ਵਾਹਨਾਂ ਵਲੋਂ ਅੰਡਰਪਾਥ ਨੂੰ ਪਾਰ ਕਰਨ ਦੀ ਬਜਾਏ ਨੈਸ਼ਨਲ ਹਾਈਵੇ ਨੂੰ ਪਾਰ ਕਰਨ ਦੌਰਾਨ ਹੁੰਦੇ ਹਨ ਹਾਦਸੇ : ਬੱਲ
Sunday, Dec 10, 2023 - 11:01 AM (IST)
ਤਰਨਤਾਰਨ (ਰਮਨ)- ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਜਿੱਥੇ ਪੂਰੀ ਤੇਜ਼ ਰਫ਼ਤਾਰ ਨਾਲ ਵਾਹਨ ਸੜਕਾਂ ਉੱਪਰ ਦੌੜਦੇ ਨਜ਼ਰ ਆਉਂਦੇ ਹਨ, ਵਿਖੇ ਜਗ੍ਹਾ-ਜਗ੍ਹਾ ਬਣਾਏ ਗਏ ਜਾਇਜ਼ ਅਤੇ ਨਾਜਾਇਜ਼ ਰਸਤੇ ਅਕਸਰ ਦੁਰਘਟਨਾਵਾਂ ਦੇ ਵੱਡੇ ਕਾਰਨ ਬਣ ਰਹੇ ਹਨ। ਸਰਦੀ ਦੌਰਾਨ ਧੁੰਦ ਪੈਣ ਕਰਕੇ ਇਨ੍ਹਾਂ ਰਸਤਿਆਂ ਦਾ ਨਜ਼ਦੀਕ ਹੋਣ ਵਾਲੇ ਹਾਦਸਿਆਂ ਕਰਕੇ ਲੋਕਾਂ ਦੀ ਕੀਮਤੀ ਜਾਨ ਜਾ ਸਕਦੀ ਹੈ, ਜਿਸ ਸਬੰਧੀ ਪ੍ਰਸ਼ਾਸਨ ਨੂੰ ਤੁਰੰਤ ਸਖ਼ਤ ਕਦਮ ਚੁੱਕਦੇ ਹੋਏ ਨਾਜਾਇਜ਼ ਤੌਰ 'ਤੇ ਵਰਤੋਂ ਵਿਚ ਲਿਆਂਦੇ ਜਾਣ ਵਾਲੇ ਰਸਤਿਆਂ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਸ ਨੈਸ਼ਨਲ ਹਾਈਵੇ ਉੱਪਰ ਨਜ਼ਦੀਕ ਸ੍ਰੀ ਗੋਇੰਦਵਾਲ ਸਾਹਿਬ ਬਾਈਪਾਸ (ਗਊਸ਼ਾਲਾ) ਵਿਖੇ ਬਣਾਏ ਗਏ ਰਸਤੇ ਦੀ ਵਰਤੋਂ ਬਸ ਅੱਡੇ ਵਿਚੋਂ ਨਿਕਲਣ ਵਾਲੀਆਂ ਸਾਰੀਆਂ ਬੱਸਾਂ ਆਪਣਾ ਰਸਤਾ ਬਦਲਦੇ ਹੋਏ ਗਲਤ ਢੰਗ ਨਾਲ ਵਰਤੋਂ ਵਿਚ ਲਿਆ ਰਹੀਆਂ ਹਨ, ਜਿਸ ਕਰਕੇ ਜਿੱਥੇ ਹਾਦਸੇ ਵਾਪਰ ਰਹੇ ਹਨ ਉੱਥੇ ਹਾਈਵੇ ਉੱਪਰ ਤੇਜ਼ ਰਫਤਾਰ ਵਾਹਨਾਂ ਨੂੰ ਅਚਾਨਕ ਰੁਕਣ ਲਈ ਮਜ਼ਬੂਰ ਹੋਣਾ ਪੈਂਦਾ ਹੈ।
ਇਹ ਵੀ ਪੜ੍ਹੋ- ਛੇੜਛਾੜ ਤੋਂ ਤੰਗ ਆ ਕੇ ਸਰਪੰਚ ਦੀ 16 ਸਾਲਾ ਧੀ ਨੇ ਗਲ਼ ਲਾਈ ਮੌਤ, ਪਿੰਡ 'ਚ ਪਸਰਿਆ ਸੋਗ
ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ, ਜਿਸ ਦੀ ਦੇਖਭਾਲ ਨੈਸ਼ਨਲ ਹਾਈਵੇ ਅਥਾਰਟੀ ਨੂੰ ਸੌਂਪੀ ਗਈ ਹੈ। ਇਸ ਨੈਸ਼ਨਲ ਹਾਈਵੇ ਨੂੰ ਬਣਾਉਣ ਸਮੇਂ ਦੇਸ਼ ਦੇ ਵੱਡੇ ਇੰਜੀਨੀਅਰਾਂ ਦੀ ਸਲਾਹ ਲੈਣ ਉਪਰੰਤ ਪ੍ਰੋਜੈਕਟ ਨੂੰ ਨੇਪਰੇ ਚਾੜਿਆ ਗਿਆ ਸੀ ਪ੍ਰੰਤੂ ਇਸ ਨੈਸ਼ਨਲ ਹਾਈਵੇ ਉੱਪਰ ਬੇਹੱਦ ਖਾਮੀਆਂ ਸ਼ੁਰੂ ਤੋਂ ਪਾਈਆਂ ਜਾ ਰਹੀਆਂ ਹਨ, ਜਿਸ ਨੂੰ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਅੱਜ ਤੱਕ ਠੀਕ ਨਹੀਂ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਮਾਮੂਲੀ ਖਾਮੀਆਂ ਦੇ ਚੱਲਦਿਆਂ ਤੇਜ ਰਫਤਾਰ ਦੌੜਨ ਵਾਲੇ ਵਾਹਨਾਂ ਦੇ ਹਾਦਸਾ ਗ੍ਰਸਤ ਹੋਣ ਦੌਰਾਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਪਰ ਨੈਸ਼ਨਲ ਹਾਈਵੇ ਅਥਾਰਟੀ ਨੇ ਇਨ੍ਹਾਂ ਡੇਂਜਰ ਜੋਨ ਪੁਆਇੰਟਾਂ ਨੂੰ ਕਦੇ ਵੀ ਦਰੁਸਤ ਕਰਨ ਲਈ ਉਚਿੱਤ ਕਦਮ ਨਹੀਂ ਚੁੱਕੇ ਹਨ।
ਇਹ ਵੀ ਪੜ੍ਹੋ- ਇੰਗਲੈਂਡ ’ਚ ਪਤੀ ਵਲੋਂ ਕਤਲ ਕੀਤੀ ਮਹਿਕ ਦੀ ਪਿੰਡ ਪਹੁੰਚੀ ਲਾਸ਼, ਧੀ ਨੂੰ ਮ੍ਰਿਤਕ ਦੇਖ ਧਾਹਾਂ ਮਾਰ ਰੋਈ ਮਾਂ
ਇਸ ਨੈਸ਼ਨਲ ਹਾਈਵੇ ਅਧੀਨ ਆਉਂਦੇ ਸਥਾਨਕ ਸ਼ਹਿਰ ਨਜ਼ਦੀਕ ਗੋਇੰਦਵਾਲ ਬਾਈਪਾਸ (ਗਊਸ਼ਾਲਾ) ਵਿਖੇ ਬਣਾਇਆ ਗਿਆ, ਰਸਤਾ ਵਾਹਨ ਚਾਲਕਾਂ ਲਈ ਜਿੱਥੇ ਸਿਰਦਰਦੀ ਬਣਿਆ ਹੋਇਆ ਹੈ ਉੱਥੇ ਹੀ ਹਾਦਸਿਆਂ ਦਾ ਵੱਡਾ ਕਾਰਨ ਬਣਦਾ ਜਾ ਰਿਹਾ ਹੈ। ਸਥਾਨਕ ਬੱਸ ਸਟੈਂਡ ਵਿਚੋਂ ਨਿਕਲਣ ਵਾਲੀਆਂ ਸਾਰੀਆਂ ਬੱਸਾਂ ਪੁਰਾਣੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਬਾਠ ਰੋਡ ਰਾਹੀਂ ਹੁੰਦੀਆਂ ਹੋਈਆਂ ਨੈਸ਼ਨਲ ਹਾਈਵੇ ਨਜ਼ਦੀਕ ਪਿੰਡ ਪੰਡੋਰੀ ਗੋਲਾ ਅੰਡਰਪਾਥ ਤੋਂ ਹੋ ਕੇ ਹਾਈਵੇ ਉੱਪਰ ਚੜਨ ਦਾ ਪਲਾਨ ਤਿਆਰ ਕੀਤਾ ਗਿਆ ਸੀ ਪਰ ਬਸ ਅੱਡੇ ਤੋਂ ਨਿਕਲਣ ਵਾਲੀਆਂ ਸਾਰੀਆਂ ਬੱਸਾਂ ਗਲਤ ਢੰਗ ਨਾਲ ਬਾਠ ਚੌਂਕ ਤੋਂ ਗੋਇੰਦਵਾਲ ਬਾਈਪਾਸ ਜਾਣ ਸਮੇਂ ਪੁਰਾਣੇ ਰਸਤੇ ਦੀ ਵਰਤੋਂ ਕਰਦੇ ਹੋਏ ਸ਼ੈਲਰਾਂ ਵਾਲੇ ਪੁਰਾਣੇ ਰਸਤੇ ਰਾਹੀਂ ਨੈਸ਼ਨਲ ਹਾਈਵੇ ਉੱਪਰ ਜਾ ਪਹੁੰਚਦੀਆਂ ਹਨ, ਜਿਸ ਵਿਚ ਬਣੇ ਰਸਤੇ ਨੂੰ ਪਾਰ ਕਰਨ ਸਮੇਂ ਜਿੱਥੇ ਹਰੀਕੇ ਪੱਤਣ ਅਤੇ ਅੰਮ੍ਰਿਤਸਰ ਵਲੋਂ ਆ ਰਹੇ ਤੇਜ਼ ਰਫਤਾਰ ਵਾਹਨ ਜਾਂ ਤਾਂ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਫਿਰ ਉਨ੍ਹਾਂ ਨੂੰ ਅਚਾਨਕ ਰੁਕਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਧੁੰਦ ਦੇ ਦਿਨਾਂ ਵਿਚ ਇਹ ਰਸਤਾ ਅਕਸਰ ਹਾਸਿਆਂ ਦਾ ਵੱਡਾ ਕਾਰਨ ਬਣ ਰਿਹਾ ਹੈ। ਸ਼ੈਲਰ ਵਾਲੇ ਪੁਰਾਣੇ ਰਸਤੇ ਨੂੰ ਬੰਦ ਕਰਦੇ ਹੋਏ ਬੱਸਾਂ ਨੂੰ ਬਾਠ ਰੋਡ ਅੰਡਰਪਾਥ ਰਾਹੀਂ ਭੇਜਣ ਨਾਲ ਹੋਣ ਵਾਲੇ ਹਾਦਸੇ ਟਲ ਸਕਦੇ ਹਨ।
ਇਹ ਵੀ ਪੜ੍ਹੋ- ਯੂਕੇ ਦੇ ਨਵੇਂ ਵੀਜ਼ਾ ਨਿਯਮਾਂ ਨਾਲ ਪੰਜਾਬ 'ਚ ਕਾਨਟਰੈਕਟ ਵਿਆਹਾਂ 'ਤੇ ਪੈ ਸਕਦੈ ਵੱਡਾ ਅਸਰ
ਇਸ ਸਬੰਧੀ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਅਤੇ ਬਲ ਗੈਸ ਏਜੰਸੀ ਦੇ ਮਾਲਕ ਸੁਖਦਿਆਲ ਸਿੰਘ ਬੱਲ ਨੇ ਦੱਸਿਆ ਕਿ ਬੱਸ ਸਟੈਂਡ ਤੋਂ ਨਿਕਲਣ ਵਾਲੀਆਂ ਸਾਰੀਆਂ ਬੱਸਾਂ ਨੂੰ ਜੇ ਪੁਰਾਣੇ ਬਾਠ ਰੋਡ ਰਸਤੇ ਅੰਡਰਪਾਥ ਰਾਹੀਂ ਭੇਜਿਆ ਜਾਵੇ ਤਾਂ ਗੋਇੰਦਵਾਲ ਬਾਈਪਾਸ ਨਜ਼ਦੀਕ ਨੈਸ਼ਨਲ ਹਾਈਵੇ ਉੱਪਰ ਹੋਣ ਵਾਲੇ ਹਾਦਸੇ ਜਿੱਥੇ ਟਲ ਸਕਦੇ ਹਨ ਉੱਥੇ ਹੀ ਵਾਹਨ ਚਾਲਕਾਂ ਦਾ ਹਾਈਵੇ ਉੱਪਰ ਜਾਮ ਨਹੀਂ ਲੱਗੇਗਾ। ਬੱਲ ਨੇ ਦੱਸਿਆ ਕਿ ਇਸ ਸਬੰਧੀ ਜ਼ਿਲ੍ਹੇ ਦੇ ਐੱਸ.