ਅਦਾਲਤ ਦੇ ਹੁਕਮਾਂ ਦੀਆਂ ਉੱਡ ਰਹੀਆਂ ਧੱਜੀਆਂ, ਹਾਈਵੇ ’ਤੇ ਮੌਤ ਬਣ ਦੌੜ ਰਹੇ ਪੀਟਰ ਰੇਹੜੇ ਅਤੇ ਜੁਗਾੜੂ ਵਾਹਨ

Monday, Jun 26, 2023 - 11:45 AM (IST)

ਤਰਨ ਤਾਰਨ (ਰਮਨ)- ਮਾਨਯੋਗ ਹਾਈਕੋਰਟ ਵਲੋਂ ਦਿੱਤੇ ਗਏ ਸਖ਼ਤ ਹੁਕਮਾਂ ਦੇ ਬਾਵਜੂਦ ਜ਼ਿਲ੍ਹੇ ਅੰਦਰ ਜਿੱਥੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਵਿਚ ਪੀਟਰ ਰੇਹੜੇ ਦੌੜਦੇ ਵੇਖੇ ਜਾ ਸਕਦੇ ਹਨ, ਉੱਥੇ ਜੁਗਾੜੂ ਵਾਹਨ ਨੈਸ਼ਨਲ ਹਾਈਵੇ 'ਤੇ ਸਵਾਰੀਆਂ ਅਤੇ ਸਾਮਾਨ ਦੀ ਢੋਆ-ਢੁਆਈ ਕਰ ਧੱਜੀਆਂ ਉਡਾਉਂਦੇ ਵੇਖੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਬੀਤੇ ਸਮੇਂ ਦੌਰਾਨ ਜੁਗਾੜੂ ਵਾਹਨਾਂ ਨੂੰ ਵੱਡਾ ਹਾਦਸਾ ਹੋਣ ਤੋਂ ਪਹਿਲਾਂ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਵਲੋਂ ਪ੍ਰਸ਼ਾਸਨ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਸਬੰਧਿਤ ਵਿਭਾਗ ਵਲੋਂ ਠੋਸ ਕਾਰਵਾਈ ਨਾ ਕਰਨਾ ਇਕ ਵੱਡਾ ਸਵਾਲ ਪੈਦਾ ਕਰ ਰਿਹਾ ਹੈ।

ਇਹ ਵੀ ਪੜ੍ਹੋ- ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ 'ਚ ਸਿੱਖਾਂ ਦੇ ਕਤਲ ਨੂੰ ਲੈ ਕੇ ਪ੍ਰਗਟਾਈ ਚਿੰਤਾ

ਜਾਣਕਾਰੀ ਦਿੰਦੇ ਹੋਏ ਹਰਜਿੰਦਰ ਸਿੰਘ ਗਿੱਲ ਕਾਮਰੇਡ ਨੇ ਦੱਸਿਆ ਕਿ ਪਿਛਲੇ ਲੰਮੇਂ ਸਮੇਂ ਤੋਂ ਮੋਟਰਸਾਈਕਲਾਂ ਨੂੰ ਰੇਹੜੀ  ਨਾਲ ਜੋੜਦੇ ਹੋਏ ਜੁਗਾੜੂ ਵਾਹਨ ਬਣਾ ਕੇ ਲੋਕਾਂ ਦੀ ਢੋਆ ਢੁਆਈ ਲਈ ਵਰਤਿਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਜੁਗਾੜੂ ਵਾਹਨਾਂ ਨੂੰ ਸੜਕਾਂ ਉੱਪਰ ਚੱਲਣ ਤੋਂ ਰੋਕਣ ਲਈ ਮਾਨਯੋਗ ਹਾਈਕੋਰਟ ਵਲੋਂ ਟ੍ਰੈਫਿਕ ਪੁਲਸ ਨੂੰ ਹੁਕਮ ਵੀ ਜਾਰੀ ਕੀਤਾ ਗਿਆ ਹੈ ਪਰ ਟ੍ਰੈਫਿਕ ਪੁਲਸ ਵਲੋਂ ਸੜਕਾਂ ਉੱਪਰ ਮੌਤ ਬਣ ਕੇ ਦੌੜ ਰਹੇ ਜੁਗਾੜੂ ਵਾਹਨਾਂ ਨੂੰ ਰੋਕਣ ਸਬੰਧੀ ਕੋਈ ਵੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਗਿੱਲ ਨੇ ਦੱਸਿਆ ਕਿ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਇੰਤਜ਼ਾਰ ਵਿਚ ਨਜ਼ਰ ਆ ਰਿਹਾ ਹੈ। ਗਿੱਲ ਨੇ ਦੱਸਿਆ ਕਿ ਜਗਾੜੂ ਵਾਹਨ ਦੀ ਵਰਤੋਂ ਕਰਦੇ ਹੋਏ ਸਵਾਰੀਆਂ ਨੂੰ ਨੈਸ਼ਨਲ ਹਾਈਵੇ ਰਾਹੀਂ ਪਿੰਡ-ਪਿੰਡ ਪਹੁੰਚਾਇਆ ਜਾ ਰਿਹਾ ਹੈ, ਜੋ ਕਿਸੇ ਵੇਲੇ ਵੀ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ।

