ਦੂਸਰੇ ਰਾਜਾਂ ਤੋਂ ਵਾਹਨਾਂ ਦੀਆਂ ਰਜਿਸਟਰੇਸ਼ਨਾਂ ਟਰਾਂਸਫਰ ਕਰਨ ਵਾਲੇ 3 ਕਰਮਚਾਰੀਆਂ ਖਿਲਾਫ ਮਾਮਲਾ ਦਰਜ

07/17/2019 12:53:40 AM

ਤਰਨਤਾਰਨ, (ਰਮਨ)- ਜ਼ਿਲਾ ਟਰਾਂਸਪੋਰਟ ਦਫਤਰ ਤਰਨਤਾਰਨ ਵਿਖੇ ਬਾਹਰੋਂ ਆਉਣ ਵਾਲੇ ਵਾਹਨਾਂ ਦੀਆਂ ਆਰ. ਸੀਆਂ ਨੂੰ ਟਰਾਂਸਫਰ ਕਰਨ ਦੇ ਨਾਂ ’ਤੇ ਭਰਨ ਵਾਲੇ ਟੈਕਸ ਦੀ ਧੋਖਾਦੇਹੀ ਕਰਨ ਦੇ ਜੁਰਮ ਹੇਠ ਦਫਤਰ ਦੇ ਤਿੰਨ ਕਰਮਚਾਰੀਆਂ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਸਿਟੀ ਪੁਲਸ ਮੁਖੀ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

               ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਰੂਪਨਗਰ ਦੇ ਸੀ. ਆਈ. ਏ. ਸਟਾਫ ਦੀ ਪੁਲਸ ਵੱਲੋਂ ਚੋਰੀ ਦੀਆਂ ਕਾਰਾਂ ਅਤੇ ਦੂਸਰੇ ਰਾਜਾਂ ਤੋਂ ਕਾਰਾਂ ਲਿਆ ਕੇ ਉਨ੍ਹਾਂ ਦੀ ਪੰਜਾਬ ਵਿਚ ਰਜਿਸਟਰੇਸ਼ਨ ਕਰਵਾਉਣ ਵਾਲੇ ਇਕ ਗਿਰੋਹ ਦੇ ਮੈਂਬਰ ਸੰਨੀ ਨੂੰ ਕਾਬੂ ਕੀਤਾ ਗਿਆ ਸੀ, ਜਿਸ ਨੇ ਪੁਲਸ ਨੂੰ ਦੱਸਿਆ ਸੀ ਕਿ ਉਨ੍ਹਾਂ ਦਾ ਗਿਰੋਹ ਪੂਰੇ ਪੰਜਾਬ ਵਿਚ ਫੈਲਿਆ ਹੋਇਆ ਹੈ, ਜਿਸ ਵਿਚ ਜ਼ਿਲਾ ਤਰਨਤਾਰਨ, ਹੁਸ਼ਿਆਰਪੁਰ, ਮੋਗਾ, ਸੰਗਰੂਰ, ਫਤਿਹਗਡ਼੍ਹ ਸਾਹਿਬ ਟਰਾਂਸਪੋਰਟ ਦਫਤਰਾਂ ਦੇ ਕਰਮਚਾਰੀਆਂ ਦੇ ਸ਼ਾਮਲ ਹੋਣ ਦੀ ਗੱਲ ਕਹੀ ਗਈ ਸੀ। ਪੁਲਸ ਵੱਲੋਂ ਕੀਤੀ ਗਈ ਗਈ ਜਾਂਚ ਵਿਚ ਇਹ ਸਾਹਮਣੇ ਆਇਆ ਕਿ ਇਹ ਗਿਰੋਹ ਪੰਜਾਬ ਵਿਚ ਕਰੀਬ 5763 ਵਾਹਨਾਂ ਨੂੰ ਚੋਰੀ ਕਰ ਕੇ ਪੰਜਾਬ ਵਿਚ ਜ਼ਿਲਾ ਟ੍ਰਾਂਸਪੋਰਟ ਦਫਤਰ ਦੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਵੇਚੇ ਜਾ ਚੁੱਕੇ ਹਨ।

ਚੋਰੀਆਂ ਅਤੇ ਦੂਜੇ ਰਾਜਾਂ ਦੇ ਵਾਹਨਾਂ ਨੂੰ ਜ਼ਿਲੇ ’ਚ ਟਰਾਂਸਫਰ ਕਰਨ ਦੇ ਵਸੂਲੇ ਜਾਂਦੇ ਸਨ 70 ਹਜ਼ਾਰ ਰੁਪਏ

