ਵਾਇਰਲ ਬੁਖਾਰ ਨੇ ਵਧਾਈ ਪੰਜਾਬੀਆਂ ਦੀ ਚਿੰਤਾ! ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਇਜ਼ਰੀ
Sunday, Jul 26, 2026 - 02:39 PM (IST)
ਗੁਰਦਾਸਪੁਰ(ਵਿਨੋਦ)- ਮਾਨਸੂਨ ਦੇ ਮੌਸਮ ਦੇ ਨਾਲ-ਨਾਲ ਗੁਰਦਾਸਪੁਰ ’ਚ ਡੇਂਗੂ ਅਤੇ ਵਾਇਰਲ ਬੁਖਾਰ ਦਾ ਖ਼ਤਰਾ ਤੇਜ਼ੀ ਨਾਲ ਵੱਧਣ ਲੱਗਾ ਹੈ। ਸ਼ਹਿਰ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ, ਕਲੀਨਿਕਾਂ ਅਤੇ ਸਿਹਤ ਕੇਂਦਰਾਂ ’ਚ ਪਿਛਲੇ ਕੁਝ ਦਿਨਾਂ ਤੋਂ ਤੇਜ਼ ਬੁਖਾਰ, ਖੰਘ, ਜ਼ੁਕਾਮ, ਗਲੇ ਦੀ ਇਨਫੈਕਸ਼ਨ, ਸਰੀਰ ’ਚ ਦਰਦ, ਸਿਰ ਦਰਦ ਅਤੇ ਕਮਜ਼ੋਰੀ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬਦਲਾਅ ਹੁੰਦੇ ਮੌਸਮ, ਵਧਦੀ ਨਮੀ ਅਤੇ ਥਾਂ-ਥਾਂ ਜਮ੍ਹਾ ਹੋਏ ਪਾਣੀ ਕਾਰਨ ਵਾਇਰਲ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ, ਜਦਕਿ ਡੇਂਗੂ ਫੈਲਾਉਣ ਵਾਲੇ ਐਡੀਜ਼ ਮੱਛਰ ਦੇ ਪੈਦਾ ਹੋਣ ਲਈ ਵੀ ਅਨੁਕੂਲ ਹਾਲਾਤ ਬਣ ਗਏ ਹਨ।ਭਾਵੇ ਜ਼ਿਲਾ ਗੁਰਦਾਸਪੁਰ ਦੇ ਸਿਵਲ ਹਸਪਤਾਲ’ਚ ਅਜੇ ਤੱਕ ਕੋਈ ਵੀ ਡੇਂਗੂ ਦਾ ਮਰੀਜ਼ ਨਹੀਂ ਆਇਆ, ਪਰ ਉਸ ਦੇ ਬਾਵਜੂਦ ਸਿਹਤ ਵਿਭਾਗ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਹਨ। ਇਸ ਦੇ ਲਈ ਇਕ ਵੱਖਰਾ ਕਮਰਾ ਵੀ ਤਿਆਰ ਕੀਤਾ ਗਿਆ ਹੈ। ਪਰ ਓ.ਪੀ.ਡੀ ਵਿਚ ਕਈ ਮਰੀਜ਼ ਵਾਇਰਲ ਬੁਖਾਰ ਦੇ ਜ਼ਰੂਰ ਆ ਰਹੇ ਹਨ।
ਇਹ ਵੀ ਪੜ੍ਹੋ- ਡਾਕ ਵਿਭਾਗ ਦਾ ਵੱਡਾ ਫੈਸਲਾ: ਭੈਣਾਂ ਦੀ ਸਹੂਲਤ ਲਈ ਕੀਤੇ ਖਾਸ ਪ੍ਰਬੰਧ
ਘਰ-ਘਰ ਜਾ ਕੇ ਲਾਰਵੇ ਦੀ ਜਾਂਚ ਸ਼ੁਰੂ
