ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੇ ਕਦੇ ਵੀ ਸਮਝੌਤੇ ਦੀ ਨੀਤੀ ਨਹੀਂ ਅਪਣਾਈ : DC ਹਿਮਾਂਸ਼ੂ ਅਗਰਵਾਲ

09/09/2023 3:55:43 PM

ਗੁਰਦਾਸਪੁਰ (ਵਿਨੋਦ)- ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੇ 42ਵੇਂ ਬਲੀਦਾਨ ਦਿਵਸ ਮੌਕੇ ਬੀਤੇ ਦਿਨ ਸਥਾਨਕ ਗੋਲਡਨ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਰੋਟਰੀ ਕਲੱਬ ਗੁਰਦਾਸਪੁਰ ਅਤੇ ਬਲੱਡ ਡੋਨਰ ਸੋਸਾਇਟੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ’ਚ ਜ਼ਿਲ੍ਹਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਸੇਵਾ ਭਾਰਤੀ ਅਤੇ ਰਾਸ਼ਟਰੀ ਸਵੈਮ ਸੰਘ ਦਾ ਵਿਸ਼ੇਸ਼ ਸਹਿਯੋਗ ਮਿਲਿਆ। ਕਾਲਜ ਦੇ ਡੀ. ਐੱਨ. ਐੱਮ. ਹਾਲ ’ਚ ਕਰਵਾਏ ਇਸ ਪ੍ਰੋਗਰਾਮ ਤੋਂ ਪਹਿਲਾਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਚੇਅਰਮੈਨ ਰਮਨ ਬਹਿਲ ਦਾ ਕਾਲਜ ਵੱਲੋਂ ਚੇਅਰਮੈਨ ਡਾ. ਮੋਹਿਤ ਮਹਾਜਨ, ਡਾਇਰੈਕਟਰ ਇੰਜੀਨੀਅਰ ਰਾਘਵ ਮਹਾਜਨ, ਡਾਇਰੈਕਟਰ ਵਿਨਾਇਕ ਮਹਾਜਨ, ‘ਜਗ ਬਾਣੀ’ ਗੁਰਦਾਸਪੁਰ ਦੇ ਇੰਚਾਰਜ ਡਾ. ਵਿਨੋਦ ਗੁਪਤਾ, ਰੋਟਰੀ ਕਲੱਬ ਦੇ ਪ੍ਰਧਾਨ ਅਮਰਬੀਰ ਸਿੰਘ ਚਹਿਲ, ਸਕੱਤਰ ਸੰਜੀਵ ਸਰਪਾਲ, ਪ੍ਰਿੰਸੀਪਲ ਡਾ. ਲਖਵਿੰਦਰ ਸਿੰਘ, ਪ੍ਰਿੰਸੀਪਲ ਡਾ. ਨਿਧੀ ਮਹਾਜਨ ਸਮੇਤ ਸਮੁੱਚੇ ਸਟਾਫ਼ ਨੇ ਸਵਾਗਤ ਕੀਤਾ। ਉਪਰੰਤ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਅਤੇ ਰਮਨ ਬਹਿਲ ਨੇ ਕੀਤਾ। ਸਮਾਗਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰ ਕੇ ਕੀਤੀ ਗਈ।

