ਪਿਛਲੇ 7 ਸਾਲਾਂ ਤੋਂ ਅੱਗਮੁਕਤ ਖੇਤੀ ਕਰ ਰਿਹਾ ਅਗਾਂਹਵਧੂ ਕਿਸਾਨ ਮਸਤਾਨ ਸਿੰਘ

Saturday, Aug 05, 2023 - 11:08 AM (IST)

ਬਟਾਲਾ/ਡੇਰਾ ਬਾਬਾ ਨਾਨਕ (ਬੇਰੀ, ਜ. ਬ.)- ਗੁਰਦਾਸਪੁਰ ਜ਼ਿਲ੍ਹੇ ਦੀ ਤਹਿਸੀਲ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡ ਤਲਵੰਡੀ ਗੁਰਾਇਆ ਦਾ ਅਗਾਂਹਵਧੂ ਕਿਸਾਨ ਮਸਤਾਨ ਸਿੰਘ ਗੁਰਾਇਆ ਪੁੱਤਰ ਅਮਰੀਕ ਸਿੰਘ ਗੁਰਾਇਆ ਬੀ. ਏ., ਐੱਨ. ਟੀ. ਟੀ. ਪਾਸ ਕਿਸਾਨ ਹੈ। ਮਸਤਾਨ ਸਿੰਘ ਕੋਲ 22 ਕਿੱਲੇ ਮਾਲਕੀ ਹੈ ਅਤੇ ਸਾਰੀ ਦੀ ਸਾਰੀ ਝੋਨੇ ਦੀ ਸਿੱਧੀ ਬਿਜਾਈ ਹੇਠ ਹੈ। ਇਸ ਮੌਕੇ ਉਨਾਂ ਦੱਸਿਆ ਕਿ ਉਹ ਆਪ ਜਿਥੇ ਝੋਨੇ ਦੀ ਸਿੱਧੀ ਬਿਜਾਈ ਕਰਦੇ ਹਨ, ਉਸ ਦੇ ਨਾਲ-ਨਾਲ ਉਨ੍ਹਾਂ ਦੇ ਚਾਚਾ ਹਰਦੀਪ ਸਿੰਘ ਗੁਰਾਇਆ ਚੇਅਰਮੈਨ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਨੇ 24 ਕਿੱਲੇ ਅਤੇ ਦੂਜੇ ਚਾਚਾ ਗੁਰਦੀਪ ਸਿੰਘ ਗੁਰਾਇਆ ਨੇ ਵੀ 24 ਕਿੱਲੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ।

ਇਹ ਵੀ ਪੜ੍ਹੋ- ਪੁਲਸ ਮੁਲਾਜ਼ਮ ਨੇ ਕਾਰ ਨਾਲ ਦਰੜਿਆ ਦੋਧੀ, ਗੱਡੀ 'ਚੋਂ ਬਰਾਮਦ ਹੋਈ ਸ਼ਰਾਬ ਦੀ ਬੋਤਲ

ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਨੇ 2018 ਤੋਂ ਹੀ ਬਾਸਮਤੀ ਨੂੰ ਝੰਡਾ ਰੋਗ ਤੋਂ ਬਚਾਉਣ ਅਤੇ ਖੇਤੀ ਖਰਚਾ ਘੱਟ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਅਪਣਾ ਲਈ ਸੀ ਅਤੇ ਪਿਛਲੇ 7 ਸਾਲਾਂ ਤੋਂ ਗੁਰਾਇਆ ਪਰਿਵਾਰ ਅੱਗਮੁਕਤ ਖੇਤੀ ਕਰ ਰਿਹਾ ਹੈ। ਕਣਕ ਸਾਰੀ ਹੈਪੀ ਸੀਡਰ ਨਾਲ ਬੀਜਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਕਣਕ ਦੀ ਤੂੜੀ ਬਣਾਉਣ ਤੋਂ ਬਾਅਦ ਸੁੱਕੀ ਜ਼ਮੀਨ ’ਚ ਤਵੀਆਂ ਦੀ ਪਾੜ ਪਾ ਦਿੱਤੀ ਜਾਂਦੀ ਹੈ। ਫਿਰ ਦੋਹਰ ਹੱਲਾਂ ਦੀ ਮਾਰ ਕੇ ਹਵਾ ਤੇ ਧੁੱਪ ਲਵਾਈ ਅਤੇ ਪਿਛਲੇ ਸਾਲ ਦਾ ਨਦੀਨ ਅਤੇ ਝੋਨਾ ਉਗਾਉਣ ਲਈ ਰੌਣੀ ਕਰ ਦਿੱਤੀ। ਦੋਹਰ ਹੱਲਾਂ ਦੀ ਮਾਰ ਕੇ ਸੁਹਾਗਾ ਫੇਰ ਕੇ ਚੰਗੀ ਤਰ੍ਹਾਂ ਵੱਤਰ ਨੱਪ ਦਿੱਤਾ ਅਤੇ ਸ਼ਾਮ ਵੇਲੇ ਤਰ ਵੱਤਰ ’ਚ ਡੀ. ਐੱਸ. ਆਰ. ਡਰਿੱਲ ਨਾਲ ਬਿਜਾਈ ਕਰ ਕੇ ਉਸ ਦੇ ਤੁਰੰਤ ਬਾਅਦ ਅਗਾਊਂ ਨਦੀਨ ਪ੍ਰਬੰਧ ਲਈ ਇਕ ਲਿਟਰ ਦਵਾਈ ਦੀ 200 ਲਿਟਰ ਪਾਣੀ ’ਚ ਸਪਰੇਅ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ 20 ਏਕੜ 1847 ਅਤੇ 2 ਏਕੜ 1692 ਬਾਸਮਤੀ ਦੀਆਂ ਕਿਸਮਾਂ ਦੀ 8 ਕਿੱਲੋ ਪ੍ਰਤੀ ਏਕੜ ਬੀਜ ਨਾਲ ਬਿਜਾਈ ਕੀਤੀ ਗਈ ਅਤੇ ਬਿਜਾਈ ਵੇਲੇ 25 ਕਿਲੋ ਡੀ. ਏ. ਪੀ., 25 ਕਿਲੋ ਸੁਪਰ ਅਤੇ 10 ਕਿਲੋ ਕੈਲੀਬਰ ਵਰਤਿਆ ਗਿਆ ਹੈ। ਬੀਜ ਸੋਧ ਟਰਾਈਕੋਡਰਮਾ ਅਤੇ ਸੁਡੂਮਨਾਸ ਨਾਲ ਕੀਤੀ (10+10 ਗ੍ਰਾਮ ਪ੍ਰਤੀ ਕਿਲੋ ਬੀਜ)।

ਇਹ ਵੀ ਪੜ੍ਹੋ- 6 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਟਾਹਲੀ ਨਾਲ ਲਟਕਦੀ ਮਿਲੀ ਲਾਸ਼, ਪਰਿਵਾਰ 'ਚ ਪਿਆ ਚੀਕ-ਚਿਹਾੜਾ

