ਸਿਵਲ ਹਸਪਤਾਲ ਮਰੀਜ਼ਾਂ ਦੇ ਇਲਾਜ ਨਾਲ ਬਣਿਆ ‘ਸਿੱਖਿਆ ਕੇਂਦਰ’

Thursday, Nov 21, 2024 - 03:10 PM (IST)

ਸਿਵਲ ਹਸਪਤਾਲ ਮਰੀਜ਼ਾਂ ਦੇ ਇਲਾਜ ਨਾਲ ਬਣਿਆ ‘ਸਿੱਖਿਆ ਕੇਂਦਰ’

ਅੰਮ੍ਰਿਤਸਰ (ਦਲਜੀਤ)- ਸਿਹਤ ਵਿਭਾਗ ਅਧੀਨ ਚੱਲਣ ਵਾਲੇ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਵਿਚ ਹੁਣ ਮਰੀਜ਼ਾਂ ਦੇ ਇਲਾਜ ਦੇ ਨਾਲ-ਨਾਲ ਮੈਡੀਕਲ ਵਿਸ਼ੇ ਨਾਲ ਸਬੰਧਤ ਪੜ੍ਹਾਈ ਵੀ ਕਰਵਾਈ ਜਾ ਰਹੀ ਹੈ। ਸਰਕਾਰੀ ਮੈਡੀਕਲ ਕਾਲਜਾਂ ਵਾਂਗ ਐੱਮ. ਬੀ. ਬੀ. ਐੱਸ. ਦੇ ਵਿਦਿਆਰਥੀ ਉਚੇਰੀ ਪੜ੍ਹਾਈ ਲਈ ਸਿਵਲ ਹਸਪਤਾਲ ਵਿਚ ਡੀ. ਐੱਨ. ਬੀ. ਕੋਰਸ ਵਿਚ ਦਾਖਲਾ ਲੈਣ ਲਈ ਵੱਡੇ ਪੱਧਰ ’ਤੇ ਰੁਚੀ ਵਿਖਾ ਰਹੇ ਹਨ। ਡੀ. ਐੱਨ. ਬੀ. ਦੇ ਵਿਦਿਆਰਥੀ ਹਸਪਤਾਲ ਦੇ ਕੁਸ਼ਲ ਪ੍ਰਸ਼ਾਸਕ ਡਾਕਟਰ ਸਵਰਨਜੀਤ ਧਵਨ ਦੀ ਅਗਵਾਈ ਵਿਚ ਸਿੱਖਿਆ ਦੇ ਨਾਲ-ਨਾਲ ਪ੍ਰੈਕਟੀਕਲ ਪੱਧਰ ’ਤੇ ਮਰੀਜ਼ਾਂ ਦਾ ਇਲਾਜ ਵੀ ਕਰਨ ਵਿਚ ਮਹਾਰਤ ਹਾਸਲ ਕਰ ਰਹੇ ਹਨ। 200 ਬੈੱਡ ਵਾਲੇ ਉਕਤ ਹਸਪਤਾਲ ਵਿਚ ਮੌਜੂਦਾ ਸਮੇਂ ਵਿੱਚ 15 ਵਿਦਿਆਰਥੀ ਕੋਰਸ ਦੇ ਤਹਿਤ ਹਸਪਤਾਲ ਵਿੱਚ ਸੇਵਾਵਾਂ ਦੇ ਰਹੇ ਹਨ।

ਇਹ ਵੀ ਪੜ੍ਹੋ-  ਅੰਮ੍ਰਿਤਸਰ ਆਉਣ ਵਾਲਿਆਂ ਲਈ ਅਹਿਮ ਖ਼ਬਰ: 24 ਨਵੰਬਰ ਨੂੰ ਬੰਦ ਰਹੇਗੀ ਇਹ ਸੜਕ

ਜਾਣਕਾਰੀ ਅਨੁਸਾਰ ਡੀ. ਐੱਨ. ਬੀ. (ਡਿਪਲੋਮਾ ਆਫ ਨੈਸ਼ਨਲ ਬੋਰਡ) ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਰਾਸ਼ਟਰੀ ਚਿਕਤਸਾ ਵਿਗਿਆਨ ਪ੍ਰੀਖਿਆ ਬੋਰਡ ਦਾ ਮਾਨਤਾ ਪ੍ਰਾਪਤ ਕੋਰਸ ਹੈ। ਇਸ ਕੋਰਸ ਵਿਚ ਤਿੰਨ ਸਾਲ ਵਿਦਿਆਰਥੀਆਂ ਨੂੰ ਐੱਮ. ਬੀ. ਬੀ. ਐੱਸ. ਤੋਂ ਬਾਅਦ ਪੜ੍ਹਾਈ ਦੇ ਨਾਲ-ਨਾਲ ਪ੍ਰੈਕਟੀਕਲ ਪੱਧਰ ’ਤੇ ਕੰਮ ਕਰਨ ਦਾ ਤਜਰਬਾ ਹਾਸਲ ਹੁੰਦਾ ਹੈ।

