ਰਸੋਈ ਗੈਸ ਸਿਲੰਡਰ ਸਸਤਾ ਹੋਣ 'ਤੇ ਔਰਤਾਂ ਨੇ ਵਿੰਨ੍ਹੇ ਨਿਸ਼ਾਨੇ, ਕਿਹਾ- ਭਾਜਪਾ ਕਰ ਰਹੀ ਹੈ ਸਿਆਸੀ ਸਟੰਟ

Saturday, Mar 09, 2024 - 04:41 PM (IST)

ਅੰਮ੍ਰਿਤਸਰ (ਜਸ਼ਨ)- ਕੇਂਦਰ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਹੀ ਰਸੋਈਆਂ ਵਿਚ ਵਰਤੇ ਜਾਣ ਵਾਲੇ ਐੱਲ. ਪੀ. ਜੀ. ਸਿਲੰਡਰ ਨੂੰ 100 ਰੁਪਏ ਸਸਤਾ ਕਰਨ ਨਾਲ ਲੋਕਾਂ ਨੂੰ ਜਿੱਥੇ ਕੁਝ ਰਾਹਤ ਮਿਲੇਗੀ, ਉਥੇ ਜ਼ਿਆਦਾਤਰ ਘਰੇਲੂ ਔਰਤਾਂ ਨੇ ਇਸ ਫੈਸਲੇ ਨੂੰ ਬਹੁਤ ਦੇਰੀ ਨਾਲ ਕੀਤਾ ਫੈਸਲਾ ਦੱਸਦੇ ਹੋਏ ਇਸ ’ਤੇ ਕਈ ਵਿਅੰਗ ਕੀਤੇ ਗਏ ਹਨ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਨਵੇਂ ਉਜਵਲਾ ਕੁਨੈਕਸ਼ਨ ਦੇਣ ਦਾ ਐਲਾਨ ਵੀ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਫੈਸਲਾ ਹੈ। ‘ਚੰਗੇ ਦਿਨ ਆਉਣ ਵਾਲੇ ਹਨ’ ਦੇ ਨਾਅਰੇ ਨਾਲ ਦੇਸ਼ ਦੀ ਸੱਤਾ ਵਿਚ ਆਈ ਭਾਜਪਾ ਨੇ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ ਪਰ ਆਪਣੇ ਦੋ ਕਾਰਜਕਾਲ ਦੌਰਾਨ ਭਾਜਪਾ ਦੇ ਆਗੂ ਆਮ ਲੋਕਾਂ ਲਈ ਉਹ ਕੁਝ ਨਹੀਂ ਕਰ ਸਕੇ, ਜਿਸ ਦਾ ਉਨ੍ਹਾਂ ਨੇ ਵਾਅਦਾ ਕੀਤਾ ਸੀ। ਹਾਲਾਂਕਿ, ਮੀਡੀਆ ਵਿਚ ਇਕ ਇੰਟਰਵਿਊ ਦੌਰਾਨ ਭਾਜਪਾ ਦੇ ਇਕ ਸੀਨੀਅਰ ਨੇਤਾ ਨੇ ‘ਅੱਛੇ ਦਿਨ ਆਉਣ ਵਾਲੇ ਹਨ’ ਦੇ ਨਾਅਰੇ ਨੂੰ ਸਿਰਫ਼ ਇਕ ਜੁਮਲਾ ਕਰਾਰ ਦਿੱਤਾ। ਇਸ ਸਬੰਧੀ ਜਗ ਬਾਣੀ ਨੇ ਕਈ ਔਰਤਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਆਪਣੇ ਕਈ ਅੰਸ਼ ਪੇਸ਼ ਕੀਤੇ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਦੌਰਾਨ ਵਾਪਰਿਆ ਭਾਣਾ, ਅਣਪਛਾਤੇ ਵਾਹਨ ਦੀ ਟੱਕਰ ’ਚ ਬੈਂਕ ਮੈਨੇਜਰ ਦੀ ਮੌਤ

ਮੋਦੀ ਦੇ ਸਾਰੇ ਐਲਾਨ ਸਿਆਸੀ ਸਟੰਟ ਤੋਂ ਸਿਵਾਏ ਕੁਝ ਨਹੀਂ

ਨੌਵਾ ਕੈਂਪਸ ਦੀ ਡਾਇਰੈਕਟਰ ਮੈਡਮ ਕੁਲਜਿੰਦਰ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੁਣ ਆਪਣੀਆਂ ਭੈਣਾਂ ਯਾਦ ਆ ਗਈਆਂ ਹਨ। ਹੁਣ ਜਦੋਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਇਹ ਸਾਰੇ ਐਲਾਨ ਸਿਆਸੀ ਸਟੰਟ ਤੋਂ ਸਿਵਾਏ ਕੁਝ ਨਹੀਂ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਦੌਰਾਨ ਹਰ ਦੇਸ਼ ਵਾਸੀ ਆਰਥਿਕ ਤੌਰ ’ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਜਿਸ ਦੌਰਾਨ ਮੋਦੀ ਸਰਕਾਰ ਨੇ ਮਹਿੰਗਾਈ ਘਟਾਉਣ ਲਈ ਕੋਈ ਰਾਹਤ ਯੋਜਨਾ ਜਾਂ ਐਲਾਨ ਨਹੀਂ ਕੀਤਾ। ਹੁਣ ਜਦੋਂ ਲੋਕ ਸਭਾ ਚੋਣਾਂ ਨੇੜੇ ਹਨ ਅਤੇ ਹੁਣ ਇਸ ਫੈਸਲੇ ਨੂੰ ਲਾਗੂ ਕਰਨਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ? ਰੋਟੀ, ਕੱਪੜਾ ਅਤੇ ਮਕਾਨ ਆਮ ਆਦਮੀ ਦੀਆਂ ਲੋੜਾਂ ਹਨ, ਪਰ ਕੇਂਦਰ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਲੋਕਾਂ ਦੀਆਂ ਇਨ੍ਹਾਂ ਤਿੰਨਾਂ ਲੋੜਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਆਮ ਅਤੇ ਮੱਧ ਵਰਗ ਦੇ ਲੋਕਾਂ ਨੂੰ ਉਨ੍ਹਾਂ ਦੇ ਹੀ ਹਾਲਾਤਾਂ ਵਿਚ ਛੱਡ ਦਿੱਤਾ ਹੈ। ਜੇਕਰ ਪਹਿਲਾਂ ਗੱਲ ਕਰੀਏ ਤਾਂ ਘਰ ਦਾ ਇੱਕ ਵਿਅਕਤੀ ਪੂਰੇ ਘਰ ਦੇ ਪੰਜ-ਛੇ ਮੈਂਬਰ ਦੀ ਰੋਜ਼ੀ ਰੋਟੀ ਦੇਖਦਾ ਸੀ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਦਾ ਸੀ ਪਰ ਹੁਣ ਸਰਕਾਰਾਂ ਦੀ ਬੇਰੁਖ਼ੀ ਕਾਰਨ ਘਰ ਦਾ ਹਰ ਮੈਂਬਰ ਕਮਾਉਂਦਾ ਹੈ ਤਾਂ ਵੀ ਘਰ ਦਾ ਗੁਜਾਰਾ ਬਹੁਤ ਔਖਾ ਹੁੰਦਾ ਹੈ। ਮਹਿੰਗਾਈ ਨੂੰ ਘੱਟ ਕਰਨ ਲਈ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਸੀ ਪਰ ਭਾਜਪਾ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਸਿਰਫ਼ ਕਾਗਜ਼ੀ ਕਾਰਵਾਈ ਕਰ ਕੇ ਅਤੇ ਇਸ਼ਤਿਹਾਰ ਲਗਾ ਕੇ ਆਪਣੀ ਵਾਹੋਵਾਹੀ ਖੱਟੀ।

ਇਹ ਵੀ ਪੜ੍ਹੋ : ਰੇਲ ਯਾਤਰੀਆਂ ਨੂੰ ਕਰਨਾ ਪੈ ਸਕਦੈ ਮੁਸ਼ਕਲਾਂ ਦਾ ਸਾਹਮਣਾ, ਇਕ ਹਫ਼ਤੇ ਤੱਕ ਇਹ ਰੇਲਵੇ ਸੇਵਾ ਪ੍ਰਭਾਵਿਤ