PunjabKesari

ਇਹ ਵੀ ਪੜ੍ਹੋ- ਵੱਡੀ ਖ਼ਬਰ: ਬਟਾਲਾ 'ਚ ਸ਼ਿਵ ਸੈਨਾ ਆਗੂ ਤੇ ਉਸ ਦੇ ਪੁੱਤ 'ਤੇ ਚੱਲੀਆਂ ਤਾੜ-ਤਾੜ ਗੋਲ਼ੀਆਂ

ਗਿੱਲ ਨੇ ਦੱਸਿਆ ਕਿ ਇਕ ਪਾਸੇ ਟਰਾਂਸਪੋਰਟ ਮੰਤਰੀ ਵਲੋਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੋਣ ਤੋਂ ਰੋਕਣ ਸਬੰਧੀ ਕਈ ਤਰ੍ਹਾਂ ਦੇ ਸਖ਼ਤ ਹੁਕਮ ਦਿੱਤੇ ਜਾ ਰਹੇ ਹਨ ਪਰ ਦੂਜੇ ਪਾਸੇ ਉਨ੍ਹਾਂ ਦੇ ਜ਼ਿਲ੍ਹੇ ਵਿਚ ਹੀ ਜਾਰੀ ਕੀਤੇ ਗਏ ਹੁਕਮਾਂ ਦੀਆਂ ਧੱਜੀਆਂ ਉੱਡਦੀਆਂ ਨਜ਼ਰ ਆ ਰਹੀਆਂ ਹਨ। ਇਸ ਬਾਬਤ ਗੱਲਬਾਤ ਕਰਦੇ ਹੋਏ ਟ੍ਰੈਫ਼ਿਕ ਵਿਭਾਗ ਦੇ ਐੱਸ.ਪੀ ਦੇਵ ਸਿੰਘ ਨੇ ਦੱਸਿਆ ਕਿ ਜੁਗਾੜੂ ਵਾਹਨ ਚਾਲਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਦੇ ਹੋਏ ਚਲਾਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਨਯੋਗ ਟ੍ਰੈਫਿਕ ਵਿਭਾਗ ਪੰਜਾਬ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ ਵਲੋਂ ਮਿਲੇ ਹੁਕਮਾਂ ਤਹਿਤ ਜੁਗਾੜੂ ਵਾਹਨਾਂ ਖਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਗਈ ਹੈ।

ਇਹ ਵੀ ਪੜ੍ਹੋ- ਬਟਾਲਾ 'ਚ ਸ਼ਿਵ ਸੈਨਾ ਆਗੂ 'ਤੇ ਗੋਲ਼ੀਆਂ ਚੱਲਣ ਦਾ ਮਾਮਲਾ: cctv ਤਸਵੀਰਾਂ ਆਈਆਂ ਸਾਹਮਣੇ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਡਵੀਜ਼ਨ ਤਰਨਤਾਰਨ ਦੇ ਮੈਜਿਸਟ੍ਰੇਟ ਰਜਨੀਸ਼ ਅਰੋੜਾ ਨੇ ਦੱਸਿਆ ਕਿ ਜੁਗਾੜੂ ਵਾਹਨ ਸੜਕਾਂ ਉੱਪਰ ਨਹੀਂ ਚੱਲ ਸਕਦੇ ਹਨ, ਜਿਸ ਸਬੰਧੀ ਉਨ੍ਹਾਂ ਵਲੋਂ ਜ਼ਿਲ੍ਹੇ ਦੇ ਐੱਸ.ਐੱਸ.ਪੀ ਨੂੰ ਲਿਖਤੀ ਤੌਰ ਉੱਪਰ ਕਾਰਵਾਈ ਕਰਨ ਸਬੰਧੀ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜੁਗਾੜੂ ਵਾਹਨਾਂ ਨੂੰ ਸੜਕ ਉੱਪਰ ਚੱਲਣ ਦੀ ਕਿਸੇ ਵੀ ਵਿਭਾਗ ਵਲੋਂ ਇਜਾਜ਼ਤ ਨਹੀਂ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News