ਧਰਤੀ ਹੇਠਲੇ ਪਾਣੀ ਦੀ ਹਾਲਤ ਸੁਧਾਰਨ ਲਈ ਬਿਨਾਂ ਦੇਰੀ ਅਪਣਾਈ ਜਾਵੇ ਠੋਸ ਨੀਤੀ : ਐਡਵੋਕੇਟ ਧਾਮੀ

Wednesday, Mar 22, 2023 - 02:19 AM (IST)

ਅੰਮ੍ਰਿਤਸਰ (ਦੀਪਕ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਯੂ. ਕੇ. ਵੱਲੋਂ ਨਿਸ਼ਕਾਮ ਅੰਤਰਰਾਸ਼ਟਰੀ ਕੇਂਦਰ ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ ਤਿੰਨ ਦਿਨਾ ‘ਲਿਵਿੰਗ ਵਾਟਰ ਫਾਰ ਆਲ’ ਸੰਮੇਲਨ ਦੇ ਅੱਜ ਦੂਸਰੇ ਦਿਨ ਸ਼ਿਰਕਤ ਕੀਤੀ। ਇਹ ਸੰਮੇਲਨ ਸੰਯੁਕਤ ਰਾਸ਼ਟਰ ਵੱਲੋਂ ਇਸ ਸਾਲ 2023 ’ਚ ਮਨਾਏ ਜਾ ਰਹੇ ਆਲਮੀ ਜਲ ਦਿਵਸ ਦੇ ਅਧੀਨ ਸਮਾਗਮਾਂ ਤਹਿਤ ਅਯੋਜਿਤ ਕੀਤਾ ਗਿਆ ਹੈ।

ਸੰਮੇਲਨ ਦੌਰਾਨ ‘ਧਰਤੀ ਹੇਠਲੇ ਪਾਣੀ ਦੇ ਭੰਡਾਰਨ, ਨਿਘਾਰ ਅਤੇ ਸਥਿਰਤਾ-ਪੰਜਾਬ ਹਾਲਤ ’ਤੇ ਅਧਿਐਨ’ ਵਿਸ਼ੇ ’ਤੇ ਹਾਜ਼ਰ ਸ਼ਖ਼ਸੀਅਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਪਾਣੀ ’ਤੇ ਚਿੰਤਨ ਮੰਥਨ ਕਰਨਾ ਇਕ ਸੁਹਿਰਦ ਪਹੁੰਚ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪ੍ਰਸੰਗ ਵਿਚ ਧਰਤੀ ਹੇਠਲੇ ਪਾਣੀ ਦੀ ਸਥਿਤੀ ਸੰਕਟ ਵੱਲ ਵੱਧ ਰਹੀ ਹੈ। ਪੰਜਾਬ ਵਿਚ ਇਸ ਅਹਿਮ ਅਤੇ ਅਤਿ ਸੰਵੇਦਨਸ਼ੀਲ ਵਿਸ਼ੇ ’ਤੇ ਬਿਨਾਂ ਕਿਸੇ ਦੇਰੀ ਵਿਚਾਰ ਚਰਚਾ ਕਰਨੀ ਅਤੇ ਸੁਧਾਰ ਲਈ ਲੋੜੀਂਦੀਆਂ ਠੋਸ ਨੀਤੀਆਂ ਅਪਣਾਉਣੀਆਂ ਬੇਹੱਦ ਜ਼ਰੂਰੀ ਹਨ।

ਐਡਵੋਕੇਟ ਧਾਮੀ ਨੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਦੇ ਮੁਖੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਯੂ.ਕੇ. ਵੱਲੋਂ ਕਰਵਾਏ ਗਏ ਸੰਮੇਲਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੰਮੇਲਨ ਰਾਹੀਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਦੀਵੀ ਸੰਦੇਸ਼ ਨੂੰ ਵਿਚਾਰ ਦਾ ਹਿੱਸਾ ਬਣਾਉਣਾ ਸਾਰਥਿਕ ਅਮਲ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਦੀ ਪਾਵਨ ਗੁਰਬਾਣੀ ਸਾਨੂੰ ਕੁਦਰਤੀ ਸਰੋਤਾਂ ਨੂੰ ਸੰਭਾਲਣ ਦੀ ਸਿੱਖਿਆ ਦਿੰਦੀ ਹੈ, ਇਸ ਲਈ ਸਾਡੀ ਪਹਿਲ ਕੁਦਰਤੀ ਸੋਮਿਆਂ ਦੀ ਸੰਭਾਲ ਕਰਨਾ ਹੋਣੀ ਚਾਹੀਦੀ ਹੈ।

ਇਸ ਮੌਕੇ ਭਾਈ ਇੰਦਰਜੀਤ ਸਿੰਘ ਬਿੱਟੂ ਸਹਿ ਆਯੋਜਕ, ਭਾਈ ਅਮਰੀਕ ਸਿੰਘ, ਸ਼੍ਰੋਮਣੀ ਕਮੇਟੀ ਦੇ ਸਕੱਤਰ . ਪ੍ਰਤਾਪ ਸਿੰਘ, ਓ. ਐੱਸ. ਡੀ. ਸਤਬੀਰ ਸਿੰਘ ਧਾਮੀ ਆਦਿ ਹਾਜ਼ਰ ਸਨ।


Manoj

Content Editor

Related News