ਪਾਕਿ ਡਰੋਨ ਭਾਰਤੀ ਖੇਤਰ 'ਚ ਮੁੜ ਹੋਇਆ ਦਾਖ਼ਲ, BSF ਨੇ ਫਾਈਰਿੰਗ ਕਰਕੇ ਡੇਗਿਆ
Monday, Dec 26, 2022 - 09:27 AM (IST)

ਨਵੀਂ ਦਿੱਲੀ/ਅੰਮ੍ਰਿਤਸਰ (ਭਾਸ਼ਾ/ਨੀਰਜ)- ਪਾਕਿਸਤਾਨ ਤੋਂ ਭਾਰਤ ਭੇਜੇ ਗਏ ਇਕ ਡਰੋਨ ਨੂੰ ਸਰਹੱਦੀ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਪੰਜਾਬ ਵਿਚ ਅੰਤਰਰਾਸ਼ਟਰੀ ਸਰਹੱਦ 'ਤੇ ਡੇਗ ਦਿੱਤਾ। ਇਕ ਸਰਕਾਰੀ ਬੁਲਾਰੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਰਾਜਾਤਾਲ ਪਿੰਡ ਦੀ ਖੇਤਰੀ ਸੀਮਾ ਦੇ ਅਧੀਨ ਆਉਂਦੇ ਖੇਤਰ ਵਿੱਚ ਐਤਵਾਰ ਸ਼ਾਮ 7.40 ਵਜੇ ਦੇ ਕਰੀਬ ਸੈਨਿਕਾਂ ਨੇ ਇੱਕ ਡਰੋਨ 'ਤੇ ਗੋਲੀਬਾਰੀ ਕਰਕੇ ਉਸ ਨੂੰ ਡੇਗ ਦਿੱਤਾ।
ਬੀ.ਐੱਸ.ਐੱਫ. ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਤੋਂ ਬਾਅਦ ਡਰੋਨ ਨੂੰ ਸਰਹੱਦੀ ਵਾੜ ਦੇ ਨੇੜੇ ਇੱਕ ਖੇਤ ਵਿੱਚੋਂ ਬਰਾਮਦ ਕੀਤਾ ਗਿਆ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਇਸ ਰਾਹੀਂ ਕੋਈ ਵਸਤੂ ਇੱਥੇ ਤਾਂ ਨਹੀਂ ਭੇਜੀ ਗਈ। ਬਾਰਡਰ ਫੋਰਸ ਨੇ ਪਿਛਲੇ ਇੱਕ ਹਫ਼ਤੇ ਵਿੱਚ ਪੰਜਾਬ ਵਿੱਚ ਘੱਟੋ-ਘੱਟ ਤਿੰਨ ਅਜਿਹੇ ਪਾਕਿਸਤਾਨੀ ਡਰੋਨਾਂ ਨੂੰ ਡੇਗਿਆ ਹੈ।