ਅਮਰੀਕਾ ਭੇਜਣ ਦੇ ਨਾਂ ’ਤੇ 20,41000 ਰੁਪਏ ਦੀ ਠੱਗੀ ਮਾਰਨ ਵਾਲੇ 4 ਲੋਕਾਂ ''ਤੇ ਮਾਮਲਾ ਦਰਜ
Saturday, Jun 28, 2025 - 06:24 PM (IST)

ਗੁਰਦਾਸਪੁਰ (ਵਿਨੋਦ)-ਅਮਰੀਕਾ ਭੇਜਣ ਦੇ ਨਾਂ ’ਤੇ 20,41000 ਰੁਪਏ ਦੀ ਠੱਗੀ ਮਾਰਨ ਵਾਲੇ 4 ਲੋਕਾਂ ਦੇ ਖਿਲਾਫ ਸਿਟੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ ਮੁਲਜ਼ਮ ਅਜੇ ਫਰਾਰ ਹਨ। ਇਸ ਸਬੰਧੀ ਸਬ-ਇੰਸਪੈਕਟਰ ਵਰਿੰਦਰ ਪਾਲ ਨੇ ਦੱਸਿਆ ਕਿ ਕਰਨਜੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਹਰਦੋਛੰਨੀ ਥਾਣਾ ਸਦਰ ਗੁਰਦਾਸਪੁਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਮੁਲਜ਼ਮ ਮਨਜਿੰਦਰ ਸਿੰਘ ਉਰਫ ਮਨੀ ਪੁੱਤਰ ਦਿਲਬਾਗ ਸਿੰਘ, ਪ੍ਰੇਮਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀਆਨ ਸਪਰਾਈ ਕੋਠੇ ਥਾਣਾ ਕਲਾਨੌਰ, ਬਗੀਚਾ ਸਿੰਘ ਪੁੱਤਰ ਅਜੀਤ ਸਿੰਘ, ਹਰਦੀਪ ਕੌਰ ਪਤਨੀ ਬਗੀਚਾ ਸਿੰਘ ਵਾਸੀਆਨ ਬਾਂਗੜੀਆ ਥਾਣਾ ਭੁਲੱਥ (ਕਪੂਰਥਲਾ) ਨੇ ਉਸ ਦੇ ਭਰਾ ਗੁਰਵਿੰਦਰ ਸਿੰਘ ਅਤੇ ਉਸ ਦੇ ਵਿਚੋਲੇ ਦੇ ਲੜਕੇ ਰੋਹਿਤ ਪੁੱਤਰ ਚਰਨਜੀਤ ਵਾਸੀ ਇਸਲਾਮਾਬਾਦ ਮੁਹੱਲਾ ਗੁਰਦਾਸਪੁਰ ਨੂੰ ਵਿਦੇਸ਼ ਅਮਰੀਕਾ ਭੇਜਣ ਦੇ ਨਾਮ ’ਤੇ 20, 41000 ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਉਪ ਕਪਤਾਨ ਪੁਲਸ ਸਿਟੀ ਗੁਰਦਾਸਪੁਰ ਵੱਲੋਂ ਕਰਨ ਤੋਂ ਬਾਅਦ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ।