ਗੱਗੋਬੂਹਾ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀਆਂ ਇੱਟਾਂ

08/21/2019 4:43:17 AM

ਝਬਾਲ, (ਨਰਿੰਦਰ)- ਪਿੰਡ ਗੱਗੋਬੂਹਾ ਵਿਖੇ ਬੀਤੀ ਰਾਤ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਪੱਖਾਂ ਵਿਚਕਾਰ ਹੋਏ ਝਗਡ਼ੇ ਵਿਚ ਇੱਟਾਂ-ਰੋਡ਼ੇ ਚਲਣ ਅਤੇ ਘਰਾਂ ਦੀ ਭੰਨ-ਤੋਡ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਸੁਖਦੇਵ ਸਿੰਘ, ਕਸ਼ਮੀਰ ਸਿੰਘ ਦੀ ਪਤਨੀ ਸੁਖਵਿੰਦਰ ਕੌਰ, ਮੈਂਬਰ ਮਨਜੀਤ ਸਿੰਘ, ਪ੍ਰਧਾਨ ਕੰਵਲਜੀਤ ਸਿੰਘ, ਮੈਂਬਰ ਮਹਿੰਦਰ ਸਿੰਘ, ਮੈਂਬਰ ਸ਼ਮਸ਼ੇਰ ਸਿੰਘ, ਲਖਵਿੰਦਰ ਸਿੰਘ, ਕਸ਼ਮੀਰ ਸਿੰਘ, ਬਲਜਿੰਦਰ ਸਿੰਘ ਅਤੇ ਸਾਹਿਬ ਸਿੰਘ ਦੇ ਘਰਾਂ ’ਚ ਹੋਈ ਭੰਨ-ਤੋੜ ਨੂੰ ਵਿਖਾਉਂਦਿਆਂ ਦੱਸਿਆ ਕਿ ਬੀਤੀ 15 ਅਗਸਤ ਨੂੰ ਸਾਹਿਬ ਸਿੰਘ ਪੁੱਤਰ ਪ੍ਰਕਾਸ਼ ਸਿੰਘ ਦੇ ਘਰ ਜਦੋਂ ਉਸ ਦੀ ਪਤਨੀ ਇੱਕਲੀ ਸੀ ਤਾਂ ਸਿੰਕਦਰ ਸਿੰਘ ਪੁੱਤਰ ਹਰੀ ਸਿੰਘ ਨੇ ਦੋ ਦਰਜਨ ਦੇ ਕਰੀਬ ਅਣਪਛਾਤੇ ਵਿਅਕਤੀਆਂ ਨਾਲ ਉਸ ਦੇ ਘਰ ’ਤੇ ਹਮਲਾ ਕਰ ਕੇ ਸਾਹਿਬ ਸਿੰਘ ਨੂੰ ਗਾਲੀ-ਗਲੋਚ ਕਰਦਿਆਂ ਹੋਇਆ ਭੰਨ-ਤੋਡ਼ ਕੀਤੀ, ਇਸ ਦੌਰਾਨ ਉਸ ਦੀ ਪਤਨੀ ਨੇ ਲੁਕ ਕੇ ਆਪਣੀ ਜਾਨ ਬਚਾਈ, ਜਿਸ ਸਬੰਧੀ ਪੁਲਸ ਨੂੰ ਦਰਖਾਸਤ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਹੋਣ ਕਰ ਕੇ ਬੀਤੀ ਸੋਮਵਾਰ ਦੀ ਰਾਤ ਨੂੰ ਸਾਡੇ ਪਿੰਡ ਦੇ ਹੀ ਜ਼ਿਮੀਂਦਾਰ ਬਲਵਿੰਦਰ ਸਿੰਘ, ਸੁਖਦੇਵ ਸਿੰਘ ਸੁੱਖਾ ਆਪਣੇ ਨਾਲ ਦਰਜਨ ਦੇ ਕਰੀਬ ਵਿਅਕਤੀਆਂ ਦੇ ਨਾਲ ਉਨ੍ਹਾਂ ਘਰਾਂ ਅੱਗੇ ਆ ਕੇ ਉਨ੍ਹਾਂ ਨੂੰ ਜਾਤੀ-ਸੂਚਕ ਸ਼ਬਦ ਵਰਤ ਕੇ ਗਾਲਾਂ ਕੱਢਦੇ ਰਹੇ ਤੇ ਘਰਾਂ ਦੇ ਮੇਨ ਗੇਟ ’ਤੇ ਦਾਤਰ ਮਾਰ-ਮਾਰ ਕੇ ਭੰਨ-ਤੋਡ਼ ਕਰਦੇ ਰਹੇ, ਜਿਸ ਕਰ ਕੇ ਅਸੀਂ ਭੱਜ ਕੇ ਆਪਣੀ ਜਾਨ ਬਚਾਈ ਤੇ ਘਰ ’ਚ ਉਨ੍ਹਾਂ ਦੀ ਇਕੱਲੀ ਬਜ਼ੁਰਗ ਮਾਤਾ ਹਰਭਜਨ ਕੌਰ ਸਹਿਮ ਕੇ ਡਿੱਗ ਪਈ ਤੇ ਜੋ ਬੀਮਾਰੀ ਦੀ ਹਾਲਤ ਵਿਚ ਅਜੇ ਵੀ ਮੰਜੇ ’ਤੇ ਪਈ ਹੈ। ਇਸ ਸਬੰਧੀ ਉਹ ਤਰਨਤਾਰਨ ਐੱਸ. ਐੱਸ. ਪੀ. ਸਾਹਿਬ ਨੂੰ ਦਰਖਾਸਤ ਦੇਣ ਗਏ ਸੀ ਕਿ ਪਿੱਛੋਂ ਇਨ੍ਹਾਂ ਉਪਰੋਕਤ ਵਿਅਕਤੀਆਂ ਨੇੇ ਘਰ ’ਚ ਪਏ ਕੀਮਤੀ ਸਾਮਾਨ ਬਾਰੀਆਂ ਦੇ ਸ਼ੀਸ਼ੇ ਅਤੇ ਫਰਿੱਜ ਦੀ ਭੰਨ-ਤੋਡ਼ ਕੀਤੀ ਅਤੇ ਅਲਮਾਰੀ ’ਚੋਂ ਨਕਦ ਰਾਸ਼ੀ ਵੀ ਕੱਢ ਕੇ ਲੈ ਗਏ। ਉਨ੍ਹਾਂ ਪੁਲਸ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ।