ਸਿਹਤ ਵਿਭਾਗ ਨੇ ਪੂਰੇ ਜ਼ਿਲਾ ’ਚ ਐਂਟੀ-ਡੇਂਗੂ ਮੁਹਿੰਮ ਤੇਜ਼ ਕਰ ਦਿੱਤੀ ਹੈ। ਵਿਭਾਗ ਦੀਆਂ ਟੀਮਾਂ ਵੱਖ-ਵੱਖ ਇਲਾਕਿਆਂ ’ਚ ਘਰ-ਘਰ ਜਾ ਕੇ ਲਾਰਵੇ ਦੀ ਜਾਂਚ ਕਰ ਰਹੀਆਂ ਹਨ। ਇਸ ਤੋਂ ਇਲਾਵਾ ਫੌਗਿੰਗ, ਜਾਗਰੂਕਤਾ ਮੁਹਿੰਮ ਅਤੇ ਸਾਫ਼-ਸਫ਼ਾਈ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ, ਦੁਕਾਨਾਂ ਅਤੇ ਆਲੇ-ਦੁਆਲੇ ਕਿਸੇ ਵੀ ਥਾਂ ’ਚ ਪਾਣੀ ਜਮ੍ਹਾ ਨਾ ਹੋਣ ਦੇਣ। ਕੂਲਰਾਂ, ਗਮਲਿਆਂ, ਪੁਰਾਣੇ ਟਾਇਰਾਂ, ਛੱਤ ’ਤੇ ਰੱਖੇ ਬਰਤਨਾਂ ਅਤੇ ਪਾਣੀ ਦੀਆਂ ਟੈਂਕੀਆਂ ਦੀ ਨਿਯਮਤ ਸਫ਼ਾਈ ਕਰਨ, ਕਿਉਂਕਿ ਇਨ੍ਹਾਂ ਹੀ ਥਾਵਾਂ ’ਤੇ ਡੇਂਗੂ ਫੈਲਾਉਣ ਵਾਲੇ ਮੱਛਰ ਸਭ ਤੋਂ ਵੱਧ ਪੈਦਾ ਹੋਣ ਦਾ ਖਦਸ਼ਾ ਰਹਿੰਦਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਸੱਪਾਂ ਦਾ ਕਹਿਰ: 55 ਮਰੀਜ਼ ਹਸਪਤਾਲ ਦੀ ਐਮਰਜੈਂਸੀ 'ਚ ਦਾਖ਼ਲ, ਬਣਿਆ ਡਰ ਦਾ ਮਾਹੌਲ
ਤੇਜ਼ ਬੁਖਾਰ ਨੂੰ ਨਜ਼ਰਅੰਦਾਜ਼ ਕਰਨਾ ਖਤਰਨਾਕ
ਸ਼ਹਿਰ ਦੇ ਮਾਹਿਰ ਡਾਕਟਰਾਂ ਅਨੁਸਾਰ ਇਨੀਂ ਦਿਨੀਂ ਵੱਡੀ ਗਿਣਤੀ ’ਚ ਮਰੀਜ਼ ਤੇਜ਼ ਬੁਖਾਰ, ਖੰਘ, ਗਲੇ ’ਚ ਦਰਦ, ਸਰੀਰ ਦਰਦ ਅਤੇ ਬਹੁਤ ਜ਼ਿਆਦਾ ਕਮਜ਼ੋਰੀ ਦੀ ਸ਼ਿਕਾਇਤ ਲੈ ਕੇ ਹਸਪਤਾਲ ਪਹੁੰਚ ਰਹੇ ਹਨ। ਕਈ ਮਰੀਜ਼ਾਂ ’ਚ ਡੇਂਗੂ ਵਰਗੇ ਲੱਛਣ ਵੀ ਵਿਖਾਈ ਦੇ ਰਹੇ ਹਨ, ਜਿਸ ਕਾਰਨ ਉਨ੍ਹਾਂ ਦੇ ਖ਼ੂਨ ਟੈਸਟ ਅਤੇ ਪਲੇਟਲੈਟਸ ਦੀ ਜਾਂਚ ਕਰਵਾਈ ਜਾ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸਾਰੇ ਬੁਖਾਰ ਡੇਂਗੂ ਨਹੀਂ ਹੁੰਦੇ ਪਰ ਕਿਸੇ ਵੀ ਤਰ੍ਹਾਂ ਦੇ ਤੇਜ਼ ਬੁਖਾਰ ਨੂੰ ਨਜ਼ਰਅੰਦਾਜ਼ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ। ਸਮੇਂ ਸਿਰ ਜਾਂਚ ਅਤੇ ਸਹੀ ਇਲਾਜ ਨਾਲ ਗੰਭੀਰ ਸਥਿਤੀ ਤੋਂ ਬਚਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ: ਸਿੱਖਿਆ ਵਿਭਾਗ ਦਾ ਵੱਡਾ ਧਮਾਕਾ, ਲੱਖਾਂ ਦੇ ਘਪਲੇ ’ਚ BPEO ਸਮੇਤ 4 ਖ਼ਿਲਾਫ਼ ਕਾਰਵਾਈ
