿਖੇ ਬੀਤੇ ਦਿਨੀਂ ਫੌਜੀ ਦਾ ਕਤਲ ਕਰ ਕੇ ਲਾਸ਼ ਨਹਿਰ 'ਚੋਂ ਮਿਲਣ ਸਬੰਧੀ ਮਾਮਲਾ ਸਾਹਮਣੇ ਆਇਆ ਸੀ। ਜਿਸ ਨੂੰ ਸ਼ੁਕੱਰਵਾਰ ਥਾਣਾ ਸਦਰ ਪੱਟੀ ਦੀ ਪੁਲਸ ਨੇ ਉਕਤ ਮਾਮਲੇ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ।
ਇਸ ਸਬੰਧੀ ਥਾਣਾ ਸਦਰ ਪੱਟੀ ਦੇ ਮੁਖੀ ਸ਼ਿਵ ਦਰਸ਼ਨ ਸਿੰਘ ਨੇ ਦੱਸਿਆ ਕਿ 22 ਮਾਰਚ ਨੂੰ ਦੁੱਬਲੀ ਵਿਖੇ ਫੌਜੀ ਲਖਬੀਰ ਸਿੰਘ ਦੀ ਲਾਸ਼ ਮਿਲੀ ਸੀ ਤੇ ਉਸ ਦਾ ਕਤਲ ਉਸ ਦੇ ਦੋਵਾਂ ਲੜਕਿਆਂ ਜਗਜੀਤ ਸਿੰਘ ਉਰਫ ਜੋਜੀ ਤੇ ਜਗਰੂਪ ਸਿੰਘ ਉਰਫ ਜੱਗਾ ਨੇ ਹੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਕਤਲ ਮਾਮਲੇ 'ਚ ਜਗਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਦੂਸਰਾ ਲੜਕਾ ਜਗਰੂਪ ਸਿੰਘ ਅਜੇ ਫਰਾਰ ਹੈ। ਥਾਣਾ ਮੁਖੀ ਸ਼ਿਵ ਦਰਸ਼ਨ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਜਗਜੀਤ ਸਿੰਘ ਨੇ ਪੁਲਸ ਨੂੰ ਬਿਆਨ ਦਿੱਤੇ ਕਿ ਉਸ ਦਾ ਪਿਤਾ ਫੌਜੀ ਲਖਬੀਰ ਸਿੰਘ ਉਨ੍ਹਾਂ ਨੂੰ ਅਕਸਰ ਹੀ ਕੰਮਕਾਜ ਕਰਨ ਲਈ ਕਹਿੰਦਾ ਰਹਿੰਦਾ ਸੀ ਤੇ ਰੋਜ਼ਾਨਾ ਹੀ ਘਰ 'ਚ ਲੜਾਈ ਝਗੜੇ ਕਾਰਨ ਕਲੇਸ਼ ਕਰਦਾ ਸੀ ਤੇ ਜਿਸ ਤੋਂ ਤੰਗ ਆ ਕੇ ਉਨ੍ਹਾਂ ਦੋਨਾਂ ਭਰਾਵਾਂ ਨੇ ਆਪਣੇ ਪਿਤਾ ਨੂੰ ਜਾਨੋਂ ਮਾਰ ਦਿੱਤਾ ਤੇ ਲਾਸ਼ ਖੁਰਦ-ਬੁਰਦ ਕਰ ਕੇ ਸੂਆ ਪੁਲ ਦੇ ਥੱਲੇ ਸੁੱਟ ਦਿੱਤੀ ਸੀ। ਥਾਣਾ ਮੁਖੀ ਸ਼ਿਵ ਦਰਸ਼ਨ ਸਿੰਘ ਨੇ ਦੱਸਿਆ ਕਿ ਜਾਂਚ ਕਰਨ ਉਪਰੰਤ ਮਾਮਲਾ ਸ਼ੱਕੀ ਜਾਪ ਰਿਹਾ ਸੀ ਤੇ ਸਖ਼ਤੀ ਨਾਲ ਪੁੱਛਗਿਛ ਕਰਨ ਉਪਰੰਤ ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਫਰਾਰ ਦੂਸਰੇ ਮੁਲਜ਼ਮ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਤੇ ਗ੍ਰਿਫਤਾਰ ਕੀਤੇ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਲਿਆ ਗਿਆ ਹੈ।


author

KamalJeet Singh

Content Editor

Related News