ਜੀ-20 ਪ੍ਰਧਾਨਗੀ ਹੇਠ ਲੇਬਰ-20 ਦੀ ਮੀਟਿੰਗ 'ਚ ਕੇਂਦਰੀ ਮੰਤਰੀ ਭੂਪੇਂਦਰ ਯਾਦਵ ਦਾ ਅਹਿਮ ਬਿਆਨ

03/20/2023 11:36:22 AM

ਅੰਮ੍ਰਿਤਸਰ- ਲੇਬਰ 20 (ਐੱਲ-20) ਦੇ ਸ਼ੁਰੂਆਤੀ ਸਮਾਗਮ ਲਈ 20 ਦੇਸ਼ਾਂ ਦੇ ਟਰੇਡ ਯੂਨੀਅਨ ਪ੍ਰਤੀਨਿਧੀ, ਮਾਹਿਰ ਅਤੇ ਕਿਰਤ ਆਗੂਆਂ ਤੋਂ ਇਲਾਵਾ ਭਾਰਤ ਦੇ ਟਰੇਡ ਯੂਨੀਅਨ ਆਗੂ ਅਤੇ ਕਿਰਤ ਮਾਹਿਰ ਅੰਮ੍ਰਿਤਸਰ ਪਹੁੰਚੇ ਹਨ। ਜਿਥੇ ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਭੂਪੇਂਦਰ ਯਾਦਵ ਨੇ ਕਿਹਾ ਹੈ ਕਿ ਦੁਨੀਆ ਨੇ ਇਕੱਠੇ ਹੋ ਕੇ ਉਭਰਣ ਅਤੇ ਰਿਕਵਰੀ ਨੂੰ ਇਕ ਮਾਨਵ ਕੇਂਦਰਿਤ ਪ੍ਰਕਿਰਿਆ ਬਣਾਉਣ ਦਾ ਸੰਕਲਪ ਲਿਆ ਹੈ। ਅੰਮ੍ਰਿਤਸਰ 'ਚ ਆਯੋਜਿਤ ਐੱਲ 20 ਦੀ ਇਨਸੈਪਸ਼ਨ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਸਮੂਹਿਕ ਤੌਰ 'ਤੇ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਾਡੇ ਵਰਕਰ ਇਸ ਗਤੀਸ਼ੀਲ ਮਾਹੌਲ 'ਚ ਪ੍ਰਫੁੱਲਤ ਹੋਣ ਲਈ ਲੋੜੀਂਦੇ ਕੌਸ਼ਲ ਅਤੇ ਗਿਆਨ ਨਾਲ ਲੈਸ ਹੋਣ।

ਇਹ ਵੀ ਪੜ੍ਹੋ- ਮੰਨਣ ਵਿਖੇ ਅਣਪਛਾਤਿਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ, ਸੰਗਤਾਂ ’ਚ ਭਾਰੀ ਰੋਸ

ਰੋਜ਼ਗਾਰ ਮੰਤਰੀ ਭੂਪੇਂਦਰ ਨੇ ਕਿਹਾ ਕਿ ਵਿਸ਼ਵਵਿਆਪੀ ਸਮਾਜਿਕ ਸੁਰੱਖਿਆ ਅਤੇ ਦੁਨੀਆ ਭਰ 'ਚ ਇਸਦੀ ਪੋਰਟੇਬਿਲਟੀ ਇਕ ਮਹੱਤਵਪੂਰਨ ਮੁੱਦਾ ਹੈ, ਜਿਸ 'ਤੇ ਸਾਨੂੰ ਧਿਆਨ ਦੇਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਖਾਸ ਤੌਰ 'ਤੇ ਗੈਰ ਰਸਮੀ ਖ਼ੇਤਰ ਨੂੰ ਸਮਾਜਿਕ ਸੁਰੱਖਿਆ ਦੇ ਦਾਇਰੇ 'ਚ ਲਿਆਂਦਾ ਜਾਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਮਾਜਿਕ ਸੁਰੱਖਿਆ ਲਈ ਸਮਾਜਿਕ ਬੀਮਾ ਅਤੇ ਸਮਾਜਿਕ ਸਹਾਇਤਾ ਸਕੀਮਾਂ ਦਾ ਟਿਕਾਊ ਮਿਸ਼ਰਣ ਹੋਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਦੇ ‘ਨਾਰੀ ਸ਼ਕਤੀ’ ਜਾਂ ‘ਮਹਿਲਾ ਸ਼ਕਤੀ’ ਦੇ ਵਿਜ਼ਨ ਦੇ ਅਨੁਸਾਰ ਯਾਦਵ ਨੇ ਕਿਹਾ ਕਿਰਤ ਸ਼ਕਤੀ 'ਚ ਔਰਤਾਂ ਦੀ ਭਾਗੀਦਾਰੀ ਨੂੰ ਵਧਾਇਆ ਜਾਣਾ ਚਾਹੀਦਾ ਹੈ ਜਿਸ ਨਾਲ ਬਰਾਬਰੀ ਵਾਲੇ, ਸਮਾਵੇਸ਼ੀ ਅਤੇ ਵਿਕਸਿਤ ਸਮਾਜ ਦੀ ਸਿਰਜਣਾ ਹੋਵੇਗੀ। ਮੰਤਰੀ ਨੇ ਕਿਹਾ ਕਿ ‘ਵਸੁਧੈਵ ਕੁਟੁੰਬਕਮ’ ਦਾ ਜੀ20 ਦਾ ਥੀਮ ਇੱਕ ਧਰਤੀ, ਇੱਕ ਪਰਿਵਾਰ ਅਤੇ ਇੱਕ ਭਵਿੱਖ ਦੀ ਧਾਰਨਾ ਨੂੰ ਦਰਸਾਉਂਦਾ ਹੈ।  ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਜੀ20 ਨੂੰ ਨਿਰਣਾਇਕ ਅਤੇ ਕਾਰਜ-ਮੁਖੀ ਬਣਾਉਣ ਦਾ ਵਿਜ਼ਨ ਸਾਨੂੰ ਜੀ20 ਬੈਠਕਾਂ ਲਈ ਠੋਸ ਨਤੀਜੇ ਹਾਸਲ ਕਰਨ ਲਈ ਪ੍ਰੇਰਿਤ ਕਰਦਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ

