ਦੀਨਾਨਗਰ ’ਚ ਵੀ ਪੁਲਸ ਨੇ ਵਧਾਈ ਚੌਕਸੀ

Monday, Nov 19, 2018 - 12:31 AM (IST)

 ਦੀਨਾਨਗਰ,  (ਕਪੂਰ)-  ਜਾਕਿਰ ਮੂਸਾ ਦਾ ਕੁੱਝ ਹੋਰਨਾਂ ਅੱਤਵਾਦੀਆਂ ਨਾਲ ਪੰਜਾਬ ’ਚ ਪ੍ਰਵੇਸ਼ ਕਰਨ ਤੇ ਪਠਾਨਕੋਟ ਦੇ ਨੇਡ਼ੇ ਇਨੋਵਾ ਗੱਡੀ ਖੋਹਣ ਦੇ ਬਾਅਦ ਸਰਕਾਰ ਵੱਲੋਂ ਹਾਈ ਅਲਰਟ ਜਾਰੀ ਕੀਤੇ ਜਾਣ ਦੇ ਬਾਅਦ ਸੁਰੱਖਿਆ ਲਈ ਪੰਜਾਬ ਪੁਲਸ ਵੱਲੋਂ ਕਾਫੀ ਚੌਕਸੀ ਵਰਤੀ ਜਾ ਰਹੀ ਸੀ ਤੇ ਅੱਜ ਅੰਮ੍ਰਿਤਸਰ ਦੇ ਰਾਜਾਸਾਂਸੀ ਨਿਰੰਕਾਰੀ ਭਵਨ ਵਿਖੇ ਬੰਬ ਸੁੱਟਣ ਦੀ ਘਟਨਾ ਦੇ ਬਾਅਦ ਦੀਨਾਨਗਰ ਵਿਖੇ ਪੁਲਸ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ ਤੇ ਸ਼ਹਿਰ ਵਿਖੇ ਲਗਾਏ ਗਏ ਵੱਖ-ਵੱਖ ਨਾਕਿਆਂ ਦੀ ਬਡ਼ੀ ਗੰਭੀਰਤਾ ਨਾਲ ਜਾਂਚ ਕੀਤੀ ਗਈ ਹੈ।  ਦੀਨਾਨਗਰ ਜੋਕਿ ਸਰਹੱਦੀ ਕਸਬਾ ਹੋਣ ਦੇ ਕਾਰਨ ਤੇ ਤਿੰਨ ਸਾਲ ਪਹਿਲਾਂ ਦੀਨਾਨਗਰ ਥਾਣਾ ਤੇ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਹਮਲਾ ਕੀਤੇ ਜਾਣ ਦੇ ਬਾਅਦ ਇਹ ਕਾਫੀ ਸੰਵੇਦਨਸ਼ੀਲ ਹਲਕਾ ਸਮਝਿਆ ਜਾਂਦਾ ਹੈ ਤੇ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲਗਦੇ ਥਾਣਾ ਦੀਨਾਨਗਰ, ਬਹਿਰਾਮਪੁਰ ਤੇ ਦੌਰਾਂਗਲਾ ਵਿਖੇ ਵੀ ਪੁਲਸ ਵੱਲੋਂ ਚੌਕਸੀ ਵਧਾਈ ਗਈ ਹੈ। ਥਾਣਾ  ਮੁਖੀ ਬਲਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਜੰਮੂ ਕਸ਼ਮੀਰ ਡਿਸਟਰਬ ਸਟੇਟ ਹੈ। ਉਸ ਕਾਰਨ ਸਰਕਾਰ ਦੇ ਨਿਰਦੇਸ਼ਾਂ ’ਤੇ ਪਹਿਲਾਂ ਹੀ ਪੁਲਸ ਵੱਲੋਂ ਚੌਕਸੀ ਵਧਾ ਦਿੱਤੀ ਗਈ ਸੀ ਤੇ ਦੀਨਾਨਗਰ ਜੋਕਿ ਸਰਹੱਦੀ ਹਲਕਾ ਹੈ ਤੇ ਅੱਜ ਅੰਮ੍ਰਿਤਸਰ ਦੀ ਅੱਤਵਾਦੀ ਘਟਨਾ ਦੇ ਬਾਅਦ ਦੀਨਾਨਗਰ ਹਲਕੇ ਵਿਖੇ ਪੈਂਦੇ ਸਾਰੇ ਨਾਕਿਆਂ ’ਤੇ ਸਰਕਾਰੀ ਨਿਰਦੇਸ਼ਾਂ ਅਨੁਸਾਰ ਚੈਕਿੰਗ ਕੀਤੀ ਗਈ ਹੈ ਤੇ ਪੁਲਸ ਇਸ ਬਾਰੇ ਪੂਰੀ ਤਰ੍ਹਾਂ ਮੁਸਤੈਦ ਹੈ ਤੇ ਆਉਂਦੇ-ਜਾਂਦੇ ਵਾਹਨਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ।


Related News