ਕੋਰੋਨਾ ਵਾਇਰਸ ਦੇ ਚਲਦਿਆਂ ਅਦਾਲਤਾਂ ਦਾ ਕੰਮ ਹੋਵੇਗਾ ਪ੍ਰਭਾਵਿਤ
Tuesday, Mar 17, 2020 - 08:51 PM (IST)
ਅੰਮ੍ਰਿਤਸਰ, (ਜਸ਼ਨ)— ਵਿਸ਼ਵ ਭਰ 'ਚ ਦਿਨੋਂ ਦਿਨ ਵੱਧ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਲੈ ਕੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਨੇ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਅਤੇ ਜ਼ਿਲ੍ਹਾ ਐਂਡ ਸੈਸ਼ਨ ਜੱਜ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ 31 ਮਾਰਚ ਤਕ ਅੰਮ੍ਰਿਤਸਰ ਦੀਆ ਸਮੂਹ ਅਦਾਲਤਾ ਪ੍ਰਭਾਵਿਤ ਹੋਣਗੀਆਂ। ਇਸ ਸਬੰਧੀ ਅੰਮ੍ਰਿਤਸਰ ਬਾਰ ਐਸੋਸੀਏਸ਼ਨ (ਰਜਿ.) ਦੇ ਪ੍ਰਧਾਨ ਵਿਪਨ ਕੁਮਾਰ ਢੰਡ ਦੀ ਅਗਵਾਈ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਇਕ ਅਹਿਮ ਬੈਠਕ ਹੋਈ, ਜਿਸ 'ਚ ਪ੍ਰਧਾਨ ਢੰਡ ਨੇ ਸੈਕਟਰੀ ਇੰਦਰਜੀਤ ਸਿੰਘ ਅੜੀ, ਫਾਇਨੈਸ ਸੈਕਟਰੀ ਮਨੀਸ਼ ਦੇਵਗਨ, ਜੁਆਇੰਟ ਸੈਕਟਰੀ ਰਾਜਦੀਪ ਸਿੰਘ ਘੁੰਮਣ, ਐਗਜੈਕਟਿਵ ਮੈਂਬਰ ਮਨੋਜ ਮਹੇਂਦਰੁ ਤੇ ਹੋਰ ਮੈਂਬਰਾ ਸਮੇਤ ਸਰਬਸੰਮਤੀ ਨਾਲ 31 ਮਾਰਚ ਤੱਕ ਅਦਾਲਤਾ ਦਾ ਕੰਮ ਪ੍ਰਭਾਵਿਤ ਕਰਨ ਦਾ ਫੈਸਲਾ ਲਿਆ ਹੈ।
ਇਸ ਮੌਕੇ ਪ੍ਰਧਾਨ ਢੰਡ ਨੇ ਦੱਸਿਆ ਕਿ ਕੋਰੋਨਾ ਵਰਗੀ ਨਾਮੁਰਾਦ ਬਿਮਾਰੀ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਜਨਤਕ ਥਾਵਾਂ 'ਤੇ ਭੀੜ-ਭਾੜ ਤੋਂ ਲੋਕਾਂ ਨੂੰ ਦੂਰ ਰੱਖਣ ਲਈ ਅਦਾਲਤਾਂ 'ਚ ਵਕੀਲ ਆਮ ਵਾਂਗ ਕੰਮ ਕਰਨਗੇ, ਜਿਹੜੇ ਲੋਕਾਂ ਦੀਆਂ 31 ਮਾਰਚ ਤੱਕ ਪੇਸ਼ੀ ਜਾਂ ਹੋਰ ਤਾਰੀਕਾਂ ਹਨ ਉਹ ਲੈ ਸਕਦੇ ਹਨ। ਜੇਕਰ ਕੋਈ ਦੋ ਧਿਰਾਂ ਦਾ ਆਪਸੀ ਮਾਮਲਾ ਹੈ ਉਸ ਦਾ ਵੀ ਕੋਈ ਆਰਡਰ ਪਾਸ ਨਹੀਂ ਕੀਤਾ ਜਾਵੇਗਾ ਸਿਰਫ ਤਾਰੀਕ ਹੀ ਦਿੱਤੀ ਜਾਵੇਗੀ, ਅਪਰਾਧਿਕ ਮਾਮਲਿਆਂ 'ਚ ਬੇਲ ਤੇ ਸਟੇਅ ਮੈਟਰ ਤੋਂ ਇਲਾਵਾ ਜੇਕਰ ਕੋਈ ਵੀ ਜ਼ਰੂਰੀ ਕੇਸ ਹੋਵੇਗਾ ਦੀ ਸੁਣਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਰੋਂ ਆਉਣ ਦੀ ਜ਼ਰੂਰਤ ਨਹੀਂ ਹੈ ਉਹ ਆਪਣੇ ਵਕੀਲ ਨਾਲ ਸੰਪਰਕ ਕਰਕੇ ਆਪਣੇ ਕੇਸ ਸਬੰਧੀ ਜਾਣਕਾਰੀ ਹਾਸਲ ਕਰ ਸਕਦਾ ਹੈ। ਇਸ ਮੌਕੇ ਜਸਕੀਰਤ ਸਿੰਘ ਅਰੋੜਾ, ਲਵਦੀਪ ਕੁਮਾਰ ਭਾਰਦਵਾਜ, ਲਵਲੀ ਸ਼ਰਮਾ, ਮਹੀਪ ਸਿੰਘ, ਨਿਧੀ ਸ਼ਰਮਾ, ਰਾਕੇਸ਼ ਕੁਮਾਰ ਸ਼ਰਮਾ, ਉੱਤਮ ਔਲ ਆਦਿ ਹਾਜ਼ਰ ਸਨ।
ਪ੍ਰਧਾਨ ਢੰਡ ਤੇ ਮੈਂਬਰਾ ਨੇ ਲੋਕਾ ਨੂੰ ਕੀਤੀ ਅਪੀਲ
ਪ੍ਰਧਾਨ ਵਿਪਨ ਕੁਮਾਰ ਢੰਡ, ਇੰਦਰਜੀਤ ਸਿੰਘ ਅੜੀ, ਮਨੀਸ਼ ਦੇਵਗਨ, ਰਾਜਦੀਪ ਸਿੰਘ ਘੁੰਮਣ, ਮਨੋਜ ਮਹੇਂਦਰੁ ਆਦਿ ਨੇ ਸਾਂਝੇ ਤੌਰ 'ਤੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ। ਇਸ ਮਾਹੌਲ ਨੂੰ ਰੋਕਣ ਦੀ ਲੋੜ ਹੈ। ਉਨ੍ਹਾਂ ਲੋਕਾ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਵਰਗੀ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ, ਸਗੋਂ ਅਹਿਤਿਆਤ ਦੀ ਜ਼ਰੂਰਤ ਹੈ, ਜਿਵੇਂ ਕਿ ਭੀੜ-ਭਾੜ ਵਾਲੀਆਂ ਥਾਵਾਂ 'ਤੇ ਨਾ ਜਾਓ, ਹੱਥ ਵਾਰ-ਵਾਰ ਸਾਬਣ ਨਾਲ ਧੋਵੋ, ਕਿਸੇ ਵੀ ਖਾਂਸੀ, ਜੁਕਾਮ, ਬੁਖਾਰ ਵਾਲੇ ਵਿਅਕਤੀ ਤੋਂ ਇਕ ਮੀਟਰ ਦੀ ਦੂਰੀ ਬਣਾ ਕੇ ਰੱਖੋ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਜਾਗਰੂਕ ਰਹਾਂਗੇ ਤਾਂ ਹੀ ਇਕ ਸਿਹਤਮੰਦ ਜੀਵਨ ਦੀ ਸਿਰਜਣਾ ਕਰ ਸਕਦੇ ਹਾਂ ਅਤੇ ਅਜਿਹੀਆਂ ਬਿਮਾਰੀਆਂ ਤੋਂ ਸਾਨੂੰ ਨਿਜਾਤ ਮਿਲ ਸਕਦੀ ਹੈ।