ਕੀ ਕਹਿਣਾ ਹੈ ਦੂਜੇ ਪੱਖ ਦਾ

ਇਸ ਸਬੰਧੀ ਦੂਸਰੇ ਪੱਖ ਨਾਲ ਸਬੰਧਤ ਕਾਂਗਰਸੀ ਆਗੂ ਆਡ਼੍ਹਤੀਅਾ ਬਲਵਿੰਦਰ ਸਿੰਘ, ਕਾਂਗਰਸੀ ਆਗੂ ਹਰਜੀਤ ਸਿੰਘ ਗੱਗੋਬੂਹਾ, ਸਿਕੰਦਰ ਸਿੰਘ, ਹਰਵਿੰਦਰ ਸਿੰਘ, ਮੇਜਰ ਸਿੰਘ, ਅੰਮ੍ਰਿਤਪਾਲ ਸਿੰਘ, ਸੁਖਦੇਵ ਸਿੰਘ, ਮੈਂਬਰ ਸਤਨਾਮ ਸਿੰਘ ਨੇ ਕਿਹਾ ਕਿ ਅਸਲ ’ਚ ਇਨ੍ਹਾਂ ਦਾ ਪੁਰਾਣਾ ਝਗਡ਼ਾ ਚੱਲਿਆ ਆ ਰਿਹਾ ਹੈ ਅਤੇ ਬੀਤੀ ਰਾਤ ਵੀ ਜਦੋਂ ਦੋਵਾਂ ਗਰੁੱਪਾਂ ਵਿਚਕਾਰ ਝਗਡ਼ਾ ਹੋਇਆ ਤਾਂ ਮੌਕੇ ’ਤੇ ਝਬਾਲ ਥਾਣੇ ਤੋਂ ਪੁਲਸ ਪਹੁੰਚੀ ਤਾਂ ਇਨ੍ਹਾਂ ਨੇ ਪੁਲਸ ਦੀ ਹਾਜ਼ਰੀ ’ਚ ਸਾਹਿਬ ਸਿੰਘ ਦੇ ਗਰੁੱਪ ਦੇ ਬੰਦਿਆਂ ਨੇ ਉਨ੍ਹਾਂ ਦੀ ਗੱਡੀ ਦਾ ਸ਼ੀਸ਼ਾ ਤੋਡ਼ਨ ਤੋਂ ਇਲਾਵਾ ਪੁਲਸ ਦੀ ਪ੍ਰਾਈਵੇਟ ਗੱਡੀ ਦਾ ਵੀ ਸ਼ੀਸ਼ਾ ਤੋਡ਼ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੇਸ ਦਰਜ ਕਰਵਾਉਣ ਦੀ ਖਾਤਿਰ ਆਪ ਹੀ ਘਰਾਂ ਦੀ ਤੋਡ਼-ਭੰਨ ਕੀਤੀ ਹੈ। ਕਾਂਗਰਸੀ ਆਗੂ ਬਲਵਿੰਦਰ ਸਿੰਘ ਤੇ ਹਰਜੀਤ ਸਿੰਘ ਗੱਗੋਬੂਹਾ ਨੇ ਦੱਸਿਆ ਕਿ ਉਲਟਾ ਪੁਲਸ ਸਾਡੇ ਹੀ ਵਿਅਕਤੀ ਨੂੰ ਫਡ਼ ਕੇ ਲੈ ਗਈ ਹੈ, ਜਿਸ ਸਬੰਧੀ ਸਾਰਾ ਮਸਲਾ ਅਸੀਂ ਹਲਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਦੇ ਧਿਆਨ ’ਚ ਲੈ ਆਂਦਾ ਹੈ। ਬਾਕੀ ਜਾਤੀ-ਸੂਚਕ ਸ਼ਬਦ ਬੋਲਣ ਸਬੰਧੀ ਇਹ ਝੂਠ ਬੋਲ ਰਹੇ ਹਨ।

ਕੀ ਕਹਿਣਾ ਹੈ ਥਾਣਾ ਮੁਖੀ ਦਾ

ਇਸ ਸਬੰਧੀ ਥਾਣਾ ਮੁਖੀ ਵਿਜੇ ਕੁਮਾਰ ਨੇ ਕਿਹਾ ਕਿ ਅਸਲ ’ਚ ਦੋਵਾਂ ਪੱਖਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਹੈ, ਜਿਸ ਕਰ ਕੇ ਦੋਵਾਂ ਵਿਚਕਾਰ ਤਕਰਾਰ ਹੋ ਗਿਆ। ਘਟਨਾ ਦਾ ਪਤਾ ਚੱਲਦਿਆਂ ਹੀ ਝਬਾਲ ਤੋਂ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਗਈ ਸੀ। ਜਿਸ ਸਬੰਧੀ ਸਾਰੇ ਮਾਮਲੇ ਦੀ ਪੁਲਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ ’ਚ ਨਹੀਂ ਲੈਣ ਦਿੱਤਾ ਜਾਵੇਗਾ।


Bharat Thapa

Content Editor

Related News