ਘਰੋਂ ਸਾਮਾਨ ਲੈਣ ਗਏ ਡਾਕ ਕਰਮਚਾਰੀ ਦੀ ਨਹਿਰ ਕਿਨਾਰੇ ਸ਼ੱਕੀ ਹਾਲਾਤ ''ਚ ਮਿਲੀ ਲਾਸ਼, ਇਲਾਕੇ ''ਚ ਫੈਲੀ ਸਨਸਨੀ
Thursday, Nov 05, 2026 - 05:10 PM (IST)
ਅੰਮ੍ਰਿਤਸਰ/ਜੰਡਿਆਲਾ (ਗੁਰਪ੍ਰੀਤ): ਜੰਡਿਆਲਾ ਮਾਰਗ ’ਤੇ ਨਹਿਰ ਦੇ ਕਿਨਾਰੇ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ 57 ਸਾਲਾ ਤਰਸੇਮ ਸਿੰਘ ਦੀ ਲਾਸ਼ ਸ਼ੱਕੀ ਹਾਲਾਤ ਵਿੱਚ ਸੜਕ ’ਤੇ ਪਈ ਮਿਲੀ। ਮ੍ਰਿਤਕ ਡਾਕ ਵਿਭਾਗ ਵਿੱਚ ਨੌਕਰੀ ਕਰਨ ਦੇ ਨਾਲ-ਨਾਲ ਕਰਿਆਨੇ ਦੀ ਦੁਕਾਨ ਵੀ ਚਲਾਉਂਦੇ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਘਰੋਂ ਦੁਕਾਨ ਲਈ ਸਾਮਾਨ ਲੈਣ ਵਾਸਤੇ ਨਿਕਲੇ ਸਨ, ਪਰ ਕੁਝ ਸਮੇਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਗੰਭੀਰ ਜ਼ਖ਼ਮੀ ਅਤੇ ਬੇਹੋਸ਼ ਹਾਲਤ ਵਿੱਚ ਸੜਕ ’ਤੇ ਪਏ ਹੋਣ ਦੀ ਸੂਚਨਾ ਮਿਲੀ। ਜਦੋਂ ਤੱਕ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਜਾਂਦਾ, ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ।
ਇਹ ਵੀ ਪੜ੍ਹੋ-ਅੰਮ੍ਰਿਤਸਰ ਪੁਲਸ ਨੇ ਸੁਲਝਾਈਆਂ 3 ਗੋਲੀਬਾਰੀ ਦੀਆਂ ਵਾਰਦਾਤਾਂ, ਵੱਡੇ ਹਥਿਆਰਾਂ ਨਾਲ 16 ਮੁਲਜ਼ਮ ਗ੍ਰਿਫਤਾਰ
ਮ੍ਰਿਤਕ ਦੀ ਪਤਨੀ ਨੇ ਰੋਂਦਿਆਂ ਦੱਸਿਆ ਕਿ ਤਰਸੇਮ ਸਿੰਘ ਸਵੇਰੇ ਕਰੀਬ ਸਾਢੇ ਛੇ ਵਜੇ ਬਿਲਕੁਲ ਠੀਕ-ਠਾਕ ਹਾਲਤ ਵਿੱਚ ਚਾਹ ਪੀ ਕੇ ਘਰੋਂ ਨਿਕਲੇ ਸਨ। ਉਨ੍ਹਾਂ ਦੱਸਿਆ ਸੀ ਕਿ ਉਹ ਜੰਡਿਆਲਾ ਤੋਂ ਕਰਿਆਨੇ ਅਤੇ ਸਬਜ਼ੀ ਦਾ ਸਾਮਾਨ ਲੈਣ ਜਾ ਰਹੇ ਹਨ। ਇਸ ਤੋਂ ਕਰੀਬ ਇੱਕ ਘੰਟੇ ਬਾਅਦ, ਸਵੇਰੇ ਸਾਢੇ ਸੱਤ ਵਜੇ ਦੇ ਆਸ-ਪਾਸ, ਉਨ੍ਹਾਂ ਦੇ ਜੇਠ ਦੇ ਲੜਕਿਆਂ ਅਤੇ ਪਿੰਡ ਦੇ ਇੱਕ ਨੌਜਵਾਨ ਦਾ ਫੋਨ ਆਇਆ ਕਿ ਤਰਸੇਮ ਸਿੰਘ ਗੰਭੀਰ ਜ਼ਖ਼ਮੀ ਹਾਲਤ ਵਿੱਚ ਸੜਕ ’ਤੇ ਡਿੱਗੇ ਪਏ ਹਨ। ਪਰਿਵਾਰਕ ਮੈਂਬਰ ਤੁਰੰਤ ਮੌਕੇ ’ਤੇ ਪਹੁੰਚੇ, ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਪਤਨੀ ਨੇ ਰੋਂਦਿਆਂ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ, ਅਸਲ ਸੱਚਾਈ ਸਾਹਮਣੇ ਲਿਆਉਣ ਅਤੇ ਇਨਸਾਫ਼ ਦਿਵਾਉਣ ਦੀ ਗੁਹਾਰ ਲਗਾਈ।
ਇਹ ਵੀ ਪੜ੍ਹੋ- ਕਾਂਸਟੇਬਲ ਕਰਮਬੀਰ ਦਾ ਸਾਥੀ ਹਰਜੀਤ ਗ੍ਰਿਫ਼ਤਾਰ, NCB ਨੇ ਕੀਤੀ ਵੱਡੀ ਕਾਰਵਾਈ
ਮ੍ਰਿਤਕ ਦੇ ਰਿਸ਼ਤੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਇੱਕ ਨੌਜਵਾਨ ਨੇ ਫੋਨ ਕਰਕੇ ਉਨ੍ਹਾਂ ਨੂੰ ਘਟਨਾ ਸਬੰਧੀ ਜਾਣਕਾਰੀ ਦਿੱਤੀ ਸੀ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਤਰਸੇਮ ਸਿੰਘ ਦੇ ਸਿਰ ਅਤੇ ਚਿਹਰੇ ਤੋਂ ਕਾਫ਼ੀ ਖੂਨ ਵਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਤਰਸੇਮ ਸਿੰਘ ਦੀ ਜੇਬ ਵਿੱਚ ਇੱਕ ਪਾਸੇ ਕਰੀਬ 7500 ਰੁਪਏ ਅਤੇ ਦੂਜੇ ਪਾਸੇ 3000 ਰੁਪਏ ਪਏ ਸਨ। ਇਸ ਤੋਂ ਇਲਾਵਾ ਉਨ੍ਹਾਂ ਦਾ ਮੋਬਾਈਲ ਫੋਨ ਅਤੇ ਮੋਟਰਸਾਈਕਲ ਵੀ ਮੌਕੇ ’ਤੇ ਹੀ ਮਿਲੇ। ਮੋਟਰਸਾਈਕਲ ਦਾ ਅਗਲਾ ਹਿੱਸਾ ਅਤੇ ਲਾਈਟ ਟੁੱਟੀ ਹੋਈ ਸੀ।
ਇਹ ਵੀ ਪੜ੍ਹੋ-ਲੁਟੇਰਿਆਂ ਦੀ ਵੱਡੀ ਵਾਰਦਾਤ, ਹਥਿਆਰ ਦੀ ਨੋਕ ’ਤੇ ਲੱਖਾਂ ਰੁਪਏ ਦੇ ਪਟਾਕਿਆਂ ਨਾਲ ਭਰੀ ਪਿਕਅੱਪ ਗੱਡੀ ਖੋਹੀ
ਬਲਕਾਰ ਸਿੰਘ ਨੇ ਕਿਹਾ ਕਿ ਨਕਦੀ ਅਤੇ ਮੋਬਾਈਲ ਸੁਰੱਖਿਅਤ ਹੋਣ ਕਾਰਨ ਇਹ ਸਮਝ ਨਹੀਂ ਆ ਰਿਹਾ ਕਿ ਇਹ ਲੁੱਟ ਦੀ ਨੀਅਤ ਨਾਲ ਕੀਤਾ ਗਿਆ ਹਮਲਾ ਹੈ, ਕਿਸੇ ਵਾਹਨ ਦੀ ਟੱਕਰ ਹੈ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਨਹਿਰ ਕਿਨਾਰੇ ਸੁੰਨਸਾਨ ਰਸਤਿਆਂ ’ਤੇ ਅਕਸਰ ਸਮਾਜ ਵਿਰੋਧੀ ਅਨਸਰਾਂ ਅਤੇ ਲੁਟੇਰਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ, ਪਰ ਉੱਥੇ ਪੁਲਸ ਦੀ ਗਸ਼ਤ ਬਹੁਤ ਘੱਟ ਹੁੰਦੀ ਹੈ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ, ਤਾਂ ਜੋ ਪਤਾ ਲੱਗ ਸਕੇ ਕਿ ਆਖ਼ਰ ਤਰਸੇਮ ਸਿੰਘ ਨਾਲ ਕੀ ਵਾਪਰਿਆ ਸੀ।
ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਤਰਸੇਮ ਸਿੰਘ (ਕਰੀਬ 57 ਸਾਲ), ਵਾਸੀ ਕੋਟ ਖਾਲਸਾ ਵਜੋਂ ਹੋਈ ਹੈ। ਉਹ ਡਾਕ ਵਿਭਾਗ ਵਿੱਚ ਸੇਵਾਵਾਂ ਨਿਭਾਉਂਦੇ ਸਨ ਅਤੇ ਇਸ ਦੇ ਨਾਲ ਹੀ ਆਪਣੀ ਦੁਕਾਨ ਵੀ ਚਲਾਉਂਦੇ ਸਨ। ਸਵੇਰੇ ਕਰੀਬ 6:45 ਵਜੇ ਉਹ ਮੋਟਰਸਾਈਕਲ ’ਤੇ ਸਾਮਾਨ ਲੈਣ ਲਈ ਘਰੋਂ ਨਿਕਲੇ ਸਨ, ਜਿਸ ਤੋਂ ਬਾਅਦ ਨਹਿਰ ਦੇ ਨੇੜੇ ਸੜਕ ’ਤੇ ਉਨ੍ਹਾਂ ਦੀ ਲਾਸ਼ ਬਰਾਮਦ ਹੋਈ। ਅਧਿਕਾਰੀ ਅਨੁਸਾਰ ਮੁੱਢਲੀ ਜਾਂਚ ਦੌਰਾਨ ਮ੍ਰਿਤਕ ਦੇ ਨੱਕ ਅਤੇ ਕੰਨਾਂ ਵਿੱਚੋਂ ਖੂਨ ਵਗਦਾ ਪਾਇਆ ਗਿਆ, ਜਦਕਿ ਸਰੀਰ ’ਤੇ ਕਿਸੇ ਤੇਜ਼ਧਾਰ ਜਾਂ ਬਾਹਰੀ ਹਥਿਆਰ ਨਾਲ ਕੀਤੇ ਹਮਲੇ ਦੇ ਸਪੱਸ਼ਟ ਨਿਸ਼ਾਨ ਨਹੀਂ ਮਿਲੇ। ਉਨ੍ਹਾਂ ਕੋਲੋਂ ਸਾਰੀ ਨਕਦੀ, ਮੋਬਾਈਲ ਫੋਨ ਅਤੇ ਮੋਟਰਸਾਈਕਲ ਸੁਰੱਖਿਅਤ ਬਰਾਮਦ ਹੋਏ ਹਨ। ਪਿੰਡ ਵਿੱਚ ਵੀ ਉਨ੍ਹਾਂ ਦੀ ਕਿਸੇ ਨਾਲ ਪੁਰਾਣੀ ਰੰਜਿਸ਼ ਸਾਹਮਣੇ ਨਹੀਂ ਆਈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਅਚਾਨਕ ਦਿਲ ਦਾ ਦੌਰਾ ਪੈਣ ਅਤੇ ਮੋਟਰਸਾਈਕਲ ਤੋਂ ਡਿੱਗਣ ਦਾ ਮਾਮਲਾ ਵੀ ਹੋ ਸਕਦਾ ਹੈ ਜਾਂ ਫਿਰ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਵੀ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ। ਫਿਲਹਾਲ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਮੌਤ ਦੇ ਅਸਲ ਅਤੇ ਸਪੱਸ਼ਟ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ, ਜਿਸ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
