ਗੁਰਦਾਸਪੁਰ ਪੁਲਸ ਦੀ ਵੱਡੀ ਕਾਮਯਾਬੀ, ਗੋਲੀ ਚਲਾ ਕੇ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲੇ 6 ਮੁਲਜ਼ਮ ਕੀਤੇ ਕਾਬੂ
Tuesday, Jan 09, 2024 - 04:42 PM (IST)
ਗੁਰਦਾਸਪੁਰ (ਵਿਨੋਦ)- ਜ਼ਿਲ੍ਹਾ ਪੁਲਸ ਗੁਰਦਾਸਪੁਰ ਨੇ 28 ਦਸੰਬਰ ਨੂੰ ਧਾਰੀਵਾਲ ਮਿੱਲ ਗਰਾਊਂਡ ਵਿਖੇ ਗੋਲੀ ਚਲਾ ਕੇ ਇਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਇਕ ਪਿਸਤੌਲ ਅਤੇ ਕੁਝ ਕਾਰਤੂਸ ਬਰਾਮਦ ਕੀਤੇ ਹਨ । ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਮੁਲਜ਼ਮ ਕੋਰਟ ਕੰਪਲੈਕਸ ਅੰਮ੍ਰਿਤਸਰ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ ਅਤੇ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ 20 ਕੇਸ ਦਰਜ ਹਨ।
ਇਹ ਵੀ ਪੜ੍ਹੋ : ਹੱਡ ਚੀਰਵੀਂ ਠੰਡ 'ਚ ਕੰਬਦੇ ਸਕੂਲਾਂ ਨੂੰ ਪੁੱਜੇ ਵਿਦਿਆਰਥੀ, ਸਰਕਾਰੀ ਹੁਕਮਾਂ ਦੇ ਬਾਵਜੂਦ ਵੀ ਖੁੱਲ੍ਹੇ ਰਹੇ ਜ਼ਿਆਦਾਤਰ ਸਕੂਲ
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਸ ਮੁਖੀ ਗੁਰਦਾਸਪੁਰ ਦਾਯਮਾ ਹਰੀਸ਼ ਕੁਮਾਰ ਨੇ ਦੱਸਿਆ ਕਿ 28 ਦਸੰਬਰ 2023 ਨੂੰ ਮੋਟਰਸਾਈਕਲ ਸਵਾਰ ਮੁਲਜ਼ਮਾਂ ਨੇ ਸਾਹਿਲ ਭਗਤ ਉਰਫ਼ ਸ਼ੈਲੀ ਪੁੱਤਰ ਜਗਦੀਸ਼ ਰਾਜ ਵਾਸੀ ਪਿੰਡ ਫੱਜੂਪੁਰ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ । ਸਾਹਿਲ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਅਤੇ ਮਾਮਲੇ ਦੀ ਜਾਂਚ ਲਈ ਡੀ.ਐੱਸ.ਪੀ ਦਿਹਾਤੀ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਬਣਾਈ ਗਈ। ਟੀਮ ਨੇ ਮਾਮਲੇ ਦੀ ਤਕਨੀਕੀ ਤੌਰ 'ਤੇ ਜਾਂਚ ਕੀਤੀ ਅਤੇ ਇਸ ਮਾਮਲੇ ’ਚ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ। ਫੜੇ ਗਏ ਮੁਲਜ਼ਮ ਦੀ ਪਛਾਣ ਨਵਦੀਪ ਸਿੰਘ ਉਰਫ਼ ਘੁੱਲਾ ਉਰਫ਼ ਟਾਈਗਰ ਉਰਫ ਨਵ ਪੁੱਤਰ ਗੋਪਾਲ ਸਿੰਘ ਵਾਸੀ ਰੰਗੀਲਪੁਰ, ਕਰਨ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਖੁੰਡਾ, ਵਿਸ਼ਾਲ ਪੁੱਤਰ ਅਲੀਵਰ ਵਾਸੀ ਮਾਡਲ ਟਾਊਨ ਧਾਰੀਵਾਲ, ਮੁਨੀਸ਼ ਕੁਮਾਰ ਪੁੱਤਰ ਸੁਧੀਰ ਕੁਮਾਰ ਵਾਸੀ ਮਾਡਲ ਟਾਊਨ ਧਾਰੀਵਾਲ, ਨਿਸ਼ਾਨ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਾਡਲ ਟਾਊਨ ਧਾਰੀਵਾਲ ਸ਼ਾਮਲ ਅਤੇ ਜੀਵਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਖੁੰਡਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਹੈਕਰ ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਬਣਾ ਰਹੇ ਮੂਰਖ, ਧੋਖਾਦੇਹੀ ਦੇ ਵਧੇ ਮਾਮਲੇ, ਪੁਲਸ ਨੂੰ ਹੋਣਾ ਪਵੇਗਾ ਹਾਈਟੈਕ
