ਬਟਾਲਾ ਪੁਲਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਹਥਿਆਰਾਂ ਸਮੇਤ 7 ਮੁਲਜ਼ਮ ਕੀਤੇ ਗ੍ਰਿਫ਼ਤਾਰ
Wednesday, Jun 28, 2023 - 06:30 PM (IST)
ਬਟਾਲਾ (ਬੇਰੀ, ਸਾਹਿਲ, ਗੋਰਾਇਆ, ਖੋਖਰ)- ਬੀਤੇ ਦਿਨੀਂ ਥਾਣਾ ਘੁਮਾਣ ਅਧੀਨ ਪੈਂਦੇ ਪਿੰਡ ਚੋਣੇ ਵਿਖੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਬਟਾਲਾ ਪੁਲਸ ਨੇ ਇਸ ਕਤਲ ’ਚ ਸ਼ਾਮਲ 7 ਵਿਅਕਤੀਆਂ ਨੂੰ 3 ਪਿਸਤੌਲਾਂ, 24 ਜ਼ਿੰਦਾ ਰੌਂਦਾਂ ਅਤੇ 3 ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਐੱਸ. ਐੱਸ. ਪੀ. ਦਫ਼ਤਰ ਬਟਾਲਾ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸ. ਪੀ. ਇਨਵੈਸਟੀਗੇਸਨ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਬੀਤੀ 7 ਜੂਨ ਦੀ ਦੇਰ ਰਾਤ ਥਾਣਾ ਘੁਮਾਣ ਅਧੀਨ ਪੈਂਦੇ ਪਿੰਡ ਚੋਣੇ ਵਿਖੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਕੁਝ ਅਣਪਛਾਤੇ ਵਿਅਕਤੀਆਂ ਨੇ ਇਕ ਘਰ ’ਤੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਕਾਰਨ ਘਰ ਦੇ ਵਿਹੜੇ ’ਚ ਬੈਠੇ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਇਸ ਸਬੰਧੀ ਪੁਲਸ ਵੱਲੋਂ ਥਾਣਾ ਘੁਮਾਣ ’ਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਡੀ. ਐੱਸ. ਪੀ. ਸ੍ਰੀ ਹਰਗੋਬਿੰਦਪੁਰ ਸਾਹਿਬ ਗੁਰਿੰਦਰਬੀਰ ਸਿੰਘ ਦੀ ਸੁਪਰਵੀਜਨ ’ਚ ਪੁਲਸ ਟੀਮ ਨੇ ਇਸ ਕਤਲ ਕਾਂਡ ਦੀ ਗੁੱਥੀ ਸੁਲਝਾ ਕੇ 10 ’ਚੋਂ 7 ਵਿਅਕਤੀਆਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਪਤਾ ਲੱਗਾ ਕਿ ਅੰਮ੍ਰਿਤਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਭੋਮਾ, ਜੋਕਿ ਇਸ ਸਮੇਂ ਵਿਦੇਸ਼ ਪੁਰਤਗਾਲ ’ਚ ਰਹਿ ਰਿਹਾ ਹੈ, ਨੇ ਸ਼ੱਕ ਦੇ ਆਧਾਰ ’ਤੇ ਆਪਣੇ ਇਕ ਰਿਸ਼ਤੇਦਾਰ ਦਿਨੇਸ਼ ਸਿੰਘ ਨੂੰ ਕਹਿ ਕੇ ਚਰਨਜੀਤ ਸਿੰਘ ਦੇ ਘਰ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਚਰਨਜੀਤ ਸਿੰਘ ਦੇ ਪਿਤਾ ਹਰਭਜਨ ਸਿੰਘ ਪੁੱਤਰ ਮੱਖਣ ਸਿੰਘ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਮਨੀਕਰਨ ਸਾਹਿਬ ਤੋਂ ਪਰਤੇ ਗੁਰਦਾਸਪੁਰ ਦੇ ਪਰਿਵਾਰ ਦੀ ਬਦਲੀ ਕਿਸਮਤ, ਰਾਤੋਂ-ਰਾਤ ਬਣਿਆ ਕਰੋੜਪਤੀ
ਉਨ੍ਹਾਂ ਦੱਸਿਆ ਕਿ ਫੜੇ ਵਿਅਕਤੀਆਂ ਦੀ ਪਛਾਣ ਦਿਨੇਸ਼ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਕੋਟ ਹਿਰਦੇਰਾਮ, ਹਰਮਨਜੋਤ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਅਠਵਾਲ, ਕਸ਼ਮੀਰ ਸਿੰਘ ਪੁੱਤਰ ਵੱਸਣ ਸਿੰਘ ਵਾਸੀ ਭੋਮਾ, ਅਮਨਦੀਪ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਨਵਾਂ ਪਿੰਡ, ਰਾਜਬੀਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਫਤਿਹਪੁਰ, ਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਸਰਵਣ ਸਿੰਘ ਵਾਸੀ ਤਲਵੰਡੀ ਦੋਸੰਦਾ ਸਿੰਘ ਅਤੇ ਬਲਰਾਜ ਸਿੰਘ ਉਰਫ਼ ਬਾਜਾ ਪੁੱਤਰ ਹੀਰਾ ਸਿੰਘ ਕੈਰੋਨੰਗਲ ਵਜੋਂ ਹੋਈ ਹੈ। ਇਨ੍ਹਾਂ ’ਚੋਂ ਹਰਮਨਜੋਤ ਸਿੰਘ ਤੇ ਕਸ਼ਮੀਰ ਸਿੰਘ ਨੂੰ ਪੁਲਸ ਨੇ ਪਹਿਲਾਂ ਵੀ ਫੜ ਕੇ ਜੇਲ ਭੇਜ ਦਿੱਤਾ ਹੈ।
ਐੱਸ. ਪੀ. ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਪੁਲਸ ਨੇ ਦਿਨੇਸ਼ ਸਿੰਘ ਕੋਲੋਂ 2 ਪਿਸਤੌਲਾਂ ਸਮੇਤ 21 ਜ਼ਿੰਦਾ ਰੌਂਦ ਅਤੇ 2 ਖੋਲ, ਅਮਨਦੀਪ ਸਿੰਘ ਕੋਲੋਂ ਇਕ ਮੋਟਰਸਾਈਕਲ ਸਪਲੈਂਡਰ, ਇਕ ਪਿਸਤੌਲ 315 ਬੋਰ ਸਮੇਤ 3 ਜ਼ਿੰਦਾ ਰੌਂਦ ਅਤੇ 2 ਖੋਲ, ਰਾਜਬੀਰ ਸਿੰਘ ਕੋਲੋਂ ਇਕ ਮੋਟਰਸਾਈਕਲ ਸਪਲੈਂਡ ਅਤੇ ਬਲਰਾਜ ਸਿੰਘ ਬਾਜਾ ਕੋਲੋਂ ਬਿਨਾਂ ਨੰਬਰੀ ਮੋਟਰਸਾਈਕਲ ਪਲੈਟੀਨਾ ਬਰਾਮਦ ਕੀਤਾ ਹੈ। ਉਕਤ ਵਿਅਕਤੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਵੱਲੋਂ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਮੌਕੇ ਐੱਸ. ਐੱਚ. ਓ. ਘੁਮਾਣ ਪਰਮਿੰਦਰ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ-ਜਲੰਧਰ ਦੇ ਬਸਤੀ ਗੁਜ਼ਾਂ 'ਚ ਹੋਏ ਕਰਿਆਨਾ ਸਟੋਰ ਮਾਲਕ ਦਾ ਮਰਡਰ ਕੇਸ ਟਰੇਸ, ਕਾਤਲ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
