'ਆਪ' ਵਲੰਟੀਅਰਾਂ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ, ਲਾਏ ਵਿਰੋਧੀਆਂ ਦੀ ਮਦਦ ਕਰਨ ਦੇ ਦੋਸ਼

Saturday, Aug 06, 2022 - 03:59 PM (IST)

'ਆਪ' ਵਲੰਟੀਅਰਾਂ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ, ਲਾਏ ਵਿਰੋਧੀਆਂ ਦੀ ਮਦਦ ਕਰਨ ਦੇ ਦੋਸ਼

ਗੁਰਦਾਸਪੁਰ (ਜੀਤ ਮਠਾਰੂ) - ਪਿਛਲੇ ਕੁਝ ਦਿਨਾਂ ਤੋਂ ਆਮ ਆਦਮੀ ਪਾਰਟੀ ਅੰਦਰ ਕੁਝ ਆਗੂਆਂ ਵਿਚ ਅੰਦਰਖਾਤੇ ਧੁਖ ਰਹੀ ਚੰਗਿਆੜੀ ਉਦੋਂ ਜਵਾਲਾਮੁਖੀ ਬਣ ਕੇ ਫਟ ਗਈ, ਜਦੋਂ ਹਲਕਾ ਦੀਨਾਨਗਰ ਦੇ ਵਲੰਟੀਅਰਾਂ ਅਤੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਮੋਹਤਬਰਾਂ ਨੇ ਗੁਰਦਾਸਪੁਰ ਦੇ ਲੋਕ ਨਿਰਮਾਣ ਵਿਭਾਗ ਵਿਖੇ ਪਹੁੰਚ ਕੇ ਆਪਣੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਰੋਸ ਪ੍ਰਦਰਸ਼ਨ ਕਰਨ ਮੌਕੇ ‘ਆਪ’ ਵਲੰਟੀਅਰਾਂ ਨੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ ਖ਼ਿਲਾਫ਼ ਪਾਰਟੀ ਦੀਆਂ ਨੀਤੀਆਂ ਅਤੇ ਹਿਤਾਂ ਦੇ ਉਲਟ ਜਾ ਕੇ ਕੰਮ ਕਰਨ ਦੇ ਦੋਸ਼ ਲਗਾਏ। 

ਪੜ੍ਹੋ ਇਹ ਵੀ ਖ਼ਬਰ: ਖਾਲੜਾ ਵਿਖੇ ਸਾਬਕਾ ਸਰਪੰਚ ਦੇ ਮੁੰਡੇ ਦੀ ਕਰਤੂਤ ਤੋਂ ਖ਼ਫ਼ਾ 2 ਬੱਚਿਆਂ ਦੀ ਮਾਂ ਨੇ ਗਲ ਲਾਈ ਮੌਤ

ਦੂਜੇ ਪਾਸੇ ਜ਼ਿਲ੍ਹਾ ਪ੍ਰਧਾਨ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ਲਗਾਏ ਗਏ ਬੇਬੁਨਿਆਦ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਦੀ ਹਰੇਕ ਗਤੀਵਿਧੀ ਪਾਰਟੀ ਦੀ ਮਜਬੂਤੀ ਲਈ ਅਤੇ ਪਾਰਟੀ ਦੀਆਂ ਹਦਾਇਤਾਂ ਅਨੁਸਾਰ ਹੈ। ਜ਼ਿਕਰਯੋਗ ਹੈ ਕਿ ਅੱਜ ਹਲਕਾ ਦੀਨਾਨਗਰ ਨਾਲ ਸਬੰਧਤ ਕੁਝ ਆਗੂਆਂ ਨੇ ਗੁਰਦਾਸਪੁਰ ਦੇ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਇਕ ਪ੍ਰੈਸ ਕਾਨਫ਼ਰੰਸ ਰੱਖੀ ਸੀ। ਕਾਨਫਰੰਸ ਦੀ ਭਿਣਕ ਲੱਗਣ 'ਤੇ ਦੀਨਾਨਗਰ ਹਲਕੇ ਨਾਲ ਸਬੰਧਤ ਵੱਖ-ਵੱਖ ਪਿੰਡਾਂ ਦੇ ਵਲੰਟੀਅਰਾਂ ਅਤੇ ਆਗੂਆਂ ਨੇ ਪ੍ਰੈੱਸ ਕਾਨਫਰੰਸ ਵਾਲੇ ਸਥਾਨ 'ਤੇ ਪਹੁੰਚ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੋਸ਼ ਲਗਾਏ ਕਿ ਉਕਤ ਆਗੂ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ ਦੀ ਸ਼ਹਿ 'ਤੇ ਪ੍ਰੈੱਸ ਕਾਨਫਰੰਸ ਕਰਨ ਆਏ ਹਨ ਜਿਨ੍ਹਾਂ ਵੱਲੋਂ ਦੀਨਾਨਗਰ ਦੇ ਇੰਚਾਰਜ ਸ਼ਮਸ਼ੇਰ ਸਿੰਘ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ: ਡੇਰਾ ਬਾਬਾ ਨਾਨਕ ਤੋਂ ਦੁਖ਼ਦ ਖ਼ਬਰ: ਧੀ ਤੋਂ ਬਾਅਦ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਾਂ-ਪੁੱਤ ਦੀ ਵੀ ਹੋਈ ਮੌਤ

