ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਨੇ ਫਡ਼ੀ ਜਾਅਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ
Thursday, Nov 15, 2018 - 03:52 AM (IST)

ਅੰਮ੍ਰਿਤਸਰ, (ਇੰਦਰਜੀਤ)- ਆਬਕਾਰੀ ਅਤੇ ਕਰ ਵਿਭਾਗ ਪੰਜਾਬ ਨੇ ਅੱਜ ਐੱਸ. ਏ. ਐੱਸ. ਨਗਰ ’ਚ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਕੀਤੀ, ਜਦੋਂ ਡਾਇਰੈਕਟਰ ਇਨਵੈਸਟੀਗੇਸ਼ਨ ਆਬਕਾਰੀ ਤੇ ਕਰ ਵਿਭਾਗ ਗੁਰਚੈਨ ਸਿੰਘ ਧਨੋਆ ਏ. ਆਈ. ਜੀ. ਆਬਕਾਰੀ ਅਤੇ ਕਰ ਵਿਭਾਗ ਸਮੇਤ ਸਟਾਫ ਮੋਬਾਇਲ ਵਿੰਗ ਪਟਿਆਲਾ, ਮੋਬਾਇਲ ਵਿੰਗ ਚੰਡੀਗਡ਼੍ਹ ਸਮੇਤ ਆਬਕਾਰੀ ਸਟਾਫ ਜ਼ਿਲਾ ਮੋਹਾਲੀ ਨੇ ਲਾਲਡ਼ੂ ਨੇਡ਼ੇ ਟੋਲ ਪਲਾਜ਼ਾ ਦੇ ਸਾਹਮਣੇ ਨਾਜਾਇਜ਼ ਢੰਗ ਨਾਲ ਇਕ ਜਾਅਲੀ ਸ਼ਰਾਬ ਬਣਾਉਣ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ। ਇਾਗ ਨੇ ਵੱਡੀ ਮਾਤਰਾ ਵਿਚ ਜਾਅਲੀ ਸ਼ਰਾਬ ਬਣਾਉਣ ਸਬੰਧੀ ਵਰਤੀ ਜਾਂਦੀ ਚੇਨ, ਸਟੋਰੇਜ ਟੈਂਕਾਂ ’ਚ ਲਗਭਗ 6400 ਲਿਟਰ ਬਲੈਂਡ, 1000 ਲਿਟਰ ਈ. ਐੱਨ. ਏ., ਸ਼ਰਾਬ ਤਿਆਰ ਕਰਨ ਵਾਲੇ ਕੈਮੀਕਲ, ਕੈਮੀਕਲ ਦੇ ਖਾਲੀ ਡਰੰਮ, ਲਗਭਗ 120000 ਹੋਲੋਗ੍ਰਾਮ, 125479 ਲੇਬਲ, 4800 ਸ਼ਰਾਬ ਦੀਆਂ ਬੋਤਲਾਂ ਪੈਕ ਕਰਨ ਵਾਲੇ ਖਾਲੀ ਡੱਬੇ, ਕੈਟਲ ਫੀਡ ਦੇ 48 ਨਗ, ਖਾਸਾ ਡਿਸਟਿਲਰੀ ਨਾਂ ਦੇ 417 ਟੇਪ ਰੋਲ, ਸੀ. ਡੀ. ਬੀ. ਐੱਲ. ਡਿਸਟਿਲਰੀ ਨਾਂ ਦੇ 249 ਟੇਪ ਰੋਲ, ਕੱਚ ਦੀ ਪੈਮਾਨਾ ਸੁਰਾਹੀ, 11970 ਖਾਲੀ ਬੋਤਲਾਂ, ਬੋਤਲਾਂ ਦੇ 157000 ਢੱਕਣ, ਲਗਭਗ 200 ਪਊਏ ਮਿਸ ਇੰਡੀਆ (ਉੱਤਰ ਪ੍ਰਦੇਸ਼ ’ਚ ਵਿਕਣਯੋਗ), 14 ਬੋਤਲਾਂ ਖਾਸਾ ਮੋਟਾ ਸੰਤਰਾ (ਪੰਜਾਬ ’ਚ ਵਿਕਣਯੋਗ), ਇਕ ਟਰੱਕ ਅਤੇ ਹੋਰ ਸਾਜ਼ੋ-ਸਾਮਾਨ ਬਰਾਮਦ ਕੀਤਾ। ਇਸ ਸਬੰਧੀ ਥਾਣਾ ਲਾਲਡ਼ੂ ’ਚ ਵਿਭਾਗ ਵੱਲੋਂ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਅਗਲੀ ਪੁਖਤਾ ਕਾਰਵਾਈ ਲਈ ਕੇਸ ਪੁਲਸ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਵਿਭਾਗ ਦੇ ਨੁਮਾਇੰਦੇ ਨੇ ਦੱਸਿਆ ਕਿ ਵਿਭਾਗ ਵੱਲੋਂ ਨਕਲੀ ਸ਼ਰਾਬ ਦਾ ਧੰਦਾ ਕਰਨ ਵਾਲਿਅਾਂ ਵਿਰੁੱਧ ਜੰਗੀ ਪੱਧਰ ’ਤੇ ਕਾਰਵਾਈ ਵਿੱਢੀ ਗਈ ਹੈ ਅਤੇ ਸੂਚਨਾ ਦੇ ਅਾਧਾਰ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 30 ਅਕਤੂਬਰ ਨੂੰ ਪਟਿਆਲਾ ਜ਼ਿਲੇ ਦੇ ਘੱਗਾ ਵਿਖੇ ਨਾਜਾਇਜ਼ ਸ਼ਰਾਬ ਦੀ ਫੈਕਟਰੀ ਫਡ਼ੀ ਗਈ ਸੀ, ਜਿਥੋਂ 91 ਪੇਟੀਅਾਂ, 1092 ਬੋਤਲਾਂ ਮਾਰਕਾ ਸ਼ਰਾਬ ਝੇਕਾ ਦੇਸੀ ਅਸਲੀ ਮੋਟਾ ਸੰਤਰਾ, ਗੋਲਡ ਪੰਜਾਬ 9800 ਖਾਲੀ ਬੋਤਲਾਂ ਬਿਨਾਂ ਮਾਰਕਾ ਦੇ ਭਰੇ 98 ਬੈਗ, ਮਾਰਕਾ ਚੱਢਾ ਸ਼ੁੂਗਰ ਇੰਡਸਟਰੀ ਪ੍ਰਾਈਵੇਟ ਲਿਮਟਿਡ, ਯੂਨਿਟ ਦੇ ਕੀਡ਼ੀ ਅਫਗਾਨਾ ਜ਼ਿਲਾ ਗੁਰਦਾਸਪੁਰ ਦੇ 91 ਹਜ਼ਾਰ ਸੀਲ ਢੱਕਣਾਂ ਦੇ 9 ਡੱਬੇ, ਪਲਾਸਟਿਕ ਦੇ 2 ਕੈਮੀਕਲ ਵਾਲੇ ਖਾਲੀ ਡਰੰਮ ਤੇ ਜਾਅਲੀ ਸ਼ਰਾਬ ਬਣਾਉਣ ਦਾ ਹੋਰ ਸਾਜ਼ੋ-ਸਾਮਾਨ ਬਰਾਮਦ ਕੀਤਾ ਗਿਆ ਸੀ। ਵਿਭਾਗ ਦੇ ਨੁਮਾਇੰਦੇ ਅਨੁਸਾਰ ਭਵਿੱਖ ਵਿਚ ਵੀ ਨਾਜਾਇਜ਼ ਸ਼ਰਾਬ ਦੇ ਧੰਦੇ ’ਤੇ ਨੱਥ ਪਾਉਣ ਲਈ ਵਿਭਾਗ ਵੱਲੋਂ ਪੂਰੇ ਸੂਬੇ ਵਿਚ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਤੇ ਇਸ ਧੰਦੇ ਵਿਚ ਸ਼ਾਮਿਲ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।