ਡੇਂਗੂ ਦੇ ਮੁੱਖ ਲੱਛਣ ਅਤੇ ਬਚਾਅ
ਡੇਂਗੂ ਦੇ ਲੱਛਣਾਂ ’ਚ ਤੇਜ਼ ਬੁਖਾਰ, ਸਿਰਦਰਦ, ਅੱਖਾਂ ਦੇ ਪਿੱਛੇ ਦਰਦ, ਜੋੜਾਂ ਅਤੇ ਮਾਸਪੇਸ਼ੀਆਂ ’ਚ ਤੇਜ਼ ਦਰਦ, ਚਮੜੀ ’ਤੇ ਲਾਲ ਧੱਫੜ, ਉਲਟੀ ਅਤੇ ਪਲੇਟਲੈਟਸ ’ਚ ਕਮੀ ਸ਼ਾਮਲ ਹੋ ਸਕਦੀ ਹੈ। ਜੇਕਰ ਮਰੀਜ਼ ਨੂੰ ਸਾਹ ਲੈਣ ’ਚ ਤਕਲੀਫ਼, ਲਗਾਤਾਰ ਉਲਟੀ, ਨੱਕ ਜਾਂ ਮਸੂੜਿਆਂ ਵਿਚੋਂ ਖ਼ੂਨ ਆਉਣਾ ਜਾਂ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੋਵੇ ਤਾਂ ਤੁਰੰਤ ਹਸਪਤਾਲ ’ਚ ਦਾਖਲ ਕਰਵਾਉਣਾ ਚਾਹੀਦਾ ਹੈ। ਇਸ ਤਰ੍ਹਾਂ ਡੇਂਗੂ ਦੇ ਡੰਗ ਤੋਂ ਬਚਣ ਲਈ ਘਰ ’ਚ ਰੱਖੇ ਪਾਣੀ ਦੇ ਸਾਰੇ ਬਰਤਨਾਂ, ਕੂਲਰਾਂ ਅਤੇ ਟੈਂਕੀਆਂ ਨੂੰ ਪੂਰੀ ਤਰ੍ਹਾਂ ਖਾਲੀ ਕਰ ਕੇ ਸਾਫ਼ ਕੀਤਾ ਜਾਵੇ ਤਾਂ ਜੋ ਮੱਛਰਾਂ ਦੇ ਲਾਰਵੇ ਨੂੰ ਨਸ਼ਟ ਕੀਤਾ ਜਾ ਸਕੇ। ਇਸ ਦੇ ਨਾਲ ਹੀ ਪੂਰੀਆਂ ਬਾਂਹਾਂ ਦੇ ਕੱਪੜੇ ਪਹਿਨਣ, ਮੱਛਰਦਾਨੀ ਦੀ ਵਰਤੋਂ ਕਰਨ ਅਤੇ ਬੱਚਿਆਂ ਨੂੰ ਮੱਛਰਾਂ ਤੋਂ ਬਚਾਉਣ ਦੀ ਸਲਾਹ ਕੀਤੀ ਗਈ ਹੈ। ਵਾਇਰਲ ਬੁਖਾਰ ਜਾਂ ਡੇਂਗੂ ਦਾ ਖਦਸ਼ਾ ਹੋਣ ’ਤੇ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਦਵਾਈ ਨਹੀਂ ਲੈਣੀ ਚਾਹੀਦੀ। ਵਿਸ਼ੇਸ਼ ਤੌਰ ’ਤੇ ਦਰਦ ਨਿਵਾਰਕ ਦਵਾਈਆਂ ਦਾ ਸੇਵਨ ਡਾਕਟਰੀ ਸਲਾਹ ਤੋਂ ਬਾਅਦ ਹੀ ਕਰੋ। ਮਰੀਜ਼ਾਂ ਨੂੰ ਲੋੜੀਂਦੀ ਮਾਤਰਾ ’ਚ ਪਾਣੀ, ਨਾਰੀਅਲ ਪਾਣੀ, ਓ. ਆਰ. ਐੱਸ, ਤਾਜ਼ੇ ਫਲਾਂ ਦਾ ਰਸ ਅਤੇ ਹੋਰ ਤਰਲ ਪਦਾਰਥ ਲੈਣ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਜੋ ਸਰੀਰ ’ਚ ਪਾਣੀ ਦੀ ਕਮੀ ਨਾ ਹੋਵੇ।
