ਕਿਸਾਨਾਂ ਨੇ ਕੇਂਦਰ ਸਰਕਾਰ ਦੇ ਫੂਕੇ ਪੁਤਲੇ, 31 ਨੂੰ ਮਨਾਇਆ ਜਾਵੇਗਾ ਦੇਸ਼ ਵਿਆਪੀ ਵਿਸ਼ਵਾਸਘਾਤ ਦਿਨ

Saturday, Jan 29, 2022 - 07:27 PM (IST)

ਅੰਮ੍ਰਿਤਸਰ (ਗੁਰਿੰਦਰ ਸਾਗਰ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਲਿਖਤੀ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ 26 ਜਨਵਰੀ 2021 ਨੂੰ ਟਰੈਕਟਰ ਪਰੇਡ ਨੂੰ ਫਿਰਕੂ ਰੰਗਤ ਦੇਣ ਲਈ ਕੇਂਦਰ ਸਰਕਾਰ ਨੇ ਸਾਜ਼ਿਸ਼ੀ ਨੀਤੀ 'ਤੇ ਚੱਲਦਿਆਂ ਭਾਜਪਾ ਤੇ ਆਰ. ਐੱਸ. ਐੱਸ. ਵੱਲੋਂ ਦਿੱਲੀ ਪੁਲਸ ਦੀ ਮਿਲੀਭੁਗਤ ਨਾਲ 29 ਜਨਵਰੀ ਨੂੰ ਸਿੰਘੂ ਬਾਰਡਰ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ ਉਖਾੜਨ ਲਈ ਹਮਲਾ ਕਰਕੇ 150 ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਨੂੰ ਜ਼ਖਮੀ ਕਰਨ ਵਾਲੇ ਪ੍ਰਦੀਪ ਖੱਤਰੀ ਤੇ ਅਮਨ ਡਬਾਸ ਸਮੇਤ ਸੈਂਕੜੇ ਗੁੰਡਿਆਂ 'ਤੇ ਪਰਚੇ ਤੇ ਗ੍ਰਿਫ਼ਤਾਰ ਨਾ ਕਰਨ ਵਿਰੁੱਧ ਅੱਜ ਪੰਜਾਬ ਭਰ ਦੇ 13 ਜ਼ਿਲ੍ਹਿਆਂ ਦੇ ਹੈੱਡਕੁਆਰਟਰਾਂ, ਹਜ਼ਾਰਾਂ ਪਿੰਡਾ ਤੇ 60 ਜ਼ੋਨਾਂ ਵਿੱਚ ਵੱਡੇ ਇਕੱਠ ਕਰਕੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ। ਇਸ ਦੌਰਾਨ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਨੇ ਸ਼ਮੂਲੀਅਤ ਕੀਤੀ।

ਇਹ ਵੀ ਪੜ੍ਹੋ : ਭਾਜਪਾ ਨੂੰ ਵੱਡਾ ਝਟਕਾ, ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ

ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾ ਲਾਗੂ ਨਾ ਕਰਨ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵੱਲੋਂ 31 ਜਨਵਰੀ ਨੂੰ ਦੇਸ਼ ਵਿਆਪੀ ਵਿਸ਼ਵਾਸਘਾਤ ਦਿਨ ਮਨਾਉਣ ਦੇ ਦਿੱਤੇ ਸੱਦੇ ਤਹਿਤ ਪੰਜਾਬ ਭਰ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਕਿਸਾਨ ਆਗੂਆਂ ਨੇ ਵੱਖ-ਵੱਖ ਥਾਈਂ ਮੁਜ਼ਾਹਰਿਆਂ ਨੂੰ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਪ੍ਰਦੀਪ ਖੱਤਰੀ ਤੇ ਅਮਨ ਡਬਾਸ ਸਮੇਤ ਹੋਰਨਾਂ ਮੁਲਜ਼ਮਾਂ 'ਤੇ ਤੁਰੰਤ ਪਰਚੇ ਦਰਜ ਕਰਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ, ਨਹੀਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਭੈਣ ਵੱਲੋਂ ਲਗਾਏ ਇਲਜ਼ਾਮਾਂ 'ਤੇ ਨਵਜੋਤ ਸਿੱਧੂ ਦਾ ਬਿਆਨ ਆਇਆ ਸਾਹਮਣੇ

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


Harnek Seechewal

Content Editor

Related News