ਭਾਜਪਾ ਲੋਕਾਂ ਨੂੰ ਖੁਸ਼ ਕਰਨ ਲਈ ਕਰ ਰਹੀ ਹੈ ਇਹ ਡਰਾਮਾ

ਸਮਾਜ ਸੇਵੀ ਰਮਨਦੀਪ ਕੌਰ ਦਾ ਕਹਿਣਾ ਹੈ ਕਿ ਭਾਜਪਾ ਇਹ ਡਰਾਮਾ ਸਿਰਫ਼ ਲੋਕਾਂ ਨੂੰ ਖੁਸ਼ ਕਰਨ ਲਈ ਕਰ ਰਹੀ ਹੈ। ਸਿਲੰਡਰ ਵਿਚ ਰਾਹਤ ਦੇਣ ਦਾ ਫੈਸਲਾ ਬਹੁਤ ਦੇਰ ਨਾਲ ਲਿਆ ਗਿਆ ਫੈਸਲਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅੰਤਰਰਾਸ਼ਟਰੀ ਪੱਧਰ ’ਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਈ ਹੈ ਤਾਂ ਵੀ ਮੋਦੀ ਨੇ ਗੈਸ ਸਿਲੰਡਰ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ ਕੋਈ ਕਟੌਤੀ ਨਹੀਂ ਕੀਤੀ, ਜੋ ਦੇਸ਼ ਵਾਸੀਆਂ ਲਈ ਹਰ ਘਰ ਦੀ ਸਭ ਤੋਂ ਜ਼ਰੂਰੀ ਜ਼ਰੂਰਤ ਬਣ ਚੁੱਕੇ ਹਨ। ਉਸ ਸਮੇਂ ਦੌਰਾਨ ਹਰ ਦੇਸ਼ ਵਾਸੀ ਅਜਿਹੇ ਐਲਾਨਾਂ ਦੀ ਉਡੀਕ ਕਰ ਰਿਹਾ ਸੀ। ਉਸ ਸਮੇਂ ਦੌਰਾਨ ਜੇਕਰ ਗੈਸ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕੌਮਾਂਤਰੀ ਬਾਜ਼ਾਰ ਦੇ ਹਿਸਾਬ ਨਾਲ ਘਟਾਈਆਂ ਜਾਂਦੀਆਂ ਤਾਂ ਮਹਿੰਗਾਈ ਨੂੰ ਕਾਫੀ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਸੀ।

ਇਹ ਵੀ ਪੜ੍ਹੋ : ਵਿਧਾਨਸਭਾ 'ਚ ਵਿਧਾਇਕਾਂ ਨੇ ਚੁੱਕੀ ਅਫੀਮ ਦੀ ਖੇਤੀ ਦੀ ਮੰਗ, ਜਾਣੋ ਕੀ ਬੋਲੇ ਖੇਤੀਬਾੜੀ ਮੰਤਰੀ

ਕੇਂਦਰ ਸਰਕਾਰ ਅਜਿਹੇ ਐਲਾਨ ਕਰ ਕੇ ਲੋਕਾਂ ਨੂੰ ਭਰਮਾ ਰਹੀ ਹੈ

ਸਮਾਜ ਸੇਵੀ ਅਤੇ ​​ਸੇਵਾਮੁਕਤ ਅਧਿਆਪਕਾ ਰਖਵਿੰਦਰ ਕੌਰ ਦਾ ਕਹਿਣਾ ਹੈ ਕਿ ਹਰ ਸਿਆਸਤਦਾਨ ਨੂੰ ਲੋਕ ਚੋਣਾਂ ਵੇਲੇ ਹੀ ਯਾਦ ਕਰਦੇ ਹਨ। ਕੋਰੋਨਾ ਦੇ ਦੌਰ ਵਿਚ ਹਰ ਵਰਗ ਮਹਿੰਗਾਈ ’ਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ ਵੱਲ ਦੇਖ ਰਿਹਾ ਸੀ, ਜਿਸ ਦੌਰਾਨ ਮੋਦੀ ਨੇ ਮਹਿੰਗਾਈ ਨੂੰ ਹੋਰ ਵਧਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਬਣਨ ਤੋਂ ਪਹਿਲਾਂ ਭਾਜਪਾ ਦੀ ਮਹਿਲਾ ਆਗੂ ਸਮ੍ਰਿਤੀ ਇਰਾਨੀ ਹੱਥਾਂ ਵਿਚ ਗੈਸ ਸਿਲੰਡਰ ਫੜ ਕੇ ਵਿਸ਼ਾਲ ਪ੍ਰਦਰਸ਼ਨ ਕਰ ਕੇ ਕਾਂਗਰਸ ਸਰਕਾਰ ਨੂੰ ਆੜੇ ਹੱਥੀਂ ਲੈਂਦੀ ਸੀ, ਜਦਕਿ ਉਸ ਸਮੇਂ ਗੈਸ ਸਿਲੰਡਰ ਹੁਣ ਦੀ ਅੱਧੀ ਤੋਂ ਵੀ ਘੱਟ ਕੀਮਤ ’ਤੇ ਸੀ ਪਰ ਭਾਜਪਾ ਨੇ ਸੱਤਾ ਵਿੱਚ ਆਉਂਦੇ ਹੀ ਇਸ ਵੱਲ ਧਿਆਨ ਨਹੀਂ ਦਿੱਤਾ। 