ਇਹ ਵੀ ਪੜ੍ਹੋ- ਪੰਜਾਬ 'ਚ 19 ਜ਼ਿਲ੍ਹੇ DARK ZONE 'ਚ, ਪੜ੍ਹੋ ਹੈਰਾਨ ਕਰ ਦੇਣ ਵਾਲੀ ਖ਼ਬਰ
ਨਾਗਰਿਕਾਂ ਦੇ ਸਹਿਯੋਗ ਦੀ ਲੋੜ
ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਫ਼-ਸਫ਼ਾਈ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਅਤੇ ਜੇਕਰ ਘਰ ਜਾਂ ਆਲੇ-ਦੁਆਲੇ ਕਿਤੇ ਪਾਣੀ ਜਮ੍ਹਾ ਹੋ ਰਹੀ ਹੈ ਤਾਂ ਉਸ ਦੀ ਤੁਰੰਤ ਸਫ਼ਾਈ ਕਰਨ। ਵਿਭਾਗ ਦਾ ਕਹਿਣਾ ਹੈ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਡੇਂਗੂ ਅਤੇ ਵਾਇਰਲ ਬੁਖਾਰ ’ਤੇ ਪ੍ਰਭਾਵਸ਼ਾਲੀ ਕਾਬੂ ਪਾਉਣਾ ਸੰਭਵ ਨਹੀਂ ਹੈ। ਜੇਕਰ ਹਰ ਨਾਗਰਿਕ ਚੌਕਸੀ ਵਰਤੇ ਅਤੇ ਸਮੇਂ ਸਿਰ ਜਾਂਚ ਕਰਵਾਏ ਤਾਂ ਇਨ੍ਹਾਂ ਬੀਮਾਰੀਆਂ ਦੇ ਵੱਧਦੇ ਖਤਰੇ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ।
ਕੀ ਕਹਿਣਾ ਹੈ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ
ਇਸ ਸਬੰਧੀ ਜਦ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸਮੇਂ ਸਿਵਲ ਹਸਪਤਾਲ ਵਿਚ ਡੇਂਗੂ ਦਾ ਕੋਈ ਵੀ ਮਰੀਜ਼ ਨਹੀਂ ਆਇਆ ਹੈ, ਪਰ ਸਾਡੇ ਵੱਲੋਂ ਇਸ ਸਬੰਧੀ ਪ੍ਰਬੰਧ ਪੂਰੇ ਕੀਤੇ ਗਏ ਹਨ। ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰ ਰਹੀਆਂ ਹਨ ਅਤੇ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਸਮੇਤ ਕੂਲਰਾਂ, ਗਮਲਿਆਂ ’ਚ ਪਾਣੀ ਨਾ ਰੱਖਣ ਸਬੰਧੀ ਹਦਾਇਤਾਂ ਜਾਰੀ ਰਹੀ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