ਇਹ ਕੋਰਸ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਵਿਸ਼ੇਸ਼ ਅਹੁਦਾ ਮਿਲਦਾ ਹੈ, ਜੋ ਕਿ ਉਹ ਐੱਮ. ਡੀ. ਅਤੇ ਐੱਮ. ਐੱਸ. ਦੇ ਬਰਾਬਰ ਮੰਨਿਆ ਜਾਂਦਾ ਹੈ। ਪੰਜਾਬ ਵਿਚ ਪਹਿਲਾਂ ਸਰਕਾਰੀ ਮੈਡੀਕਲ ਕਾਲਜ ਦੇ ਵਿਚ ਹੀ ਐੱਮ. ਬੀ. ਬੀ. ਐੱਸ. ਤੋਂ ਬਾਅਦ ਵਿਦਿਆਰਥੀਆਂ ਨੂੰ ਉਚੇਰੀ ਪੜ੍ਹਾਈ ਕਰਨੀ ਪੈਂਦੀ ਸੀ ਪਰ ਭਾਰਤ ਸਰਕਾਰ ਵੱਲੋਂ ਪੰਜਾਬ ਦੇ ਚੰਗੇ ਹਸਪਤਾਲਾਂ ਵਿਚ ਡੀ. ਐੱਨ. ਬੀ. ਕੋਰਸ ਸ਼ੁਰੂ ਕਰ ਕੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਵਿਸ਼ੇਸ਼ ਯੋਜਨਾ ਤਹਿਤ ਕੰਮ ਕੀਤਾ ਗਿਆ। ਪੰਜਾਬ ਦੇ ਚੰਗੇ ਹਸਪਤਾਲਾਂ ਵਿਚ ਅੰਮ੍ਰਿਤਸਰ ਦਾ ਜ਼ਿਲ੍ਹਾ ਪੱਧਰੀ ਹਸਪਤਾਲ ਵੀ ਚੰਗੀ ਕਾਰਗੁਜ਼ਾਰੀ ਕਾਰਨ ਆਪਣਾ ਨਾਮਣਾ ਖੱਟ ਰਿਹਾ ਹੈ। ਸਰਕਾਰ ਵੱਲੋਂ ਹਰ ਸਾਲ ਡੀ. ਐੱਨ. ਬੀ. ਕੋਰਸ ਲਈ 15 ਵਿਦਿਆਰਥੀਆਂ ਨੂੰ ਹਸਪਤਾਲ ਵਿੱਚ ਭੇਜਿਆ ਜਾ ਰਿਹਾ ਹੈ।

ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਦੀ ਘਾਟ ਦੇ ਬਾਵਜੂਦ ਵਿਦਿਆਰਥੀ ਓ. ਪੀ. ਡੀ. ਅਤੇ ਐਮਰਜੈਂਸੀ ਵਿਚ ਜਿੱਥੇ ਦਿਨ-ਰਾਤ ਮਰੀਜ਼ ਨੂੰ ਚੰਗੀਆਂ ਸੇਵਾਵਾਂ ਦੇ ਰਹੇ ਹਨ, ਉਥੇ ਹੀ ਮੈਡੀਕਲ ਅਫਸਰਾਂ ਦੇ ਤਜਰਬੇ ਰਾਹੀਂ ਸਿੱਖਿਆ ਹਾਸਲ ਕਰ ਕੇ ਪੜ੍ਹਾਈ ਕਰ ਰਹੇ ਹਨ। ਭਾਰਤ ਸਰਕਾਰ ਅਨੁਸਾਰ ਡੀ. ਐੱਨ. ਬੀ. ਕੋਰਸ ਕਰਨ ਲਈ ਐੱਮ. ਬੀ. ਬੀ. ਐੱਸ. ਦੀ ਡਿਗਰੀ ਅਤੇ ਇੱਕ ਸਾਲ ਦੀ ਇੰਟਰਸਿਪ ਹੋਣਾ ਲਾਜ਼ਮੀ ਹੈ। ਇਸ ਕੋਰਸ ਵਿੱਚ ਐਡਮਿਸ਼ਨ ਲਈ ਐੱਨ. ਈ. ਟੀ. ਪੀ. ਜੀ. ਅਤੇ ਸੀ. ਈ. ਟੀ. ਦੀ ਪ੍ਰੀਖਿਆ ਪਾਸ ਕਰਨੀ ਹੁੰਦੀ ਹੈ। ਕੋਰਸ ਤਿੰਨ ਸਾਲ ਦਾ ਹੁੰਦਾ ਹੈ ਅਤੇ ਘੱਟ ਤੋਂ ਘੱਟ 50 ਨੰਬਰਾਂ ਦੇ ਨਾਲ ਐੱਮ. ਬੀ. ਬੀ. ਐੱਸ. ਦਾ ਡਿਗਰੀ ਪਾਸ ਕਰਨੀ ਲਾਜ਼ਮੀ ਹੈ। ਇਹ ਕੋਰਸ ਨੈਸ਼ਨਲ ਮੈਡੀਕਲ ਕੌਸਲ ਤੋਂ ਮਾਨਤਾ ਪ੍ਰਾਪਤ ਹੁੰਦਾ ਹੈ।