ਇਸ ਮੌਕੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਲਾਲਾ ਜਗਤ ਨਾਰਾਇਣ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮੈਂ ਪੰਜਾਬ ਦਾ ਵਾਸੀ ਹਾਂ ਅਤੇ ਬਚਪਨ ਤੋਂ ਹੀ ‘ਜਗ ਬਾਣੀ’ ਦਾ ਪਾਠਕ ਰਿਹਾ ਹਾਂ। ਲਾਲਾ ਜੀ ਨੇ ਜੋ ਗੱਲਾਂ 50 ਸਾਲ ਪਹਿਲਾਂ ਲਿਖੀਆਂ ਸਨ, ਉਹ ਅੱਜ ਸੱਚ ਸਾਬਿਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲਾਲਾ ਜੀ ਨੇ ਕਦੇ ਵੀ ਸਮਝੌਤੇ ਦੀ ਨੀਤੀ ਨਹੀਂ ਅਪਣਾਈ ਅਤੇ ਔਖੇ ਹਾਲਾਤਾਂ ’ਚ ਵੀ ਕਦੇ ਘਬਰਾਏ ਨਹੀਂ। ਅੱਤਵਾਦੀਆਂ ਨੂੰ ਵੀ ਲਾਲਾ ਜੀ ਦੀਆਂ ਲਿਖਤਾਂ ਪਸੰਦ ਨਹੀਂ ਆਈਆਂ ਅਤੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਪਰ ਇਸ ਦੇ ਬਾਵਜੂਦ ‘ਜਗ ਬਾਣੀ’ ਨੇ ਅੱਤਵਾਦ ਅੱਗੇ ਝੁਕਣਾ ਪਸੰਦ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੈਂ ਖੁਦ ਡਾਕਟਰ ਰਿਹਾ ਹਾਂ ਅਤੇ ਮੈਂ ਮਨੁੱਖੀ ਖੂਨ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਇਸ ਲਈ ਮੈਂ ‘ਜਗ ਬਾਣੀ’ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਰੋਟਰੀ ਕਲੱਬ, ਬਲੱਡ ਡੋਨਰ ਸੋਸਾਇਟੀ, ਗੋਲਡਨ ਗਰੁੱਪ ਅਤੇ ਵਿਨੋਦ ਗੁਪਤਾ ਨੂੰ ਗੁਰਦਾਸਪੁਰ ਵਿਖੇ ਲਗਾਏ ਗਏ ਕੈਂਪ ਨੂੰ ਸਫ਼ਲ ਬਣਾਉਣ ਲਈ ਵਧਾਈ ਦਿੰਦਾ ਹਾਂ।

PunjabKesari

ਇਹ ਵੀ ਪੜ੍ਹੋ-  ਰਾਤ ਨੂੰ ਘਰ ’ਚ ਇਕੱਲੀ ਨੂੰਹ ਵੇਖ ਸਹੁਰੇ ਦੀ ਬਦਲੀ ਨੀਅਤ, ਹਵਸ ਦਾ ਸ਼ਿਕਾਰ ਬਣਾ ਦਿੱਤੀ ਇਹ ਧਮਕੀ

ਚੋਪੜਾ ਪਰਿਵਾਰ ਨਾਲ ਸਾਡੇ ਪੁਰਾਣੇ ਸਬੰਧ : ਚੇਅਰਮੈਨ ਬਹਿਲ

ਇਸ ਪ੍ਰੋਗਰਾਮ ’ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਚੋਪੜਾ ਪਰਿਵਾਰ ਨਾਲ ਸਾਡੇ ਪੁਰਾਣੇ ਸਬੰਧ ਹਨ। ਸਾਡਾ ਪੂਰਾ ਪਰਿਵਾਰ ਉਨ੍ਹਾਂ ਦੀ ਬਹੁਤ ਇੱਜ਼ਤ ਕਰਦਾ ਹੈ। ਉਨ੍ਹਾਂ ਯਾਦ ਕਰਦਿਆਂ ਕਿਹਾ ਕਿ ਮੈਂ ਪਿਛਲੇ ਸਾਲ 8 ਸਤੰਬਰ ਨੂੰ ਚੇਅਰਮੈਨ ਦਾ ਅਹੁਦਾ ਸੰਭਾਲਿਆ ਸੀ ਅਤੇ 9 ਸਤੰਬਰ ਨੂੰ ਮੈਂ ਇਸੇ ਕਾਲਜ ’ਚ ‘ਜਗ ਬਾਣੀ’ ਵੱਲੋਂ ਗੁਰਦਾਸਪੁਰ ਵਿਖੇ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ ਸੀ, ਜੋ ਕਿ ਚੇਅਰਮੈਨ ਵਜੋਂ ਮੇਰਾ ਪਹਿਲਾ ਸਮਾਗਮ ਸੀ। ਅਜਿਹੇ ਨੇਕ ਪ੍ਰੋਗਰਾਮ ਦਾ ਉਦਘਾਟਨ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਸੀ ਅਤੇ ਅੱਜ ਪੂਰੇ ਇਕ ਸਾਲ ਬਾਅਦ ਮੈਂ ‘ਜਗ ਬਾਣੀ’ ਵੱਲੋਂ ਲਗਾਏ ਗਏ ਖੂਨਦਾਨ ਕੈਂਪ ’ਚ ਮੁੜ ਭਾਗ ਲੈ ਰਿਹਾ ਹਾਂ।