ਇਸ ਜਾਂਚ ਵਿਚ ਇਹ ਵੀ ਪਤਾ ਲੱਗਾ ਕਿ ਕੁਝ ਐੱਸ. ਡੀ. ਐੱਮ. ਦੇ ਇਸ ਮਾਮਲੇ ਵਿਚ ਵੀ ਸ਼ਾਮਲ ਹੋਣ ਦਾ ਸ਼ੱਕ ਸਾਹਮਣੇ ਆ ਸਕਦਾ ਹੈ, ਜਿਸ ਕਾਰਣ ਇਸ ਜਾਂਚ ਦੀ ਪਡ਼ਤਾਲ ਨੂੰ ਹੋਰ ਤੇਜ਼ ਕਰਦੇ ਹੋਏ ਉਕਤ ਸ਼ੱਕੀ ਜ਼ਿਲਿਆਂ ਦੇ ਟਰਾਂਸਪੋਰਟ ਦਫਤਰਾਂ ਵਿਚ ਉਸੇ ਜ਼ਿਲੇ ਦੇ ਉੱਚ ਅਧਿਕਾਰੀਆਂ ਵੱਲੋਂ ਅੰਦਰਖਾਤੇ ਇਸ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਕਿ ਉਨ੍ਹਾਂ ’ਤੇ ਕੋਈ ਆਂਚ ਨਾ ਆ ਜਾਵੇ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਵਾਹਨਾਂ ਦੀਆਂ ਆਰ. ਸੀਆਂ ਨੂੰ ਦੂਸਰੇ ਨਾਂ ’ਤੇ ਟਰਾਂਸਫਰ ਕਰਨ ਲਈ ਕਈ ਤਰ੍ਹਾਂ ਦੀਆਂ ਘੁੰਡੀਆਂ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਪਾਸੋਂ ਪ੍ਰਤੀ ਆਰ. ਸੀ. 70 ਹਜ਼ਾਰ ਰੁਪਏ ਤੱਕ ਵਸੂਲ ਕੀਤੇ ਜਾਂਦੇ ਸਨ। ਇਹ ਸਾਰਾ ਕਾਰੋਬਾਰ ਐੱਸ. ਡੀ. ਐੱਮ. ਦਫਤਰ ਵਿਚ ਤਾਇਨਾਤ ਕਈ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਕੀਤਾ ਜਾਂਦਾ ਸੀ, ਜਿਸ ਦਾ ਜ਼ਿਆਦਾਤਰ ਹਿੱਸਾ ਸਬੰਧਤ ਐੱਸ. ਡੀ. ਐੱਮ. ਨੂੰ ਜਾਂਦਾ ਸੀ। ਇਸ ਸਾਰੇ ਕਾਰੋਬਾਰ ਨੂੰ ਚਲਾਉਣ ਲਈ ਵਾਹਨ ਦੇ ਚੈਸੀ ਨੰਬਰ ਦਾ ਇਕ ਅੱਖਰ ਨੂੰ ਜਾਂ ਤਾਂ ਬਦਲ ਦਿੱਤਾ ਜਾਂਦਾ ਸੀ ਅਤੇ ਜਾਂ ਫਿਰ ਉਸ ਅੱਖਰ ਦੀ ਥਾਂ ਕੋਈ ਹੋਰ ਅੱਖਰ ਲਾ ਦਿੱਤਾ ਜਾਂਦਾ ਸੀ ਅਤੇ ਇਸ ਦੀ ਸਰਕਾਰੀ ਫੀਸ ਨੂੰ ਮਾਮੂਲੀ ਤੌਰ ’ਤੇ ਜਮ੍ਹਾ ਕਰਵਾ ਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਾਇਆ ਜਾਂਦਾ ਸੀ।