ਇਸ ਮੌਕੇ ਜਰਨੈਲ ਸਿੰਘ, ਪ੍ਰਦੀਪ ਠਾਕੁਰ, ਜਸਬੀਰ ਸਿੰਘ, ਨਿਸ਼ਾਨ ਸਿੰਘ, ਗੁਰਨਾਮ ਸਿੰਘ, ਪੰਕਜ ਕੁਮਾਰ, ਮਨਦੀਪ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਸ਼ਮਸ਼ੇਰ ਸਿੰਘ ਨੇ ਦੀਨਾਨਗਰ ਹਲਕੇ ਵਿਚ ਦਿਨ ਰਾਤ ਮਿਹਨਤ ਕਰਕੇ ਪਾਰਟੀ ਦਾ ਝੰਡਾ ਬੁਲੰਦ ਕੀਤਾ ਹੈ। ਸ਼ਮਸ਼ੇਰ ਸਿੰਘ ਦੀ ਟੀਮ ਵੱਲੋਂ ਕੀਤੀ ਮਿਹਨਤ ਦਾ ਨਤੀਜਾ ਹੀ ਸੀ ਕਿ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਨੂੰ ਪੰਜਾਹ ਹਜ਼ਾਰ ਦੇ ਕਰੀਬ ਵੋਟਾਂ ਮਿਲੀਆਂ ਸਨ। ਉਨ੍ਹਾਂ ਕਿਹਾ ਕਿ ਜਦੋਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਸਮਾਂ ਸੀ ਤਾਂ ਉਸ ਮੌਕੇ ਕਸ਼ਮੀਰ ਹਲਕਾ ਦੀਨਾਨਗਰ ਵਿੱਚ ਕਿਧਰੇ ਨਜ਼ਰ ਨਹੀਂ ਆਏ। ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ ਤਾਂ ਜ਼ਿਲ੍ਹਾ ਪ੍ਰਧਾਨ ਵੱਲੋਂ ਹਲਕਾ ਦੀਨਾਨਗਰ ਦੇ ਕੰਮਾਂ ਵਿੱਚ ਬੇਲੋੜੀ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਜ਼ਿਲ੍ਹਾ ਪ੍ਰਧਾਨ ਪੁਲਸ ਅਧਿਕਾਰੀਆਂ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਫੋਨ ਕਰਕੇ ਕੰਮਕਾਜ ਵਿੱਚ ਦਖ਼ਲਅੰਦਾਜ਼ੀ ਕਰ ਰਹੇ ਹਨ। 

ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ

ਹਲਕੇ ਦੇ ਲੋਕ ਜਦੋਂ ਨਸ਼ਿਆਂ ਦੇ ਗੰਭੀਰ ਮਾਮਲੇ ਵਿਚ ਕਿਸੇ ਦੋਸ਼ੀ ਨੂੰ ਪੁਲਸ ਦੇ ਹਵਾਲੇ ਕਰਦੇ ਹਨ ਤਾਂ ਜ਼ਿਲ੍ਹਾ ਪ੍ਰਧਾਨ ਵੱਲੋਂ ਉਸ ਨੂੰ ਛੁਡਾਉਣ ਲਈ ਅਧਿਕਾਰੀਆਂ ਨੂੰ ਫੋਨ ਕੀਤੇ ਜਾਂਦੇ ਹਨ। ਉਕਤ ਆਗੂਆਂ ਨੇ ਕਿਹਾ ਕਿ ਉਕਤ ਜ਼ਿਲ੍ਹਾ ਪ੍ਰਧਾਨ ਦਾ ਕਾਂਗਰਸ ਅਤੇ ਅਕਾਲੀ ਦਲ ਦੇ ਪੰਚਾਂ ਸਰਪੰਚਾਂ ਅਤੇ ਹੋਰ ਆਗੂਆਂ ਨਾਲ ਮੇਲ ਜੋਲ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਵਾਹਲਾ ਜਾਂ ਉਸਦੇ ਸਮਰਥਕਾਂ ਵੱਲੋਂ ਪਾਰਟੀ ਦਾ ਨੁਕਸਾਨ ਕਰਨ ਅਤੇ ਸ਼ਮਸ਼ੇਰ ਸਿੰਘ ਦੇ ਅਕਸ ਨੂੰ ਢਾਹ ਲਗਾਉਣ ਵਾਲੀਆਂ ਅਜਿਹੀਆਂ ਗਤੀਵਿਧੀਆਂ ਬੰਦ ਨਾ ਕੀਤੀਆਂ ਗਈਆਂ ਤਾਂ ਉਹ ਇਸ ਨੂੰ ਬਰਦਾਸ਼ਤ ਨਹੀ ਕਰਨਗੇ ਅਤੇ ਜਲਦੀ ਮੁੱਖ ਮੰਤਰੀ ਮਾਨ ਸਾਹਮਣੇ ਪੇਸ਼ ਹੋ ਕੇ ਸਾਰੀ ਸੱਚਾਈ ਬਿਆਨ ਕਰਨਗੇ। ਇਨ੍ਹਾਂ ਆਗੂਆਂ ਵੱਲੋਂ ਕੀਤੇ ਗਏ ਵਿਰੋਧ ਅਤੇ ਜ਼ੋਰਦਾਰ ਨਾਅਰੇਬਾਜ਼ੀ ਦੇ ਚਲਦਿਆਂ ਪ੍ਰੈੱਸ ਕਾਨਫਰੰਸ ਕਰਨ ਆਏ ਵਿਅਕਤੀ ਪ੍ਰੈਸ ਕਾਨਫਰੰਸ ਕੀਤੇ ਬਗੈਰ ਉਥੋਂ ਚਲੇ ਗਏ।