ਰਮਨ ਬਹਿਲ ਨੇ ਕਿਹਾ ਕਿ ‘ਜਗ ਬਾਣੀ’ ਨੇ ਅੱਤਵਾਦ ਦੇ ਕਾਲੇ ਦੌਰ ’ਚ ਬਹੁਤ ਕੁਰਬਾਨੀਆਂ ਕੀਤੀਆਂ ਹਨ। ਸਾਰਾ ਪੰਜਾਬ ਲਾਲਾ ਜਗਤ ਨਾਰਾਇਣ ਜੀ ਦੀ ਸ਼ਹਾਦਤ ’ਤੇ ਰੋਇਆ। ਲਾਲਾ ਜੀ ਨੇ ਇਕ ਅਖਬਾਰ ਦੇ ਸੰਪਾਦਕ ਹੀ ਨਹੀਂ ਸਗੋਂ ਪੰਜਾਬ ਦੇ ਸਿੱਖਿਆ ਮੰਤਰੀ ਵਜੋਂ ਸਿੱਖਿਆ ਦੇ ਪਸਾਰ ਲਈ ਸ਼ਲਾਘਾਯੋਗ ਕੰਮ ਕੀਤਾ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਦੌਰ ’ਚ ਨਾ ਤਾਂ ਅੱਤਵਾਦੀ ‘ਜਗ ਬਾਣੀ’ ਦੇ ਮਾਲਕਾਂ ਨੂੰ ਡਰਾ ਸਕੇ ਅਤੇ ਗੁਰਦਾਸਪੁਰ ’ਚ ਵਿਨੋਦ ਗੁਪਤਾ ਨੇ ‘ਜਗ ਬਾਣੀ’ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਅੱਤਵਾਦ ਸਮੇਤ ਕਿਸੇ ਵੀ ਸਮਾਜ ਅਤੇ ਦੇਸ਼ ਵਿਰੋਧੀ ਸ਼ਕਤੀ ਨਾਲ ਸਮਝੌਤਾ ਨਹੀਂ ਕੀਤਾ।

ਇਹ ਵੀ ਪੜ੍ਹੋ-  ਨਸ਼ੇ ਦੀ ਓਵਰਡੋਜ਼ ਕਾਰਨ ਔਰਤ ਦੀ ਮੌਤ, ਬਟਾਲਾ ਦੇ ਸਰਕਾਰੀ ਹਸਪਤਾਲ ਦੇ ਸਾਹਮਣੇ ਮਿਲੀ ਲਾਸ਼

ਉਨ੍ਹਾਂ ਕਿਹਾ ਕਿ ਲਾਲਾ ਜੀ ਦੇ ਬਲੀਦਾਨ ਦਿਵਸ ’ਤੇ ਕਰਵਾਏ ਜਾਣ ਵਾਲੇ ਖੂਨਦਾਨ ਦੀ ਮਹੱਤਤਾ ਇਸ ਲਈ ਵੀ ਵੱਧ ਜਾਂਦੀ ਹੈ ਕਿਉਂਕਿ ਇਹ ਸਮਾਗਮ ਪੂਰੇ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਹਰਿਆਣਾ ’ਚ ਕਰਵਾਏ ਜਾ ਰਹੇ ਹਨ। ਕਿਉਂਕਿ ਮਨੁੱਖੀ ਖੂਨ ਦਾ ਅਜੇ ਕੋਈ ਬਦਲ ਨਹੀਂ ਹੈ, ਇਸ ਲਈ ਇਹ ਖੂਨਦਾਨ ਕੈਂਪ ਬਹੁਤ ਮਹੱਤਵ ਰੱਖਦੇ ਹਨ। ‘ਜਗ ਬਾਣੀ’ ਦੇ ਹਰ ਪ੍ਰਾਜੈਕਟ ’ਚ ਸ਼ਾਮਲ ਹੋਣਾ ਮੈਂ ਆਪਣਾ ਮਾਣ ਸਮਝਦਾ ਹਾਂ ਅਤੇ ਆਉਣ ਵਾਲੇ ਸਮੇਂ ’ਚ ‘ਜਗ ਬਾਣੀ’ ਵੱਲੋਂ ਜੋ ਵੀ ਡਿੳਟੀ ਮੇਰੀ ਲਗਾਈ ਜਾਵੇਗੀ ਮੈਂ ਉਸ ਨੂੰ ਪੂਰਾ ਕਰਾਂਗਾ।

PunjabKesari

ਰੋਟਰੀ ਕਲੱਬ ‘ਜਗ ਬਾਣੀ’ ਦੇ ਸਹਿਯੋਗ ਨਾਲ ਕੰਮ ਕਰ ਕੇ ਮਾਣ ਮਹਿਸੂਸ ਕਰਦੈ : ਪ੍ਰਧਾਨ ਅਮਰਬੀਰ ਚਾਹਲ

ਰੋਟਰੀ ਕਲੱਬ ਦੇ ਪ੍ਰਧਾਨ ਅਮਰਬੀਰ ਸਿੰਘ ਚਾਹਲ ਨੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਮੈਂ ਪਿਛਲੇ ਦੋ-ਤਿੰਨ ਸਾਲਾਂ ਤੋਂ ‘ਜਗ ਬਾਣੀ’ ਵੱਲੋਂ ਲਗਾਏ ਜਾ ਰਹੇ ਮੈਡੀਕਲ ਅਤੇ ਖੂਨਦਾਨ ਕੈਂਪਾਂ ’ਚ ਰੋਟਰੀ ਦੀ ਵੱਲੋਂ ਹਿੱਸਾ ਲੈਂਦਾ ਆ ਰਿਹਾ ਹਾਂ। ਰੋਟਰੀ ਹੋਰ ਪ੍ਰਾਜੈਕਟ ਵੀ ਕਰਦੀ ਹੈ ਪਰ ਮੈਂ ‘ਜਗ ਬਾਣੀ’ ਵੱਲੋਂ ਲਗਾਏ ਗਏ ਖੂਨਦਾਨ ਕੈਂਪ ’ਚ ਭਾਗ ਲੈ ਕੇ ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ। ‘ਜਗ ਬਾਣੀ’ ਗੁਰਦਾਸਪੁਰ ਦੇ ਇੰਚਾਰਜ ਵਿਨੋਦ ਗੁਪਤਾ ਸਾਡੇ ਕਲੱਬ ਦੇ ਸੀਨੀਅਰ ਰੋਟੇਰੀਅਨ ਹਨ ਅਤੇ ਮੰਡਲ ਪੱਧਰ ’ਤੇ ਅਹੁਦੇਦਾਰ ਹਨ। ਉਨ੍ਹਾਂ ਦੇ ਹੁਕਮਾਂ ਅਨੁਸਾਰ ਅਸੀਂ ‘ਜਗ ਬਾਣੀ’ ਦੇ ਪ੍ਰਾਜੈਕਟ ਨੂੰ ਸਫ਼ਲ ਬਣਾਉਣ ਲਈ ਹਰ ਸੰਭਵ ਯਤਨ ਕਰਦੇ ਹਾਂ। ਰੋਟਰੀ ਕਲੱਬ ਗੁਰਦਾਸਪੁਰ ‘ਜਗ ਬਾਣੀ’ ਦੇ ਸਹਿਯੋਗ ਨਾਲ ਕੰਮ ਕਰ ਕੇ ਮਾਣ ਮਹਿਸੂਸ ਕਰਦਾ ਹੈ।

ਇਹ ਵੀ ਪੜ੍ਹੋ-  ਰਾਤ ਨੂੰ ਘਰ ’ਚ ਇਕੱਲੀ ਨੂੰਹ ਵੇਖ ਸਹੁਰੇ ਦੀ ਬਦਲੀ ਨੀਅਤ, ਹਵਸ ਦਾ ਸ਼ਿਕਾਰ ਬਣਾ ਦਿੱਤੀ ਇਹ ਧਮਕੀ