ਯਾਦਵ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਜੀ20 ਅਤੇ ਐੱਲ20 ਬੈਠਕਾਂ ਨੇ ਕਈ ਤਰ੍ਹਾਂ ਦੀਆਂ ਨੀਤੀਗਤ ਪਹਿਲਾਂ ਰਾਹੀਂ ਲੇਬਰ ਬਜ਼ਾਰ ਦੀਆਂ ਚੁਣੌਤੀਆਂ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ 'ਤੇ ਵਿਆਪਕ ਤੌਰ 'ਤੇ ਸਹਿਮਤੀ ਬਣੀ ਹੈ। ਇਸ ਤੋਂ ਇਲਾਵਾ, ਡਿਜੀਟਲ ਟੈਕਨੋਲੋਜੀ ਦੇ ਉਭਾਰ ਅਤੇ ਟੈਕਨੋਲੋਜੀਕਲ ਪਰਿਵਰਤਨ ਦੇ ਨਤੀਜੇ ਵਜੋਂ ਕੰਮ ਦੀ ਦੁਨੀਆ 'ਚ ਬੇਮਿਸਾਲ ਤਬਦੀਲੀਆਂ ਆਈਆਂ ਹਨ, ਜਿਸ 'ਚ ਰੋਜ਼ਗਾਰ ਦੇ ਨਵੇਂ ਰੂਪਾਂ ਦਾ ਉਭਾਰ, ਡਿਜੀਟਲਾਈਜ਼ੇਸ਼ਨ, ਗਿਗ ਅਰਥਵਿਵਸਥਾ, ਸਕਿੱਲ ਡੈਫੀਸਿਟ ਆਦਿ ਸ਼ਾਮਲ ਹਨ।

ਉਨ੍ਹਾਂ ਨੇ ਕਿਹਾ ਕਿ ਜੀ20 ਦੀ ਅਗਵਾਈ ਹੇਠ ਐੱਲ20 ਨੇ ਬਹੁਤ ਹੀ ਠੋਸ ਅਤੇ ਢੁਕਵੇਂ ਥੀਮ ਚੁਣੇ ਹਨ ਜਿਵੇਂ ਕਿ ਯੂਨੀਵਰਸਲ ਸਮਾਜਿਕ ਸੁਰੱਖਿਆ, ਸਮਾਜਿਕ ਸੁਰੱਖਿਆ ਫੰਡ ਦੀ ਪੋਰਟੇਬਿਲਟੀ, ਕਿਰਤ ਸ਼ਕਤੀ 'ਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣਾ ਅਤੇ ਕੰਮ ਦਾ ਭਵਿੱਖ।  ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਜੀ20 ਦੇਸ਼ਾਂ ਦੀਆਂ ਸਾਰੀਆਂ ਟਰੇਡ ਯੂਨੀਅਨਾਂ ਕਾਰਵਾਈਯੋਗ ਨਤੀਜਿਆਂ ਨਾਲ ਸਾਹਮਣੇ ਆਉਣਗੀਆਂ। ਮੰਤਰੀ ਨੇ ਕਿਹਾ ਕਿ ਭਾਰਤ ਦਾ ਜੀ20 ਦੀ ਪ੍ਰਧਾਨਗੀ ਸੰਭਾਲਣਾ ਇਕ ਇਤਿਹਾਸਕ ਘਟਨਾ ਹੈ ਅਤੇ ਸਾਨੂੰ ਦੁਨੀਆ ਨੂੰ ਦਰਪੇਸ਼ ਚੁਣੌਤੀਆਂ ਨਾਲ ਸਮੂਹਿਕ ਰੂਪ 'ਚ ਨਜਿੱਠਣ ਦਾ ਮੌਕਾ ਦਿੰਦਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News