ਇਸੇ ਲਡ਼ੀ ਤਹਿਤ ਜ਼ਿਲਾ ਤਰਨਤਾਰਨ ਦੇ ਟਰਾਂਸਪੋਰਟ ਦਫਤਰ ਦੀ ਜਾਂਚ ਐੱਸ. ਡੀ. ਐੱਮ. ਸੁਰਿੰਦਰ ਸਿੰਘ ਵੱਲੋਂ ਕੀਤੇ ਜਾਣ ਤੋਂ ਬਾਅਦ ਇਸ ਦੀ ਰਿਪੋਰਟ ਡੀ. ਸੀ. ਨੂੰ ਭੇਜ ਦਿੱਤੀ ਗਈ ਸੀ, ਜਿਸ ਵਿਚ ਇਹ ਦੱਸਿਆ ਗਿਆ ਸੀ ਕਿ ਦਫਤਰ ’ਚ ਤਾਇਨਾਤ ਦੀਪਕ ਕੁਮਾਰ ਹੈੱਡ ਕਲਰਕ, ਕਾਰਜਦੀਪ ਸਿੰਘ ਸਮਾਰਟ ਚਿੱਪ ਸੁਪਰਵਾਈਜ਼ਰ ਅਤੇ ਬਗੀਚਾ ਸਿੰਘ ਡਾਟਾ ਐਂਟਰੀ ਆਪ੍ਰੇਟਰ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਵਾਹਨਾਂ ਦੀਆਂ ਆਰ. ਸੀਆਂ ਨੂੰ ਟਰਾਂਸਫਰ ਕਰਨ ਸਬੰਧੀ ਐੱਸ. ਡੀ. ਐੱਮ. ਸੁਰਿੰਦਰ ਸਿੰਘ ਦੀ ਆਈ. ਡੀ. ਨੂੰ ਬਿਨਾਂ ਮਨਜ਼ੂਰੀ ਲਏ ਟਰਾਂਸਫਰ ਕਰਨ ਸਬੰਧੀ ਦਸਤਾਵੇਜ਼ ਅਪਲੋਡ ਕਰ ਦਿੰਦੇ ਸਨ ਅਤੇ ਉਨ੍ਹਾਂ ਦੇ ਈ-ਸਾਈਨ ਨੂੰ ਆਰ. ਸੀ ’ਤੇ ਪ੍ਰਕਾਸ਼ਿਤ ਕਰ ਦਿੰਦੇ ਸਨ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਇਨ੍ਹਾਂ ਕਰਮਚਾਰੀਆਂ ਵੱਲੋਂ 720 ਰੁਪਏ ਦੀ ਸਰਕਾਰੀ ਫੀਸ ਉਨ੍ਹਾਂ ਵਾਹਨਾਂ ਲਈ ਫੈਂਸੀ ਨੰਬਰਾਂ ਸਬੰਧੀ ਸਰਕਾਰੀ ਖਾਤੇ ਵਿਚ ਟੈਕਸ ਵਜੋਂ ਪਾਈ ਜਾਂਦੀ ਸੀ, ਜਿਸ ਨਾਲ ਸਰਕਾਰ ਨਾਲ ਧੋਖਾਦੇਹੀ ਕੀਤੀ ਜਾਂਦੀ ਸਾਹਮਣੇ ਆਉਂਦੀ ਹੈ। ਜਦੋਂ ਇਨ੍ਹਾਂ ਕਰਮਚਾਰੀਆਂ ਵੱਲੋਂ ਆਰ. ਸੀ. ਦੀ ਬਣਦੀ ਕੁਝ ਰੁਪਏ ਵਾਲੀ ਫੀਸ ਸਰਕਾਰ ਦੇ ਖਾਤੇ ਵਿਚ ਐੱਸ. ਡੀ. ਐੱਮ. ਦੀ ਆਈ. ਡੀ. ਹੈਕ ਕਰ ਕੇ ਪਾ ਦਿੱਤੀ ਜਾਂਦੀ ਸੀ ਤਾਂ ਉਸ ਗੱਡੀ ਦੀ ਰਜਿਸਟਰੇਸ਼ਨ ਆਨਲਾਈਨ ਸਾਫਟਵੇਅਰ ’ਚ ਸ਼ੋਅ ਕਰ ਜਾਂਦੀ ਸੀ, ਜਿਸ ਤੋਂ ਵਾਹਨ ਖਰੀਦਣ ਵਾਲੇ ਨੂੰ ਇਹ ਯਕੀਨ ਹੋ ਜਾਂਦਾ ਸੀ ਕਿ ਉਸ ਦਾ ਵਾਹਨ ਜ਼ਿਲਾ ਤਰਨਤਾਰਨ ਵਿਚ ਰਜਿਸਟਰਡ ਹੋ ਗਿਆ ਹੈ।

ਜਲਦ ਗ੍ਰਿਫਤਾਰ ਕੀਤੇ ਜਾਣਗੇ ਮੁਲਜ਼ਮ

ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਚੰਦਰ ਭੂਸ਼ਣ ਸ਼ਰਮਾ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਖਿਲਾਫ ਧਾਰਾ 420, 467, 468, 471, 473, 120 ਬੀ. ਆਈ. ਪੀ. ਸੀ. ਤੋਂ ਇਲਾਵਾ 65, 66, 71 ਇਨਫਰਮੇਸ਼ਨ ਟੈਕਨਾਲੋਜੀ ਐਕਟ 2000 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਦੀ ਤਫਤੀਸ਼ ਉਨ੍ਹਾਂ ਵੱਲੋਂ ਬਾਰੀਕੀ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਜੇ ਕੋਈ ਅਧਿਕਾਰੀ ਜਾਂ ਕਰਮਚਾਰੀ ਸ਼ਾਮਲ ਪਾਇਆ ਗਿਆ ਤਾਂ ਉਸ ਖਿਲਾਫ ਵੀ ਮਾਮਲਾ ਦਰਜ ਕੀਤਾ ਜਾਵੇਗਾ।


Bharat Thapa

Content Editor

Related News