ਜ਼ਿਲ੍ਹਾ ਪੁਲਸ ਮੁਖੀ ਦਾਯਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਅਤੇ ਜ਼ਖ਼ਮੀ ਸਾਹਿਲ ਭਗਤ ਦੀ ਆਪਸ ਵਿੱਚ ਕੋਈ ਸਿੱਧੀ ਦੁਸ਼ਮਣੀ ਨਹੀਂ ਹੈ। ਪਰ ਮੁਲਜ਼ਮਾਂ ਨਾਲ ਕਿਸੇ ਹੋਰ ਧੜੇ ਦਾ ਝਗੜਾ ਚੱਲ ਰਿਹਾ ਸੀ ਅਤੇ ਸਾਹਿਲ ਭਗਤ ਇਸ ਵਿੱਚ ਕੋਈ ਸਮਝੌਤਾ ਕਰਨਾ ਚਾਹੁੰਦਾ ਸੀ ਅਤੇ ਉਹ ਮੁਲਜ਼ਮ ਖ਼ਿਲਾਫ਼ ਦੂਜੀ ਧਿਰ ਨਾਲ ਖੜ੍ਹਾ ਰਹਿੰਦਾ ਸੀ। ਜਿਸ ਕਾਰਨ ਮੁਲਜ਼ਮਾਂ ਨੇ ਸਾਹਿਲ ਭਗਤ ਨੂੰ ਨਿਸ਼ਾਨਾ ਬਣਾਇਆ।
ਇਹ ਵੀ ਪੜ੍ਹੋ : ਦੁਖਦਾਈ ਖ਼ਬਰ: ਸੰਘਣੀ ਧੁੰਦ 'ਚ ਸਕੂਲ ਜਾ ਰਹੇ 12ਵੀਂ ਜਮਾਤ ਦੇ ਵਿਦਿਆਰਥੀ ਦੀ ਸੜਕ ਹਾਦਸੇ 'ਚ ਮੌਤ
ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਦੇ ਮੁੱਖ ਮੁਲਜ਼ਮ ਨਵਦੀਪ ਸਿੰਘ ਉਰਫ਼ ਘੁੱਲਾ ਉਰਫ਼ ਟਾਈਗਰ ਉਰਫ਼ ਨਵ ਵਾਸੀ ਰੰਗੀਲਪੁਰ ਨੂੰ ਦਿੱਲੀ ਪੁਲਸ ਦੀ ਮਦਦ ਨਾਲ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਫਿਰ ਉਸ ਦੇ ਨਾਲ ਇੱਕ ਦੋਸ਼ੀ ਚਰਨਜੀਤ ਸਿੰਘ ਨੂੰ ਵੀ ਇੱਕ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਜੋ ਕਿ ਦਿੱਲੀ ਪੁਲਸ ਕੋਲ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨਵਦੀਪ ਸਿੰਘ ਖ਼ਿਲਾਫ਼ 20 ਤੋਂ ਵੱਧ ਕੇਸ ਦਰਜ ਹਨ ਅਤੇ ਉਹ 25 ਅਗਸਤ 2023 ਨੂੰ ਅੰਮ੍ਰਿਤਸਰ ਕੋਰਟ ਕੰਪਲੈਕਸ ਵਿੱਚੋਂ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ ਹੋਣ 'ਚ ਕਾਮਯਾਬ ਹੋ ਗਿਆ ਸੀ। ਫਿਰ ਮੁਲਜ਼ਮ ਨੇ ਆਪਣੇ ਪੰਜ ਸਾਥੀਆਂ ਨਾਲ ਮਿਲ ਕੇ ਅੰਮ੍ਰਿਤਸਰ ਵਿੱਚ ਇੱਕ ਮੈਡੀਕਲ ਸਟੋਰ ਨੂੰ ਲੁੱਟ ਲਿਆ। ਮੁਲਜ਼ਮ ਜੰਡਿਆਲਾ ਵਿੱਚ ਦੋਹਰੇ ਕਤਲ ਕਾਂਡ ਵਿੱਚ ਵੀ ਸ਼ਾਮਲ ਸੀ ਅਤੇ ਉਸ ਦਾ ਮਾਸਟਰਮਾਈਂਡ ਗੈਂਗਸਟਰ ਹੈਪੀ ਜੱਟ ਵਾਸੀ ਜੰਡਿਆਲਾ ਹੈ, ਜੋ ਉਸ ਨੂੰ ਹਥਿਆਰ ਮੁਹੱਈਆ ਕਰਵਾਉਂਦਾ ਹੈ। ਮੁਲਜ਼ਮ ਨਵਦੀਪ ਸਿੰਘ ਨੂੰ 5 ਜਨਵਰੀ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰਕੇ ਗੁਰਦਾਸਪੁਰ ਲਿਆਂਦਾ ਗਿਆ ਸੀ। ਜਦਕਿ ਇਸ ਪੁੱਛਗਿੱਛ ਦੇ ਆਧਾਰ ’ਤੇ ਹੋਰ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮਾਂ ਵਿੱਚੋਂ ਨਿਸ਼ਾਨ ਸਿੰਘ ਅਤੇ ਜੀਵਨ ਸਿੰਘ ਪਹਿਲਾਂ ਵੀ ਕਿਸੇ ਨਾ ਕਿਸੇ ਕੇਸ ਵਿੱਚ ਗ੍ਰਿਫ਼ਤਾਰ ਹੋ ਚੁੱਕੇ ਹਨ ਅਤੇ ਦੋਵੇਂ ਜੇਲ੍ਹ ਵਿੱਚ ਬੰਦ ਹਨ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਇਕ ਦਿਨ ਦਾ ