ਜਵਾਈ ਨੂੰ ਸੱਟਾਂ ਮਾਰ ਕੇ ਕੀਤਾ ਜ਼ਖ਼ਮੀ, ਪਤਨੀ ਸਣੇ ਸਹੁਰਾ ਪਰਿਵਾਰ ''ਤੇ ਮਾਮਲਾ ਦਰਜ
03/04/2023 11:11:01 AM

ਬਟਾਲਾ (ਸਾਹਿਲ, ਯੋਗੀ, ਅਸ਼ਵਨੀ)- ਜਵਾਈ ਨੂੰ ਸੱਟਾਂ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਸਹੁਰਾ ਪਰਿਵਾਰ ਦੇ 7 ਮੈਂਬਰਾਂ ਵਿਰੁੱਧ ਥਾਣਾ ਕਿਲਾ ਲਾਲ ਸਿੰਘ ਵਿਖੇ ਕੇਸ ਦਰਜ ਕਰ ਦਿੱਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਰਜਿੰਦਰ ਮਸੀਹ ਪੁੱਤਰ ਲਾਲੀ ਮਸੀਹ ਵਾਸੀ ਰਾਏਚੱਕ ਨੇ ਲਿਖਵਾਇਆ ਹੈ ਕਿ ਮੇਰਾ ਵਿਆਹ ਸੰਨ 2013 ਵਿਚ ਮਮਤਾ ਪੁੱਤਰੀ ਜਸਪਾਲ ਮਸੀਹ ਵਾਸੀ ਨਵੀਂ ਆਬਾਦੀ ਬਟਾਲਾ ਨਾਲ ਹੋਇਆ ਸੀ। ਮੇਰੇ 2 ਬੱਚੇ ਵੀ ਹਨ ਪਰ ਵਿਆਹ ਉਪਰੰਤ ਮੇਰੀ ਪਤਨੀ ਮੇਰੇ ਨਾਲ ਲੜਾਈ-ਝਗੜਾ ਕਰਨ ਲੱਗ ਪਈ ਅਤੇ ਮੈਨੂੰ ਪੁੱਛੇ ਬਿਨਾਂ ਹੀ ਆਪਣੇ ਪੇਕੇ ਘਰ ਚਲੀ ਜਾਂਦੀ ਸੀ। ਮੇਰੀ ਪਤਨੀ ਨੇ ਮੇਰੇ ਸਹੁਰਾ ਪਰਿਵਾਰ ਨੂੰ ਵੀ ਮੇਰੇ ਖ਼ਿਲਾਫ਼ ਕੀਤਾ ਹੋਇਆ ਸੀ।
ਇਹ ਵੀ ਪੜ੍ਹੋ- SGPC ਦੀ ਵਿਸ਼ੇਸ਼ ਇਕੱਤਰਤਾ 'ਚ ਲਏ ਗਏ ਵੱਡੇ ਫ਼ੈਸਲੇ, ਹਰਿਆਣਾ ਮਾਮਲੇ 'ਤੇ ਬਣਾਈ ਗਈ 6 ਮੈਂਬਰੀ ਕਮੇਟੀ
ਰਜਿੰਦਰ ਮਸੀਹ ਨੇ ਦੱਸਿਆ ਕਿ ਬੀਤੀ 15 ਫਰਵਰੀ ਨੂੰ ਸਵੇਰੇ 10 ਵਜੇ ਮੇਰੀ ਪਤਨੀ ਮਮਤਾ, ਸੱਸ ਨਿੰਦਰ, ਸਹੁਰਾ ਜਸਪਾਲ ਮਸੀਹ, ਸਾਲਾ ਪ੍ਰੇਮ ਮਸੀਹ ਉਰਫ਼ ਗੋਲਡੀ, ਅਜੈਕ ਮਸੀਹ ਅਤੇ ਦੀਪੂ ਮਸੀਹ ਪੁਤਰਾਨ ਜਸਪਾਲ ਮਸੀਹ ਵਾਸੀਆਨ ਪੂੰਦਰ ਨਵੀਂ ਆਬਾਦੀ ਬਟਾਲਾ ਅਤੇ ਮੇਰੀ ਪਤਨੀ ਦੇ ਮਾਮੇ ਦਾ ਮੁੰਡਾ ਆਸ਼ੂ ਮਸੀਹ ਛੋਟੇ ਹਾਥੀ ’ਤੇ ਸਵਾਰ ਹੋ ਕੇ ਪਿੰਡ ਰਾਏਚੱਕ ਵਿਖੇ ਆਏ ਅਤੇ ਸਕੂਲ ਤੋਂ ਮੇਰੇ ਦੋਵਾਂ ਬੱਚਿਆਂ ਨੂੰ ਛੋਟੇ ਹਾਥੀ ’ਤੇ ਬਿਠਾ ਕੇ ਨਾਲ ਬਟਾਲਾ ਲੈ ਗਏ। ਉਕਤ ਬਿਆਨਕਰਤਾ ਨੇ ਆਪਣੇ ਬਿਆਨ ’ਚ ਪੁਲਸ ਅੱਗੇ ਲਿਖਵਾਇਆ ਹੈ ਕਿ ਜਦੋਂ ਇਸ ਬਾਰੇ ਮੈਨੂੰ ਪਤਾ ਲੱਗਾ ਤਾਂ ਮੈਂ ਆਪਣੇ ਮੋਟਰਸਾਈਕਲ ’ਤੇ ਬਟਾਲਾ ਵੱਲ ਜਾ ਰਿਹਾ ਸੀ। ਜਦੋਂ ਅੱਡਾ ਸਰਵਾਲੀ ਨੇੜੇ ਪਹੁੰਚਿਆ ਤਾਂ ਮੇਰੇ ਸਹੁਰਾ ਪਰਿਵਾਰ ਦੇ ਉਕਤ ਮੈਂਬਰਾਂ ਨੇ ਮੈਨੂੰ ਦੇਖ ਕੇ ਛੋਟਾ ਹਾਥੀ ਰੋਕ ਲਿਆ ਅਤੇ ਉੁਸ ਵਿਚੋਂ ਆਪਣੇ-ਆਪਣੇ ਹਥਿਆਰ ਕੱਢ ਕੇ ਮੈਨੂੰ ਸੱਟਾਂ ਮਾਰੀਆਂ ਅਤੇ ਜ਼ਖ਼ਮੀ ਕਰ ਦਿੱਤਾ ਤੇ ਫਿਰ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਅੰਮ੍ਰਿਤਪਾਲ ਸਿੰਘ ਦੀ ਬੰਦ ਕਮਰਾ ਮੀਟਿੰਗ
ਹੋਰ ਜਾਣਕਾਰੀ ਮੁਤਾਬਕ ਉਕਤ ਮਾਮਲੇ ਸਬੰਧੀ ਏ. ਐੱਸ. ਆਈ. ਰਾਕੇਸ਼ ਕੁਮਾਰ ਨੇ ਕਾਰਵਾਈ ਕਰਦਿਆਂ ਉਕਤ ਥਾਣੇ ’ਚ ਬਣਦੀਆਂ ਧਾਰਾਵਾਂ ਹੇਠ ਰਜਿੰਦਰ ਮਸੀਹ ਦੇ ਬਿਆਨਾਂ ’ਤੇ ਉਸ ਦੀ ਪਤਨੀ ਮਮਤਾ ਸਮੇਤ ਸਹੁਰਾ ਪਰਿਵਾਰ ਉਕਤ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।