ਪੰਜਾਬ ਯੂਥ ਡਿਵੈਲਪਮੈਂਟ ਬੋਰਡ ''ਚ ਕੋਆਰਡੀਨੇਟਰ ਦਾ ਕੋਈ ਅਹੁੱਦਾ ਨਹੀ : ਧੁੰਨਾ

Wednesday, Nov 25, 2020 - 09:50 AM (IST)

ਅੰਮ੍ਰਿਤਸਰ (ਛੀਨਾ): ਪੰਜਾਬ ਸਰਕਾਰ ਵਲੋਂ ਕੋਵਿਡ 19 ਕਾਰਣ ਲਾਏ ਗਏ ਤਾਲਾਬੰਦੀ ਦੌਰਾਨ ਮਿਸ਼ਨ ਫ਼ਤਿਹ ਤਹਿਤ ਵਿੱਢੀ ਗਈ ਮੁਹਿੰਮ ਨੂੰ ਕਾਮਯਾਬ ਕਰਨ ਲਈ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਅਧੀਨ ਆਪਣੀਆ ਸੇਵਾਵਾਂ ਨਿਭਾਉਣ ਵਾਲੇ ਗੁਰੂ ਨਗਰੀ ਦੇ ਕੁਝ ਯੂਥ ਕਾਂਗਰਸੀ ਵਰਕਰਾਂ ਦੀ ਹੌਸਲਾ ਅਫ਼ਜਾਈ ਲਈ ਉਨ੍ਹਾਂ ਨੂੰ ਕੋਆਰਡੀਨੇਟਰ ਵਜੋਂ ਅਹੁਦੇ ਦਿੱਤੇ ਗਏ ਸਨ ਪਰ ਹੁਣ ਉਕਤ ਕਾਂਗਰਸੀ ਵਰਕਰਾਂ ਵਲੋਂ ਆਪਣੇ ਹੋਰਡਿੰਗ ਬੋਰਡਾਂ 'ਚ ਪੰਜਾਬ ਸਰਕਾਰ ਦਾ ਨਾਂ ਲਿਖ ਕੇ ਜੋ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਉਹ ਸਰਾਸਰ ਗਲਤ ਹੈ। ਇਹ ਵਿਚਾਰ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਮੈਂਬਰ ਜਸਵਿੰਦਰ ਸਿੰਘ ਧੁੰਨਾ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਪ੍ਰਗਟਾਏ।

ਇਹ ਵੀ ਪੜ੍ਹੋ: ਸਿਵਲ ਹਸਪਤਾਲ ਬੁਢਲਾਡਾ 'ਚ ਵੱਡੀ ਲਾਪਰਵਾਹੀ, ਇਕ ਹੋਰ ਬੱਚਾ ਨਿਕਲਿਆ HIV ਪਾਜ਼ੇਟਿਵ

ਉਨ੍ਹਾਂ ਕਿਹਾ ਕਿ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਅਧੀਨ ਕੰਮ ਕਰਨ ਵਾਲੇ ਕਾਂਗਰਸੀ ਵਰਕਰਾਂ ਨੂੰ ਕੋਆਰਡੀਨੇਟਰ ਨਿਯੁਕਤ ਕਰਨ ਦੀ ਉਨ੍ਹਾਂ ਖੁਦ (ਜਸਵਿੰਦਰ ਸਿੰਘ ਧੁੰਨਾ) ਨੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾਂ ਨੂੰ ਸ਼ਿਫਾਰਸ਼ ਕੀਤੀ ਸੀ, ਤਾਂ ਜੋ ਉਕਤ ਨੌਜਵਾਨਾਂ ਦਾ ਉਤਸ਼ਾਹ ਬਣਿਆ ਰਹੇ ਅਤੇ ਉਹ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਹੋਰ ਵੀ ਤਕੜੇ ਹੋ ਕੇ ਕੰਮ ਕਰਨ ਪਰ ਉਹ ਪੰਜਾਬ ਸਰਕਾਰ ਦੇ ਨਾਂ ਦੀ ਵਰਤੋਂ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਦੀ ਨਿਯੁਕਤੀ ਪੰਜਾਬ ਸਰਕਾਰ ਜਾਂ ਖੇਡ ਮੰਤਰੀ ਵਲੋਂ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ: ਅਕਾਲੀ ਆਗੂ ਦੇ ਘਰੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ

ਧੁੰਨਾ ਨੇ ਆਖਿਆ ਕਿ ਪੰਜਾਬ ਯੂਥ ਡਿਵੈਲਪਮੈਂਟ ਬੋਰਡ 'ਚ ਕੋਆਰਡੀਨੇਟਰ ਦਾ ਕੋਈ ਅਹੁਦਾ ਹੀ ਨਹੀਂ, ਜਿਸ ਕਾਰਣ ਇਨ੍ਹਾਂ ਨੌਜਵਾਨਾਂ ਨੂੰ ਹਵਾ 'ਚ ਉਡਣ ਦੀ ਬਜਾਏ ਜ਼ਮੀਨ 'ਤੇ ਰਹਿ ਕੇ ਕਾਂਗਰਸ ਪਾਰਟੀ ਦੀ ਸੇਵਾ ਲਈ ਕੰਮ ਕਰਨਾ ਚਾਹੀਦਾ ਹੈ। ਧੁੰਨਾ ਨੇ ਜ਼ਿਲਾ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਕਾਂਗਰਸੀ ਵਰਕਰਾਂ ਵੱਲੋਂ ਪੰਜਾਬ ਸਰਕਾਰ ਦੇ ਨਾਂ ਵਾਲੇ ਸ਼ਹਿਰ 'ਚ ਕਈ ਥਾਈਂ ਹੋਰਡਿੰਗ ਬੋਰਡ ਲਾਏ ਗਏ ਹਨ, ਜੋ ਕਿ ਤੁਰੰਤ ਉਤਾਰ ਲਏ ਜਾਣ ਕਿਉਂਕਿ ਇਨ੍ਹਾਂ ਬੋਰਡਾਂ ਕਾਰਣ ਲੋਕ ਗੁੰਮਰਾਹ ਹੋ ਰਹੇ ਹਨ।


Baljeet Kaur

Content Editor

Related News