ਨਸ਼ੇ ''ਚ ਟੱਲੀ ਨੌਜਵਾਨਾਂ ਨੇ ਟੈਕਸੀ ਚਾਲਕ ''ਤੇ ਚਲਾਈਆਂ ਗੋਲੀਆਂ

Friday, Dec 27, 2019 - 12:57 AM (IST)

ਨਸ਼ੇ ''ਚ ਟੱਲੀ ਨੌਜਵਾਨਾਂ ਨੇ ਟੈਕਸੀ ਚਾਲਕ ''ਤੇ ਚਲਾਈਆਂ ਗੋਲੀਆਂ

ਅੰਮ੍ਰਿਤਸਰ, (ਜ. ਬ.)— ਹਾਲ ਗੇਟ ਤੋਂ ਲੋਹਗੜ੍ਹ ਵੱਲ ਜਾ ਰਹੇ ਨੌਜਵਾਨ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ 'ਤੇ ਗੋਲੀਆਂ ਚਲਾ ਕੇ ਜ਼ਖਮੀ ਕਰਨ ਦੇ ਮਾਮਲੇ 'ਚ ਥਾਣਾ ਕੋਤਵਾਲੀ ਦੀ ਪੁਲਸ ਨੇ 5 ਅਣਪਛਾਤੇ ਨੌਜਵਾਨਾਂ ਵਿਰੁੱਧ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਹੈ। ਫਿਲਹਾਲ ਕੋਈ ਵੀ ਮੁਲਜ਼ਮ ਗ੍ਰਿਫਤਾਰ ਨਹੀਂ ਹੋ ਸਕਿਆ, ਜਦਕਿ ਪੁਲਸ ਗੱਡੀ ਦੇ ਨੰਬਰ ਤੋਂ ਹਮਲਾਵਰਾਂ ਨੂੰ ਟ੍ਰੇਸ ਕਰ ਰਹੀ ਹੈ।

ਇਹ ਸੀ ਮਾਮਲਾ
ਇਸਲਾਮਾਬਾਦ ਸਥਿਤ ਛੋਟਾ ਹਰੀਪੁਰਾ ਵਾਸੀ ਗੌਰਵ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਟੈਕਸੀ ਚਾਲਕ ਹੈ, ਬੀਤੀ ਰਾਤ 10.30 ਵਜੇ ਦੇ ਕਰੀਬ ਉਹ ਆਪਣੇ ਦੋਸਤ ਰਾਹੁਲ ਕੁਮਾਰ ਨਾਲ ਸਵਿਫਟ ਕਾਰ 'ਚ ਆਪਣੇ ਘਰ ਜਾ ਰਿਹਾ ਸੀ ਕਿ ਸਾਹਮਣੇ ਤੋਂ ਸਫੈਦ ਰੰਗ ਦੀ ਬ੍ਰੇਜ਼ਾ ਕਾਰ ਉਨ੍ਹਾਂ ਦੇ ਅੱਗੇ ਆ ਕੇ ਰੁਕੀ, ਜਦੋਂ ਉਸ ਨੇ ਉਨ੍ਹਾਂ ਨੂੰ ਹਟਣ ਲਈ ਕਿਹਾ ਤਾਂ ਉਸ 'ਚ ਸਵਾਰ 4-5 ਅਣਪਛਾਤੇ ਨੌਜਵਾਨਾਂ 'ਚੋਂ 3 ਬਾਹਰ ਨਿਕਲੇ, ਤਦ ਤੱਕ ਉਹ ਵੀ ਗੱਡੀ 'ਚੋਂ ਬਾਹਰ ਆ ਗਿਆ ਸੀ। ਉਨ੍ਹਾਂ 'ਚੋਂ ਇਕ ਨੇ ਆਪਣੀ ਡਬ 'ਚੋਂ ਰਿਵਾਲਵਰ ਕੱਢਿਆ ਅਤੇ ਮਾਰ ਦੇਣ ਦੀ ਨੀਅਤ ਨਾਲ ਉਸ 'ਤੇ ਗੋਲੀਆਂ ਦਾਗ ਦਿੱਤੀਆਂ। ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਕੇ ਖੂਨ ਨਾਲ ਲੱਥਪਥ ਸੜਕ 'ਤੇ ਡਿੱਗ ਗਿਆ, ਜਦੋਂ ਤੱਕ ਲੋਕ ਇਕੱਠੇ ਹੁੰਦੇ, ਹਮਲਾਵਰ ਗੱਡੀ 'ਚ ਸਵਾਰ ਹੋ ਕੇ ਮੌਕੇ ਤੋਂ ਭੱਜ ਗਏ। ਇਸ ਤੋਂ ਬਾਅਦ ਉਸ ਦੇ ਦੋਸਤ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਅਤੇ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ।
ਇਸ ਸਬੰਧੀ ਥਾਣਾ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਮੱਲ੍ਹੀ ਨੇ ਕਿਹਾ ਕਿ ਹਮਲਾਵਰਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ, ਮੁਲਜ਼ਮਾਂ ਦੀ ਪਛਾਣ ਲਈ ਸੀ. ਸੀ. ਟੀ. ਵੀ. ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਮੁਲਜ਼ਮਾਂ ਦੀ ਗੱਡੀ ਦਾ ਨੰਬਰ ਮਿਲਣ ਨਾਲ ਵੀ ਉਨ੍ਹਾਂ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ।


author

KamalJeet Singh

Content Editor

Related News