ਕੀ ਕਹਿਣਾ ਹੈ ਗੋਲਡਨ ਗਰੁੱਪ ਦੇ ਚੇਅਰਮੈਨ ਡਾ. ਮੋਹਿਤ ਮਹਾਜਨ ਦਾ

ਗੋਲਡਨ ਗਰੁੱਪ ਦੇ ਚੇਅਰਮੈਨ ਡਾ. ਮੋਹਿਤ ਮਹਾਜਨ ਨੇ ਜ਼ਿਲਾ ਡਿਪਟੀ ਕਮਿਸ਼ਨਰ ਅਤੇ ਚੇਅਰਮੈਨ ਰਮਨ ਬਹਿਲ ਦਾ ਸਵਾਗਤ ਕਰਦਿਆਂ ਕਿਹਾ ਕਿ ਗੋਲਡਨ ਗਰੁੱਪ ਵੱਲੋਂ ‘ਜਗ ਬਾਣੀ’ ਦੇ ਜ਼ਰੀਏ ਸਾਰੇ ਖੂਨਦਾਨ ਕੈਂਪ ਸਾਡੀ ਸੰਸਥਾ ’ਚ ਹੀ ਲਗਾਏ ਜਾਂਦੇ ਹਨ। ਸਾਨੂੰ ਖੁਸ਼ੀ ਹੈ ਕਿ ਸਾਡੇ ਵਿਦਿਅਕ ਅਦਾਰੇ ’ਚ ਲਾਲਾ ਜਗਤ ਨਾਰਾਇਣ ਜੀ ਵਰਗੀ ਮਹਾਨ ਸ਼ਖਸੀਅਤ ਦੇ ਮਾਲਕ ਦੇ ਸਾਰੇ ਬਲੀਦਾਨ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਵੀ ਇਕ ਵਾਰ ਸਾਡੇ ਗਰੁੱਪ ਵੱਲੋਂ ਕਰਵਾਏ ਗਏ ਬਣਾਵਟੀ ਅੰਗ ਵੰਡਣ ਦੇ ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਹਨ। ਡਾ. ਮਹਾਜਨ ਨੇ ਕਿਹਾ ਕਿ ‘ਜਗ ਬਾਣੀ’ ਅਤੇ ਰੋਟਰੀ ਕਲੱਬ ਗੁਰਦਾਸਪੁਰ ਜਦੋਂ ਵੀ ਸਾਨੂੰ ਕਿਸੇ ਕਿਸਮ ਦੀ ਡਿਊਟੀ ਸੌਂਪਣਗੇ ਤਾਂ ਅਸੀਂ ਉਸ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰਾਂਗੇ।

ਮਹਿਮਾਨਾਂ ਅਤੇ ਬਲੱਡ ਬੈਂਕ ਟੀਮ ਨੂੰ ਕੀਤਾ ਸਨਮਾਨਿਤ

ਇਸ ਪ੍ਰੋਗਰਾਮ ’ਚ ਵਿੱਦਿਆ ਸੰਸਥਾ ਦੀ ਮੈਡੀਕਲ ਲੈਬ ਸਾਇੰਸ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਖੂਨਦਾਨ ਸਬੰਧੀ ਬਹੁਤ ਹੀ ਪ੍ਰੇਰਨਾਦਾਇਕ ਭਾਸ਼ਣ ਦਿੰਦਿਆਂ ਦੱਸਿਆ ਕਿ ਖੂਨਦਾਨ ਕਰਨ ਨਾਲ ਕੋਈ ਸਰੀਰਕ ਨੁਕਸਾਨ ਨਹੀਂ ਹੁੰਦਾ ਅਤੇ ਜੇਕਰ ਅਸੀਂ ਖੂਨਦਾਨ ਕਰਦੇ ਹਾਂ ਤਾਂ ਉਹ ਖੂਨ ਆਪਣੇ ਆਪ ਅੰਦਰ ਹੀ 24 ਘੰਟੇ ਪੂਰਾ ਹੋ ਜਾਵੇਗਾ। ਇਸ ਖੂਨਦਾਨ ਕੈਂਪ ’ਚ ‘ਜਗ ਬਾਣੀ’ ਦੇ ਗੁਰਦਾਸਪੁਰ ਇੰਚਾਰਜ ਵਿਨੋਦ ਗੁਪਤਾ ਨੇ ਦੱਸਿਆ ਕਿ ‘ਜਗ ਬਾਣੀ’ ਵੱਲੋਂ ਸਮੂਹ ਖੂਨਦਾਨੀਆਂ, ਹਸਪਤਾਲ ਦੇ ਬਲੱਡ ਬੈਂਕ ਦੇ ਡਾ. ਪੂਜਾ ਸਮੇਤ ਸਮੁੱਚੀ ਟੀਮ, ਸਮੂਹ ਸਟਾਫ਼, ਗੋਲਡਨ ਗਰੁੱਪ, ਰੋਟਰੀ ਕਲੱਬ, ਬਲੱਡ ਡੋਨਰ ਸੋਸਾਇਟੀ ਗੁਰਦਾਸਪੁਰ, ਸੇਵਾ ਭਾਰਤੀ, ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਹੋਰ ਸੰਸਥਾਵਾਂ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਹਸਪਤਾਲ ਦੀ ਬਲੱਡ ਬੈਂਕ ਟੀਮ ਨੂੰ ਸਨਮਾਨਿਤ ਵੀ ਕੀਤਾ। ਅੰਤ ’ਚ ਜ਼ਿਲ੍ਹਾ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਚੇਅਰਮੈਨ ਰਮਨ ਬਹਿਲ, ਡਾ. ਮੋਹਿਤ ਮਹਾਜਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸੰਚਾਲਨ ਦੀ ਭੂਮਿਕਾ ਸੰਜੀਵ ਸਰਪਾਲ ਨੇ ਨਿਭਾਈ।