ਇਹ ਵੀ ਪੜ੍ਹੋ- 3 ਮਹੀਨੇ ਨਹੀਂ ਚੱਲਣਗੀਆਂ ਟਰੇਨਾਂ, ਜਾਣੋ ਵੱਡੀ ਅਪਡੇਟ

ਕੋਰਸ ਤਹਿਤ 30 ਵੱਖ-ਵੱਖ ਤਰ੍ਹਾਂ ਦੀ ਪੜ੍ਹਾਈ ਹੁੰਦੀ ਹੈ, ਜਿਸ ਵਿਚ ਵਿਦਿਆਰਥੀ ਨੂੰ ਕਿਸੇ ਇਕ ਵਿਚ ਤਿੰਨ ਸਾਲ ਵਿਚ ਪੜ੍ਹਾਈ ਕਰ ਕੇ ਤਜਰਬਾ ਲੈਣਾ ਹੁੰਦਾ ਹੈ। ਡੀ. ਐੱਨ. ਬੀ. ਕੋਰਸ ਵਿਚ ਸਪੈਸ਼ਲਿਸਟ ਹੁੰਦੀ ਹੈ ਅਤੇ ਸੁਪਰ ਸਪੈਸ਼ਲਿਸਟ ਹੀ ਦੇ ਲਈ ਡਾਕਟਰ ਇਹ ਕੋਰਸ ਕਰਦੇ ਹਨ। ਹਸਪਤਾਲ ਦੇ ਇੰਚਾਰਜ ਡਾ. ਸਵਰਨਜੀਤ ਧਵਨ ਦੀ ਅਗਵਾਈ ਵਿਚ ਚੱਲਣ ਵਾਲੇ ਇਸ ਹਸਪਤਾਲ ਵਿਚ ਮਰੀਜ਼ਾਂ ਨੂੰ ਬਿਹਤਰੀਨ ਸੇਵਾਵਾਂ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ ਅਤੇ ਨਾਲ ਹੀ ਜਦੋਂ ਦਾ ਡਾ. ਧਵਨ ਵੱਲੋਂ ਹਸਪਤਾਲ ਦੀ ਇੰਚਾਰਜ ਦਾ ਅਹੁਦਾ ਸੰਭਾਲਿਆ ਗਿਆ ਹੈ, ਉਦੋਂ ਤੋਂ ਹੀ ਮਰੀਜ਼ਾਂ ਦੀ ਭਲਾਈ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਹੇਠਲੇ ਪੱਧਰ ਤੱਕ ਮਰੀਜ਼ਾਂ ਨੂੰ ਦਿਵਾਉਣ ਲਈ ਸਮੁੱਚਾ ਸਟਾਫ ਗੰਭੀਰਤਾ ਨਾਲ ਕੰਮ ਕਰਦਾ ਹੋਇਆ ਦਿਖਾਈ ਦਿੰਦਾ ਹੈ।