ਪੜ੍ਹੋ ਇਹ ਵੀ ਖ਼ਬਰ: ਤਮਗਾ ਜਿੱਤਣ ਵਾਲੇ ਅੰਮ੍ਰਿਤਸਰ ਦੇ ਲਵਪ੍ਰੀਤ ਦੇ ਘਰ ਵਿਆਹ ਵਰਗਾ ਮਾਹੌਲ, ਢੋਲ ਦੀ ਥਾਪ ’ਤੇ ਪਏ ਭੰਗੜੇ (ਤਸਵੀਰਾਂ)

ਕੀ ਕਹਿਣਾ ਹੈ ਜ਼ਿਲ੍ਹਾ ਪ੍ਰਧਾਨ ਦਾ?
ਦੂਜੇ ਪਾਸੇ ਜਦੋਂ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਹ ਅਜਿਹੀ ਕਿਸੇ ਗਤੀਵਿਧੀ ਵਿੱਚ ਸ਼ਾਮਲ ਨਹੀਂ ਹਨ, ਜਿਸ ਦਾ ਪਾਰਟੀ ਨੂੰ ਨੁਕਸਾਨ ਹੁੰਦਾ ਹੋਵੇ। ਵਾਹਲਾ ਨੇ ਕਿਹਾ ਕਿ ਜੋ ਲੋਕ ਪਾਰਟੀ ਦਾ ਨੁਕਸਾਨ ਕਰ ਰਹੇ ਹਨ, ਉਨ੍ਹਾਂ ਦੇ ਵੇਰਵੇ ਸਬੂਤਾਂ ਸਹਿਤ ਪਹਿਲਾਂ ਹਾਈਕਮਾਨ ਨੂੰ ਭੇਜ ਚੁੱਕੇ ਹਨ। ਬਤੌਰ ਜ਼ਿਲ੍ਹਾ ਪ੍ਰਧਾਨ ਉਨਾਂ ਦੀ ਜ਼ਿੰਮੇਵਾਰੀ ਕਿ ਉਹ ਪੂਰੇ ਜ਼ਿਲ੍ਹੇ ਅੰਦਰ ਪਾਰਟੀ ਵਿਰੋਧੀ ਗਤੀਵਿਧੀਆਂ ਰੋਕਣ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨ। ਉਹ ਆਪਣੀ ਪਾਰਟੀ ਦੇ ਕਿਸੇ ਵਲੰਟਰੀਅਰ ਨੂੰ ਆਪਣੀ ਹੀ ਪਾਰਟੀ ਦੇ ਕਿਸੇ ਆਗੂ ਖ਼ਿਲਾਫ਼ ਬੋਲਣ ਲਈ ਕੋਈ ਸ਼ਹਿ ਨਹੀਂ ਦਿੰਦੇ ਅਤੇ ਨਾ ਪੁਲਸ ਜਾਂ ਕਿਸੇ ਹੋਰ ਵਿਭਾਗ ਦੇ ਸਰਕਾਰੀ ਅਧਿਕਾਰੀ ਨੂੰ ਫੋਨ ਕਰਕੇ ਕਿਸੇ ਸਰਕਾਰੀ ਕੰਮਕਾਜ ਵਿਚ ਦਖਲ ਦਿੰਦੇ ਹਨ। ਜਿਹੜੇ ਆਗੂਆਂ ਨੇ ਉਨ੍ਹਾਂ ਖ਼ਿਲਾਫ਼ ਬੇਬੁਨਿਆਦ ਦੋਸ਼ ਲਗਾ ਕੇ ਨਾਅਰੇਬਾਜ਼ੀ ਕੀਤੀ, ਉਸ ਸਬੰਧੀ ਹਾਈਕਮਾਨ ਨੂੰ ਜਾਣੂ ਕਰਵਾਉਣਗੇ।

ਪੜ੍ਹੋ ਇਹ ਵੀ ਖ਼ਬਰ: ਖ਼ੁਦਕੁਸ਼ੀ ਨੋਟ 'ਚ 'ਚੰਗਾ ਪੁੱਤ ਨਹੀਂ ਬਣ ਸਕਿਆ’ ਲਿਖ ਸਕਿਓਰਿਟੀ ਗਾਰਡ ਨੇ ਗਲੇ ਲਾਈ ਮੌਤ


author

rajwinder kaur

Content Editor

Related News