ਐੱਸ.ਪੀ ਗੁਰਮੀਤ ਸਿੰਘ ਚੌਹਾਨ ਵਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਬਾਠ ਰੋਡ ਦੇ ਪੁਰਾਣੇ ਰਸਤੇ ਨੂੰ ਖੁੱਲ੍ਹਾ ਕਰਨ ਸਬੰਧੀ ਪੱਤਰ ਲਿਖਿਆ ਗਿਆ ਸੀ, ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਵਲੋਂ ਐਕਸੀਅਨ ਪੀ.ਡਬਲੂ.ਡੀ ਨੂੰ ਪ੍ਰਮੁਖਤਾ ਦੇ ਆਧਾਰ ਉੱਪਰ ਇਸ ਸੜਕ ਨੂੰ ਚੌੜਾ ਕਰਨ ਲਈ ਆਦੇਸ਼ ਦਿੱਤੇ ਗਏ ਸਨ ਪ੍ਰੰਤੂ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨੈਸ਼ਨਲ ਹਾਈਵੇ ਉੱਪਰ ਕਈ ਥਾਵਾਂ ’ਤੇ ਲੋਕਾਂ ਵਲੋਂ ਨਾਜਾਇਜ਼ ਰਸਤੇ ਬਣਾਏ ਗਏ ਹਨ, ਜੋ ਵੱਡੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਜਿਨ੍ਹਾਂ ਨੂੰ ਜਲਦ ਤੋਂ ਜਲਦ ਨੈਸ਼ਨਲ ਹਾਈਵੇ ਅਥਾਰਟੀ ਨੂੰ ਬੰਦ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ। ਇਸ ਦੇ ਨਾਲ ਹੀ ਹਾਈਵੇ ਉੱਪਰ ਬੰਦ ਪਈਆਂ ਐੱਲ.ਈ.ਡੀ ਲਾਈਟਾਂ ਨੂੰ ਚਾਲੂ ਕਰਨਾ ਚਾਹੀਦਾ ਹੈ ਤਾਂ ਜੋ ਰਾਤ ਸਮੇਂ ਵਾਹਨ ਚਾਲਕਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਬੰਧੀ ਗੱਲਬਾਤ ਕਰਦੇ ਹੋਏ ਜ਼ਿਲ੍ਹੇ ਦੇ ਐੱਸ.ਪੀ ਟ੍ਰੈਫਿਕ ਦੇਵ ਸਿੰਘ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਉੱਪਰ ਆ ਰਹੀ ਇਸ ਸਮੱਸਿਆ ਨੂੰ ਜਲਦ ਠੀਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਪੁਲਸ ਵਲੋਂ ਸਬੰਧਿਤ ਸਾਰਾ ਮੌਕਾ ਵੇਖਦੇ ਹੋਏ ਸਮੱਸਿਆ ਦਾ ਹੱਲ ਕੱਢ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8