ਚੰਗੀਆਂ ਸੇਵਾਵਾਂ ਦੇਣ ਦੇ ਬਾਵਜੂਦ ਸਿਹਤ ਵਿਭਾਗ ਦੇ ਡਾਕਟਰਾਂ ਨਾਲ ਮਤਰੇਇਆ ਸਾਲੂਕ

ਪੰਜਾਬ ਦੇ ਸਿਹਤ ਵਿਭਾਗ ਅਧੀਨ ਕੰਮ ਕਰਨੇ ਵਾਲੇ ਮੈਡੀਕਲ ਅਫਸਰਾਂ ਅਤੇ ਹੋਰਨਾਂ ਡਾਕਟਰ ਵਰਗ ਨਾਲ ਮਤਰੇਇਆ ਸਲੂਕ ਹੋ ਰਿਹਾ ਹੈ। ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਡਾਕਟਰਾਂ ਦੀ ਸੇਵਾ ਮੁਕਤੀ ਦੀ ਉਮਰ 62 ਸਾਲ ਨਿਰਧਾਰਿਤ ਕੀਤੀ ਗਈ ਹੈ, ਜਦਕਿ ਸਿਹਤ ਵਿਭਾਗ ਦੇ ਡਾਕਟਰਾਂ ਦੀ ਸੇਵਾ ਮੁਕਤੀ ਦੀ ਉਮਰ 58 ਸਾਲ ਰੱਖੀ ਗਈ ਹੈ।

ਸਰਕਾਰੀ ਮੈਡੀਕਲ ਕਾਲਜਾਂ ਵਿਚ ਮਰੀਜ਼ਾਂ ਦੇ ਇਲਾਜ ਦੇ ਨਾਲ-ਨਾਲ ਮੈਡੀਕਲ ਵਿਸ਼ੇ ਨਾਲ ਸੰਬੰਧਤ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਉਚੇਰੀ ਪੜ੍ਹਾਈ ਕਰਵਾਈ ਜਾਂਦੀ ਹੈ। ਸਿਹਤ ਵਿਭਾਗ ਦੇ ਵਧੇਰੇ ਹਸਪਤਾਲਾਂ ਵਿੱਚ ਵੀ ਮਰੀਜ਼ਾਂ ਦੇ ਇਲਾਜ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ। ਪਹਿਲੀਆਂ ਸਰਕਾਰਾਂ ਵੱਲੋਂ ਸਿਹਤ ਵਿਭਾਗ ਦੇ ਡਾਕਟਰ ਦੀ ਸੇਵਾ ਮੁਕਤੀ ਉਮਰ 60 ਸਾਲ ਕਰਨ ਦੀ ਯੋਜਨਾ ਸੀ ਪਰ ਹੁਣ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਦੋਵਾਂ ਸੰਸਥਾਵਾਂ ਵਿਚ ਕੰਮ ਬਰਾਬਰ ਹੋ ਰਿਹਾ ਹੈ ਤਾਂ 58 ਅਤੇ 62 ਦੀ ਸੇਵਾ ਮੁਕਤੀ ਦਾ ਵਤੀਰਾ ਕਿੱਥੋਂ ਤੱਕ ਠੀਕ ਹੈ।

ਇਹ ਵੀ ਪੜ੍ਹੋ-  ਅੰਮ੍ਰਿਤਸਰ ਤੋਂ ਉੱਡਣ ਵਾਲੀਆਂ ਸਾਰੀਆਂ ਫਲਾਈਟਾਂ ਦਾ ਬਦਲਿਆ ਸਮਾਂ, ਜਾਣੋ ਅਪਡੇਟ

ਵੱਖ-ਵੱਖ ਸੂਬਿਆਂ ਦੇ ਵਿਦਿਆਰਥੀ ਡੀ. ਐੱਨ. ਬੀ. ਤਹਿਤ ਸਿਵਲ ਹਸਪਤਾਲ ’ਚ ਲੈ ਰਹੇ ਨੇ ਸਿੱਖਿਆ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦੇ ਕੁਸ਼ਲ ਪ੍ਰਸ਼ਾਸਕ ਅਤੇ ਇੰਚਾਰਜ ਸੀਨੀਅਰ ਮੈਡੀਕਲ ਅਧਿਕਾਰੀ ਡਾ. ਸਵਰਨਜੀਤ ਧਵਨ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਵੱਖ-ਵੱਖ ਸੂਬਿਆਂ ਨਾਲ ਸੰਬੰਧਤ ਵਿਦਿਆਰਥੀਆਂ ਨੂੰ ਡੀ. ਐੱਨ. ਬੀ. ਕੋਰਸ ਲਈ ਸਿਵਲ ਹਸਪਤਾਲ ਵਿਚ ਭੇਜਿਆ ਗਿਆ ਹੈ। ਹੁਣ ਨਾ ਦੱਸਿਆ ਕਿ ਵਿਦਿਆਰਥੀ ਬੜੇ ਚੰਗੇ ਮਾਹੌਲ ਦੇ ਵਿੱਚ ਸਿੱਖਿਆ ਹਾਸਲ ਕਰਦਿਆਂ ਹੋਇਆਂ ਵਿਦਿਆਰਥੀਆਂ ਦੇ ਇਲਾਜ ਦੇ ਲਈ ਸਹਾਇਕ ਸਾਬਿਤ ਹੋ ਰਹੇ ਹਨ।