ਅਗਾਂਹਵਧੂ ਕਿਸਾਨ ਨੇ ਅੱਗੇ ਦੱਸਿਆ ਕਿ ਕਮਾਲ ਦੀ ਗੱਲ ਇਹ ਹੋਈ ਕਿ ਬਰਸਾਤਾਂ ਦੇ ਪਾਣੀ ਅਤੇ ਪਿੰਡ ਲਾਗੋਂ ਲੰਘਦੇ ਨੋਮਨੀ ਨਾਲੇ ਨੇ ਕੱਦੂ ਵਾਲੇ ਝੋਨੇ ਦਾ ਬਹੁਤ ਨੁਕਸਾਨ ਕੀਤਾ ਪਰ ਝੋਨੇ ਦੀ ਸਿੱਧੀ ਬਿਜਾਈ ਵਾਲੀ ਫਸਲ ਸਾਰਾ ਪਾਣੀ ਪੀ ਗਈ। ਉਨ੍ਹਾਂ ਦੱਸਿਆ ਕਿ ਸ਼ਾਇਦ ਇਸੇ ਕਰ ਕੇ ਗੁਰਾਇਆ ਪਰਿਵਾਰ ਦੀ ਡੀ. ਐੱਸ. ਆਰ. ’ਚ ਸਫ਼ਲਤਾ ਦੇਖ ਕੇ ਪਿੰਡ ਤਲਵੰਡੀ ਗੁਰਾਇਆ ਦੇ 80 ਫੀਸਦੀ ਰਕਬੇ ’ਚ ਝੋਨੇ ਦੀ ਸਿੱਧੀ ਬਿਜਾਈ ਹੋਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਡੀ. ਐੱਸ. ਆਰ. ਕਰਨ ਨਾਲੋਂ ਸਮਝਣ ਵਾਲੀ ਤਕਨੀਕ ਵੱਧ ਹੈ। ਪਹਿਲਾਂ ਇਕ ਮਹੀਨਾ ਸਬਰ ਅਤੇ ਭਰੋਸਾ ਰੱਖਣਾ ਪੈਂਦਾ ਹੈ। 10 ਹਜ਼ਾਰ ਰੁਪਏ ਕਿੱਲੇ ਪਿੱਛੇ ਬੱਚਤ ਹੈ। 1500 ਰੁਪਏ ਸਰਕਾਰ ਵੱਲੋਂ ਹਨ ਅਤੇ ਮਸ਼ੀਨਰੀ ਤੇ ਸਰੀਰਕ ਲੇਬਰ ਦੀ ਵੀ ਬਹੁਤ ਘੱਟ ਲੋੜ ਹੈ। ਮਿੱਟੀ ਖੁੱਲ੍ਹਦੀ ਹੈ, ਜਿਸ ਨਾਲ ਬੀਮਾਰੀ ਨਹੀਂ ਲੱਗਦੀ ਤੇ ਅਗਲੀ ਫ਼ਸਲ ’ਚ ਫ਼ਾਇਦਾ ਹੁੰਦਾ ਹੈ। ਪਾਣੀ ਦੀ ਬੱਚਤ ਵੀ ਹੈ ਅਤੇ ਸਾਰਾ ਵਾਧੂ ਪਾਣੀ ਜ਼ਮੀਨ ਜ਼ੀਰਦੀ ਹੈ।

ਇਹ ਵੀ ਪੜ੍ਹੋ-  ਚੰਡੀਗੜ੍ਹ ਰੂਟ 'ਤੇ ਚੱਲਦੀ ਪਨ ਬੱਸ ਨੂੰ ਲੱਗੀ ਭਿਆਨਕ ਅੱਗ, ਸੜ ਕੇ ਹੋਈ ਸੁਆਹ

ਇਸ ਸਮੇਂ ‘ਯੰਗ ਇਨੋਵੇਟਿਵ ਫਾਰਮਰਜ਼’ ਗਰੁੱਪ ਦੇ ਅਗਾਂਹਵਧੂ ਕਿਸਾਨ ਗੁਰਬਿੰਦਰ ਸਿੰਘ ਬਾਜਵਾ, ਜੋ ਕਿਸਾਨਾਂ ਲਈ ਰੋਲ ਮਾਡਲ ਵਜੋਂ ਕੰਮ ਕਰ ਰਹੇ ਹਨ, ਨੇ ਦੱਸਿਆ ਕਿ ਖੇਤੀ ਸਾਡਾ ਥੰਮ੍ਹ ਹੈ ਅਤੇ ਮਿੱਟੀ ਪਾਣੀ ਇਸ ਦੇ ਸੀਮੈਂਟ-ਬੱਜਰੀ ਹਨ। ਇਸ ਨੂੰ ਬਚਾਉਣ ਲਈ ਕੱਦੂਮੁਕਤ, ਅੱਗਮੁਕਤ, ਝੋਨਾ ਮੁਕਤ ਅਤੇ ਜ਼ਹਿਰ ਮੁਕਤ ਪੰਜਾਬ ਮਿਸ਼ਨ ਦੇ ਹਿੱਸੇਦਾਰ ਬਣਨ ਦੀ ਅਹਿਮ ਲੋੜ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News