ਬਟਾਲਾ-ਗੁਰਦਾਸਪੁਰ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਤੇਜ਼ ਰਫ਼ਤਾਰ ਬੇਕਾਬੂ ਕਾਰ 2 ਵਿਅਕਤੀਆਂ ’ਤੇ ਚੜ੍ਹੀ
Monday, May 01, 2023 - 11:42 AM (IST)
ਬਟਾਲਾ (ਸਾਹਿਲ, ਬਲਜੀਤ) : ਬਟਾਲਾ-ਗੁਰਦਾਸਪੁਰ ਰੋਡ ’ਤੇ ਸਥਿਤ ਅੱਡਾ ਊਧੋਵਾਲ ਵਿਖੇ ਇਕ ਤੇਜ਼ ਰਫ਼ਤਾਰ ਬੇਕਾਬੂ ਕਾਰ ਦੇ 2 ਵਿਅਕਤੀਆਂ ’ਤੇ ਚੜ੍ਹਨ ਨਾਲ ਇਕ ਦੀ ਮੌਤ ਅਤੇ ਦੂਜੇ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੁਲਸ ਚੌਂਕੀ ਦਿਆਲਗੜ੍ਹ ਦੇ ਏ. ਐੱਸ. ਆਈ. ਸੁਖਮਿੰਦਰ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਪੁੱਤਰ ਕਪੂਰ ਵਾਸੀ ਪਿੰਡ ਦਬੁਰਜੀ ਜੋ ਕਿ ਪਿੰਡਾਂ ਵਿਚ ਕਬਾੜ ਆਦਿ ਖ਼ਰੀਦਣ ਦਾ ਕੰਮ ਕਰਦਾ ਹੈ, ਅੱਜ ਅੱਡਾ ਊਧੋਵਾਲ ਵਿਖੇ ਕਬਾੜੀਏ ਦੀ ਦੁਕਾਨ ’ਤੇ ਕਬਾੜ ਦਾ ਸਾਮਾਨ ਵੇਚਣ ਲਈ ਆਇਆ ਸੀ ਅਤੇ ਇਹ ਦੁਕਾਨ ਦੇ ਬਾਹਰ ਆਪਣੇ ਜਾਣ-ਪਛਾਣ ਵਾਲੇ ਵਿਅਕਤੀ ਸੁਲੱਖਣ ਸਿੰਘ ਨਾਲ ਖੜ੍ਹਾ ਸੀ।
ਇਹ ਵੀ ਪੜ੍ਹੋ- ਨੈਸ਼ਨਲ ਹਾਈਵੇ ਦਬੁਰਜੀ ਬਾਈਪਾਸ ਨੇੜੇ ਵਾਪਰਿਆ ਹਾਦਸਾ, ਨੌਜਵਾਨ ਦੀ ਮੌਕੇ 'ਤੇ ਹੋਈ ਦਰਦਨਾਕ ਮੌਤ
ਇਸ ਦੌਰਾਨ ਬਟਾਲਾ ਸਾਈਡ ਤੋਂ ਆਈ ਇਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੁੰਦੀ ਹੋਈ ਉਕਤ ਦੋਵਾਂ ਵਿਅਕਤੀਆਂ ’ਤੇ ਜਾ ਚੜ੍ਹੀ, ਜਿਸਦੇ ਸਿੱਟੇ ਵਜੋਂ ਦੋਵੇਂ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਜਗਜੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਹ ਵੀ ਪੜ੍ਹੋ- ਸ਼੍ਰੋਮਣੀ ਕਮੇਟੀ ਸ੍ਰੀ ਦਰਬਾਰ ਸਾਹਿਬ ਬਾਰੇ ਪ੍ਰਕਾਸ਼ਿਤ ਕਰੇਗੀ ਵਿਸ਼ੇਸ਼ ਸਚਿੱਤਰ ਪੁਸਤਕ : ਐਡਵੋਕੇਟ ਧਾਮੀ
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਬਾਰੇ ਸੂਚਨਾ ਮਿਲਣ ’ਤੇ ਉਹ ਏ. ਐੱਸ. ਆਈ. ਦਲਬੀਰ ਸਿੰਘ ਤੇ ਕਾਂਸਟੇਬਲ ਗੁਰਦੀਪ ਸਿੰਘ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਕਾਰ ਨੂੰ ਕਬਜ਼ੇ ਵਿਚ ਲੈ ਗਿਆ ਹੈ। ਜਦਕਿ ਓਧਰ ਇਹ ਵੀ ਪਤਾ ਲੱਗਾ ਹੈ ਕਿ ਉਕਤ ਕਾਰ ਉਕਤ ਦੋਵਾਂ ਵਿਅਕਤੀਆਂ ’ਤੇ ਚੜ੍ਹਨ ਉਪਰੰਤ ਅੱਗੇ ਖੜ੍ਹੇ ਟਰੱਕ ਵਿਚ ਜਾ ਵੱਜੀ, ਜਿਸ ਨਾਲ ਕਾਰ ਸਵਾਰਾਂ ਨੂੰ ਵੀ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ- ਸੜਕ ਹਾਦਸਾ: ਟਰੱਕ ਤੇ ਟਰਾਲੇ ਵਿਚਾਲੇ ਭਿਆਨਕ ਟੱਕਰ, ਚਾਲਕ ਦੀਆਂ ਟੁੱਟੀਆਂ ਲੱਤਾਂ
ਏ. ਐੱਸ. ਆਈ. ਸੁਖਮਿੰਦਰ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਬਟਾਲਾ ਦੇ ਡੈੱਡ ਹਾਊਸ ਵਿਚ ਰੱਖ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕਰਨੀ ਆਰੰਭ ਕਰ ਦਿੱਤੀ ਗਈ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।