ਉਨ੍ਹਾਂ ਦੱਸਿਆ ਕਿ ਹਰ ਸਾਲ 15 ਵਿਦਿਆਰਥੀ ਕੋਰਸ ਵਿੱਚ ਦਾਖਲਾ ਲੈਣ ਲਈ ਆਉਂਦੇ ਹਨ ਅਤੇ ਤਿੰਨ ਸਾਲ ਦੇ ਇਸ ਕੋਰਸ ਵਿਚ ਵਿਦਿਆਰਥੀ ਪੂਰੀ ਲਗਨ ਅਤੇ ਮਿਹਨਤ ਦੇ ਨਾਲ ਮਰੀਜ਼ਾਂ ਦੀ ਸੇਵਾ ਭਾਵਨਾ ਨਾਲ ਇਲਾਜ ਕਰਦੇ ਹਨ। ਉਨਾਂ ਦੱਸਿਆ ਕਿ ਹਸਪਤਾਲ ਦੇ ਮੈਡੀਕਲ ਅਫਸਰ ਵੀ ਪੂਰੀ ਲਗਨ ਦੇ ਨਾਲ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ ਅਤੇ ਨਾਲ ਹੀ ਆਪਣਾ ਲੰਬੇ ਸਮੇਂ ਦਾ ਤਜਰਬਾ ਵੀ ਉਨ੍ਹਾਂ ਦੇ ਨਾਲ ਸਾਂਝਾ ਕਰਦੇ ਹਨ।

ਵੱਖ-ਵੱਖ ਵਿਭਾਗਾਂ ਵਿਚ ਕੀਤੀ ਗਈ ਹੈ ਵਿਦਿਆਰਥੀਆਂ ਦੀ ਵੰਡ

ਡਾ. ਸਵਰਨਜੀਤ ਧਵਨ ਨੇ ਦੱਸਿਆ ਕਿ ਡੀ. ਐੱਨ. ਬੀ. ਕੋਰਸ ਦੇ ਤਹਿਤ ਸਤ ਵਿਦਿਆਰਥੀਆਂ ਨੂੰ ਬੱਚਾ ਵਿਭਾਗ ਚਾਰ ਵਿਦਿਆਰਥੀਆਂ ਨੂੰ ਗਾਇਨੀ ਅਤੇ ਚਾਰ ਵਿਦਿਆਰਥੀਆਂ ਨੂੰ ਐੱਨ. ਐੱਸ. ਸੀ. ਸੀਆ ਵਿਚ ਸੀਟ ਮਿਲੀ ਹੈ। ਵਿਦਿਆਰਥੀ ਆਪਣੇ-ਆਪਣੇ ਵਿਭਾਗਾਂ ਵਿੱਚ ਆਪਣੇ ਸੀਨੀਅਰ ਦੀ ਅਗਵਾਈ ਵਿੱਚ ਕੰਮ ਕਰ ਰਹੇ ਹਨ ਅਤੇ ਸਮੇਂ-ਸਮੇਂ ਤੇ ਉਹ ਵੀ ਵਿਦਿਆਰਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਰ੍ਹਾਂ ਨਾਲ ਯਤਨਸ਼ੀਲ ਰਹਿੰਦੇ ਹਨ।

ਉਨ੍ਹਾਂ ਦੱਸਿਆ ਕਿ ਪਹਿਲਾਂ ਸਿਵਲ ਹਸਪਤਾਲ ਮਰੀਜ਼ਾਂ ਦਾ ਇਲਾਜ ਕਰਨ ਦਾ ਕੇਂਦਰ ਸੀ ਪਰ ਹੁਣ ਇਹ ਸਿੱਖਿਆ ਸੰਸਥਾਨ ਵੀ ਬਣ ਗਿਆ ਹੈ ਅਤੇ ਚੰਗੀਆਂ ਸੇਵਾਵਾਂ ਕਰਨ ਪੂਰੇ ਸੂਬੇ ਵਿੱਚ ਆਉਂਦਾ ਹੈ। ਉਨਾਂ ਦੱਸਿਆ ਕਿ 200 ਬੈੱਡ ਦੇ ਇਸ ਹਸਪਤਾਲ ਵਿਚ ਰੋਜ਼ਾਨਾਂ ਓ. ਪੀ. ਡੀ. ਵਿਚ 1000 ਤੋਂ ਵਧੇਰੇ ਮਰੀਜ਼ ਇਲਾਜ ਲਈ ਆਉਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News