ਹਾਲਾਂਕਿ ਉਨ੍ਹਾਂ ਇਸ ਐਲਾਨ ਨੂੰ ਸਿਆਸੀ ਸਟੰਟ ਵੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਰਸੋਈ ਦਾ ਬਜਟ ਪਹਿਲਾਂ ਹੀ ਕਾਫੀ ਤੰਗ ਹੈ। ਜੇਕਰ ਸਬਜ਼ੀਆਂ ਅਤੇ ਦਾਲਾਂ ਦੀ ਗੱਲ ਕਰੀਏ ਤਾਂ ਭਾਜਪਾ ਦੇ ਕਾਰਜਕਾਲ ਦੌਰਾਨ ਇਨ੍ਹਾਂ ਦੀਆਂ ਕੀਮਤਾਂ ਦੁੱਗਣੇ ਤੋਂ ਵੀ ਵੱਧ ਹੋ ਗਈਆਂ ਹਨ। ਜੇਕਰ ਸਰ੍ਹੋਂ ਦੇ ਤੇਲ ਦੀ ਗੱਲ ਕਰੀਏ ਤਾਂ ਇਸ ਦੇ ਰੇਟ ਵੀ ਦੋ ਤੋਂ ਤਿੰਨ ਗੁਣਾ ਵਧ ਗਏ ਹਨ। ਭਾਜਪਾ ਨੇ ਗੈਸ ਸਿਲੰਡਰਾਂ ’ਤੇ ਉਪਲਬਧ ਸਾਰੀਆਂ ਸਬਸਿਡੀਆ ਨੂੰ ਵੀ ਹੌਲੀ-ਹੌਲੀ ਖ਼ਤਮ ਕਰ ਦਿੱਤਾ ਹੈ। ਮਹਿੰਗਾਈ ਅਸਮਾਨ ਨੂੰ ਛੂਹ ਰਹੀ ਸੀ ਅਤੇ ਪ੍ਰਧਾਨਮੰਤਰੀ ਦੇਸ਼-ਵਿਦੇਸ਼ ਦੇ ਦੌਰੇ ਕਰ ਕੇ ਮੌਜ-ਮਸਤੀ ਕਰ ਰਹੇ ਸਨ। ਇਉਂ ਲੱਗ ਰਿਹਾ ਸੀ ਜਿਵੇਂ ਉਨ੍ਹਾਂ ਦਾ ਆਮ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਹੁਣ ਜਿਵੇਂ ਹੀ ਚੋਣਾਂ ਨੇੜੇ ਆ ਰਹੀਆਂ ਹਨ, ਕੇਂਦਰ ਸਰਕਾਰ ਅਜਿਹੇ ਐਲਾਨ ਕਰ ਕੇ ਲੋਕਾਂ ਨੂੰ ਭਰਮਾਉਂਦੀ ਹੈ, ਪਰ ਹੁਣ ਲੋਕ ਪੜ੍ਹੇ-ਲਿਖੇ ਹਨ ਅਤੇ ਸਾਰੀ ਸਥਿਤੀ ਤੋਂ ਚੰਗੀ ਤਰ੍ਹਾਂ ਜਾਣੂ ਹਨ। ਇਹ ਬਿਲਕੁਲ ਤੈਅ ਹੈ ਕਿ ਚੋਣਾਂ ਦੌਰਾਨ ਕੇਂਦਰ ਸਰਕਾਰ ਲੋਕਾਂ ਨੂੰ ਲੁਭਾਉਣ ਲਈ ਹੋਰ ਵੀ ਕਈ ਐਲਾਨ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News