ਇਹ ਵੀ ਪੜ੍ਹੋ- ਬਟਾਲਾ ਵਿਖੇ ਫ਼ੈਕਟਰੀ ’ਚ ਕੰਮ ਕਰਦੀ ਔਰਤ ਨਾਲ ਵਾਪਰਿਆ ਭਾਣਾ, ਹੋਈ ਦਰਦਨਾਕ ਮੌਤ

ਇਹ ਰਹੇ ਮੌਜੂਦ

ਇਸ ਕੈਂਪ ’ਚ 51 ਖੂਨਦਾਨੀਆਂ ਨੇ ਖੂਨਦਾਨ ਕੀਤਾ ਪਰ ਇਸ ਕੈਂਪ ’ਚ ਇਹ ਗੱਲ ਸਾਹਮਣੇ ਆਈ ਕਿ ਜ਼ਿਆਦਾਤਰ ਕੁੜੀਆਂ 'ਚ ਖੂਨ ਦੀ ਕਮੀ ਅਤੇ ਭਾਰ ਘੱਟ ਹੋਣ ਕਾਰਨ ਖੂਨਦਾਨ ਕਰਨ ਦੇ ਯੋਗ ਨਹੀਂ ਸਮਝੀਆਂ ਗਈਆਂ ਅਤੇ ਉਨ੍ਹਾਂ ਦਾ ਖੂਨ ਨਹੀਂ ਲਿਆ ਗਿਆ। ਅਜਿਹੇ 37 ਮਾਮਲੇ ਸਾਹਮਣੇ ਆਏ ਹਨ। ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਠੋਸ ਕਦਮ ਚੁੱਕਣੇ ਚਾਹੀਦੇ ਹਨ। ਇਸ ਮੌਕੇ ਸਾਬਕਾ ਰੋਟਰੀ ਗਵਰਨਰ ਹੀਰਾ ਅਰੋੜਾ, ਸ਼ਹੀਦ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਰੋਟਰੀ ਦੇ ਸਾਬਕਾ ਪ੍ਰਧਾਨ ਜਨਕ ਰਾਜ ਸ਼ਰਮਾ, ਕੇਸ਼ਵ ਬਹਿਲ, ਅਨਿਲ ਅਗਰਵਾਲ, ਬਲੱਡ ਡੋਨਰ ਸੋਸਾਇਟੀ ਦੇ ਅਹੁਦੇਦਾਰ, ਰੋਟਰੈਕਟ ਕਲੱਬ ਪੰਡਿਤ ਮੋਹਨ ਲਾਲ ਐੱਸ. ਡੀ. ਕਾਲਜ ਦੇ ਪ੍ਰਧਾਨ ਤਰੁਣਾ, ਸਕੱਤਰ ਨੰਦਨੀ, ਉਪ ਪ੍ਰਿੰਸੀਪਲ ਹਿਮਾਨੀ ਸ਼ਰਮਾ, ਮੋਨਿਕਾ ਅਤੇ ਸ਼ਰੂਤੀ ਆਦਿ ਵੀ ਹਾਜ਼ਰ ਸਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Shivani Bassan

Content Editor

Related News