ਪੈਟਰੋਲ ਪੰਪ ’ਤੇ ਪਹਿਲਾਂ ਭਰਵਾਇਆ ਤੇਲ, ਫ਼ਿਰ ਪਿਸਤੌਲ ਦੀ ਨੋਕ ’ਤੇ ਕੀਤੀ ਲੁੱਟ, ਘਟਨਾ cctv 'ਚ ਕੈਦ
Tuesday, May 09, 2023 - 05:21 PM (IST)

ਅੰਮ੍ਰਿਤਸਰ (ਜਸ਼ਨ)- ਸ਼ਹਿਰ ’ਚ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਕ ਦਿਨ ’ਚ ਲੁੱਟਾਂ-ਖੋਹਾਂ ਦੀਆਂ ਦੋ-ਤਿੰਨ ਘਟਨਾਵਾਂ ਆਮ ਜਿਹੀ ਗੱਲ ਬਣ ਗਈ ਹੈ। ਪਿਸਤੌਲ ਖਿਡੌਣਿਆਂ ਵਾਂਗ ਸਾਹਮਣੇ ਆਉਣ ਲੱਗ ਪਏ ਹਨ ਅਤੇ ਗੋਲੀਆਂ ਦੀਆਂ ਘਟਨਾਵਾਂ ਵੀ ਲਗਾਤਾਰ ਵਾਪਰ ਰਹੀਆਂ ਹਨ ਅਤੇ ਪੁਲਸ ਸਿਰਫ਼ ਹੱਥ ਮੱਲਦੀ ਨਜ਼ਰ ਆ ਰਹੀ ਹੈ। ਅਜਿਹੇ ਹੀ ਇਕ ਹੋਰ ਮਾਮਲੇ ਵਿਚ ਤਰਨਤਾਰਨ ਰੋਡ ਸਥਿਤ ਇਕ ਪੈਟਰੋਲ ਪੰਪ ’ਤੇ ਐਤਵਾਰ ਦੇਰ ਰਾਤ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪਿਸਤੌਲ ਦੀ ਨੋਕ ’ਤੇ ਦਹਿਸ਼ਤ ਫ਼ੈਲਾਉਂਦੇ ਹੋਏ 11 ਹਜ਼ਾਰ ਲੁੱਟ ਲਏ ਅਤੇ ਪੰਪ ’ਤੇ ਕੰਮ ਕਰਦੇ ਇਕ ਕਰਮਚਾਰੀ ਨੂੰ ਦਾਤਰ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਪੈਟਰੋਲ ਪੰਪ ’ਤੇ ਲੱਗੇ ਕੈਮਰਿਆਂ ’ਚ ਕੈਦ ਹੋ ਗਈ। ਪੁਲਸ ਨੇ ਹਮਲਾਵਰਾਂ ਦੀ ਪਛਾਣ ਕਰਨ ਲਈ ਸੀ. ਸੀ. ਟੀ. ਵੀ. ਦੀ ਫੁਟੇਜ ਆਪਣੇ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਗੁੱਸੇਖੋਰ ਚੋਰ! ਸੇਫ਼ ਖੋਲ੍ਹਣ 'ਚ ਰਿਹਾ ਨਾਕਾਮ ਤਾਂ ਗੁੱਸੇ 'ਚ ਆ ਕੇ ਕਰ ਦਿੱਤੀ ਪੱਕੀ ਵੈਲਡਿੰਗ
ਸੀ. ਸੀ. ਟੀ. ਵੀ. ਫੁਟੇਜ ਅਨੁਸਾਰ ਦੇਰ ਰਾਤ 11.30 ਵਜੇ ਉਕਤ ਦੋਵੇਂ ਨੌਜਵਾਨ ਆਪਣੇ ਮੋਟਰਸਾਈਕਲ ’ਤੇ ਪੈਟਰੋਲ ਪੰਪ ’ਤੇ ਪੈਟਰੋਲ ਪਵਾਉਣ ਲਈ ਆਏ ਅਤੇ ਆਪਣੇ ਵਾਹਨ ’ਚ ਪੈਟਰੋਲ ਭਰਵਾ ਲਿਆ। ਇਸ ’ਤੇ ਜਦੋਂ ਪੈਟਰੋਲ ਪੰਪ ’ਤੇ ਕਰਮਚਾਰੀ ਨੇ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਇਕ ਨੌਜਵਾਨ ਨੇ ਪਿਸਤੌਲ ਕੱਢ ਲਿਆ ਅਤੇ ਉਸ ਦੀ ਨੋਕ ’ਤੇ ਕਰਮਚਾਰੀ ਕੋਲ ਫੜੇ 11 ਹਜ਼ਾਰ ਰੁਪਏ ਵੀ ਲੁੱਟ ਲਏ। ਇਸ ਦੌਰਾਨ ਦੂਰ ਖੜ੍ਹੇ ਇਕ ਕਰਮਚਾਰੀ ਨੇ ਹਮਲਾਵਰਾਂ ’ਤੇ ਹਮਲਾ ਕਰ ਦਿੱਤਾ ਤਾਂ ਇਕ ਹੋਰ ਮੋਟਰਸਾਈਲ ਸਵਾਰ ਨੌਜਵਾਨ ਨੇ ਆਪਣੇ ਦਾਤਰ ਕੱਢ ਕੇ ਹਮਲਾਵਰ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਮੋਟਰਸਾਈਕਲ ਸਵਾਰ ਪੈਟਰੋਲ ਪੰਪ ਦੇ ਸਾਹਮਣੇ ਖੜ੍ਹੇ ਹੋ ਗਏ ਅਤੇ ਪੰਪ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਹਮਲਾਵਰਾਂ ਨੇ ਹਵਾਈ ਫ਼ਾਇਰ ਕਰ ਕੇ ਉਨ੍ਹਾਂ ਦਾ ਮੋਟਰਸਾਈਕਲ ਖੋਹ ਲਿਆ। ਜ਼ਖ਼ਮੀ ਨੌਜਵਾਨਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਸੂਚਨਾ ਮਿਲਣ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸੀ. ਸੀ. ਟੀ. ਵੀ. ਫੁਟੇਜ ਕੱਢਵਾ ਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮ ਜਲਦ ਹੀ ਕਾਨੂੰਨ ਦੀ ਗ੍ਰਿਫ਼ਤ ਵਿਚ ਹੋਣਗੇ।
ਇਹ ਵੀ ਪੜ੍ਹੋ- ਬਟਾਲਾ ਦੇ ਅਗਵਾ ਕੀਤੇ ਗਏ ਨੌਜਵਾਨ ਦੀ ਲਾਸ਼ ਵੇਖ ਪਰਿਵਾਰ 'ਚ ਮਚਿਆ ਚੀਕ ਚਿਹਾੜਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।