ਜਾਅਲੀ ਡਰਾਈਵਿੰਗ ਲਾਇਸੈਂਸ ਅਤੇ ਕਾਗਜ਼ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼, 2 ਗ੍ਰਿਫ਼ਤਾਰ

01/14/2021 2:07:07 PM

ਅੰਮ੍ਰਿਤਸਰ (ਸੰਜੀਵ) : ਜਾਅਲੀ ਡਰਾਈਵਿੰਗ ਲਾਇਸੈਂਸ, ਚੋਰੀ ਦੀਆਂ ਗੱਡੀਆਂ ਦੀ ਆਰ. ਸੀ. ਅਤੇ ਹੋਰ ਕਾਗਜ਼ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ ਥਾਣਾ ਗੇਟ ਹਕੀਮਾਂ ਦੀ ਪੁਲਸ ਨੇ ਗਿਰੋਹ ਦੇ ਸਰਗਣੇ ਧਰਮਵੀਰ ਸਿੰਘ ਸੰਨੀ ਵਾਸੀ ਨਿਊ ਕ੍ਰਿਸ਼ਨਾ ਨਗਰ ਮੁਰੱਬੇ ਵਾਲੀ ਗਲੀ ਅਤੇ ਉਸਦੇ ਸਾਥੀ ਜਸਪ੍ਰੀਤ ਸਿੰਘ ਵਾਸੀ ਫਤਿਹ ਸਿੰਘ ਕਾਲੋਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਉਨ੍ਹਾਂ ਦੇ ਕਬਜ਼ੇ ’ਚੋਂ ਮਾਨੀਟਰ, ਸੀ. ਪੀ. ਯੂ. , ਪ੍ਰਿੰਟਰ, ਬਾਈਡਿੰਗ ਮਸ਼ੀਨ, ਜਾਅਲੀ ਆਰ. ਸੀ. , ਜਾਅਲੀ ਡਰਾਈਵਿੰਗ ਲਾਇਸੈਂਸ ਅਤੇ ਜਾਅਲੀ 170 ਚਿੱਪ ਵਾਲੇ ਕਾਰਡ ਬਰਾਮਦ ਕੀਤੇ। ਪੁਲਸ ਨੇ ਮੁਲਜ਼ਮਾਂ ਵਿਰੁੱਧ ਧੋਖਾਦੇਹੀ ਦਾ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ’ਤੇ 2 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਹੈ । ਇਹ ਖੁਲਾਸਾ ਥਾਣਾ ਗੇਟ ਹਕੀਮਾਂ ਦੇ ਮੁਖੀ ਇੰਸ. ਰਣਜੀਤ ਸਿੰਘ ਧਾਲੀਵਾਲ ਨੇ ਕੀਤਾ।

ਇਹ ਵੀ ਪੜ੍ਹੋ : ਸਰਬੱਤ ਸਿਹਤ ਬੀਮਾ ਯੋਜਨਾ ’ਚ ਘਪਲੇ ਦੀਆਂ ਪਰਤਾਂ ਖੁੱਲਣ ਲੱਗੀਆਂ

ਉਨ੍ਹਾਂ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਮਾਰਕੀਟ ’ਚ ਜਾਅਲੀ ਲਾਇਸੈਂਸ ਅਤੇ ਵਾਹਨਾਂ ਦੇ ਕਾਗ਼ਜ਼ ਬਣਾਉਣ ਦਾ ਧੰਦਾ ਚਲਾ ਰਹੇ ਹਨ, ਜਿਸ ’ਤੇ ਪੁਲਸ ਪਾਰਟੀ ਨੇ ਘੇਰਾਬੰਦੀ ਕਰ ਕੇ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਰਿਮਾਂਡ ਦੌਰਾਨ ਦੋਸ਼ੀਆਂ ਤੋਂ ਹੁਣ ਤਕ ਬਣਵਾਏ ਗਏ ਵਾਹਨਾਂ ਦੇ ਕਾਗਜ਼ਾਂ ਦੇ ਨਾਲ-ਨਾਲ ਜਾਅਲੀ ਡਰਾਈਵਿੰਗ ਲਾਇਸੈਂਸ ਦੀ ਵੀ ਲਿਸਟ ਤਿਆਰ ਕਰਵਾਈ ਜਾ ਰਹੀ ਹੈ। ਜਲਦੀ ਹੀ ਪੁਲਸ ਉਨ੍ਹਾਂ ’ਤੇ ਵੀ ਸ਼ਿਕੰਜਾ ਕੱਸਣ ਜਾ ਰਹੀ ਹੈ, ਜੋ ਚੋਰੀ ਦੇ ਵਾਹਨਾਂ ਨੂੰ ਦੋਸ਼ੀਆਂ ਵੱਲੋਂ ਬਣਾਏ ਜਾਅਲੀ ਕਾਗਜ਼ਾਂ ਨਾਲ ਚਲਾ ਰਹੇ ਹਨ ।


Baljeet Kaur

Content Editor

Related News