ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ

04/22/2019 7:15:39 PM

ਤਰਨਤਾਰਨ,(ਵਿਜੇ) : ਚੋਣ ਕਮਿਸ਼ਨ ਡੀ. ਸੀ. ਤਰਨਤਾਰਨ ਵਲੋਂ ਨਸ਼ੇ ਵਿਰੁੱਧ ਵਰਤੀ ਜਾ ਰਹੀ ਸਖਤਾਈ ਦੇ ਬਾਵਜੂਦ ਪਿੰਡ ਵੀਰਮ ਦੀ ਥਾਣਾ ਖਾਲੜਾ ਅੰਦਰ ਆਉਂਦੀ ਹਦੂਦ ਦੇ ਇਕ ਘਰ 'ਚ ਉਸ ਵਕਤ ਦੁੱਖਾਂ ਦਾ ਪਹਾੜ ਟੁੱਟ ਗਿਆ। ਜਦ ਭਰ ਜਵਾਨੀ 'ਚ ਨਸ਼ੇ ਦੇ ਟੀਕੇ ਨੇ ਘਰ ਦਾ ਚਿਰਾਗ ਬੁਝਾ ਦਿੱਤਾ ਜਾਣਕਾਰੀ ਮੁਤਾਬਕ ਪਿੰਡ ਵੀਰਮ ਦੇ ਮੋਹਤਬਰ ਜਸਵਿੰਦਰ ਸਿੰਘ ਤੇ ਇਕਬਾਲ ਸਿੰਘ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਜੋ ਕਿ ਅੱਜ ਸਵੇਰੇ ਘਰੋਂ ਕਿਸੇ ਕੰਮ ਗਿਆ ਸੀ ਪਰ ਬਾਅਦ 'ਚ ਪਰਿਵਾਰ ਨੂੰ ਕਰੀਬ 10 ਵੱਜ ਕੇ 30 ਮਿੰਟ 'ਤੇ ਕਿਸੇ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਪਿੰਡ ਪਹੂਵਿੰਡ ਦੇ ਸਰਪੰਚ ਰਾਜ ਸਿੰਘ ਦੀ ਬੰਬੀ 'ਤੇ ਨਸ਼ੇ ਦਾ ਟੀਕਾ ਲਗਾਉਣ ਕਾਰਨ ਮਰਿਆ ਪਿਆ ਹੈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਜਾ ਕੇ ਵੇਖਿਆ ਤਾਂ ਘਟਨਾ ਵਾਲੀ ਥਾਂ 'ਤੇ ਚਾਰੇ ਪਾਸੇ ਸਰਿੰਜਾਂ ਖਿਲਰੀਆਂ ਹੋਈਆਂ ਸਨ ਤੇ ਕੋਲ ਹੀ ਲਵਪ੍ਰੀਤ ਸਿੰਘ ਦੀ ਲਾਸ਼ ਪਈ ਹੋਈ ਸੀ ਤੇ ਲਾਸ਼ ਨੂੰ ਘਰ ਲਿਜਾਇਆ ਗਿਆ। 

ਉਕਤ ਮੋਹਤਬਰਾਂ ਨੇ ਸਰਕਾਰ ਉਪਰ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਨਸ਼ੇ ਨੂੰ ਠੱਲ੍ਹ ਪਾਉਣ 'ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ, ਜਿਸ ਦੀ ਮਿਸਾਲ ਉਕਤ ਨੌਜਵਾਨ ਦੀ ਨਸ਼ੇ ਦੇ ਟੀਕੇ ਕਾਰਨ ਹੋਈ ਮੌਤ ਤੋਂ ਸਪੱਸ਼ਟ ਮਿਲਦੀ ਹੈ। ਉਨ੍ਹਾਂ ਚੋਣ ਕਮਿਸ਼ਨ ਤੇ ਡੀ. ਸੀ. ਤਰਨਤਾਰਨ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਨਸ਼ੇ ਨੂੰ ਠੱਲ੍ਹ ਪਾਉਣ ਲਈ ਸਖਤ ਕਦਮ ਉਠਾਏ ਜਾਣ ਤਾਂ ਜੋ ਕਿਸੇ ਹੋਰ ਘਰ ਦਾ ਚਿਰਾਗ ਨਾ ਬੁਝ ਸਕੇ। ਮੌਕੇ 'ਤੇ ਥਾਣਾ ਖਾਲੜਾ ਮੁਖੀ ਪਰਮਜੀਤ ਸਿੰਘ,  ਏ. ਐਸ. ਆਈ. ਦਲਜੀਤ ਸਿੰਘ , ਐਡੀਸ਼ਨਲ ਐਸ. ਐਚ. ਓ. ਅਮਰਜੀਤ ਕੁਮਾਰ ਆਦਿ ਮੁਲਾਜ਼ਮ ਹਾਜ਼ਰ ਸਨ। ਦੂਜੇ ਪਾਸੇ ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਅਡੀਸ਼ਨਲ ਐਸ. ਐਚ. ਓ ਅਮਰਜੀਤ ਕੁਮਾਰ ਦਾ ਕਹਿਣਾ ਹੈ ਕਿ ਲੜਕੇ ਦੇ ਪਿਤਾ ਗੁਰਦੇਵ ਸਿੰਘ ਨੇ ਬਿਆਨ ਦਿੱਤਾ ਕਿ ਉਨ੍ਹਾਂ ਦਾ ਲੜਕਾ ਲਵਪ੍ਰੀਤ ਸਿੰਘ ਨਸ਼ੇ ਦਾ ਆਦੀ ਸੀ ਪਰ ਹੁਣ ਉਸ ਨੇ ਨਸ਼ੇ ਦੀ ਲੱਥ ਛੱਡ ਦਿੱਤੀ ਸੀ ਜਿਸ ਕਾਰਨ ਉਹ ਕਮਜ਼ੋਰ ਹੋ ਗਿਆ ਸੀ ਤਾਂ ਪਿੰਡ ਆਉਂਦਿਆਂ ਉਸ ਨੂੰ ਘਬਰਾਹਟ ਹੋਈ ਤਾਂ ਰਸਤੇ 'ਚ ਭੱਠੇ ਵਾਲਿਆਂ ਦੀ ਬੰਬੀ 'ਤੇ ਪਾਣੀ ਪੀਣ ਗਿਆ ਤਾਂ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਇਸ ਲਈ ਉਹ ਕੋਈ ਵੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ।
 


Related News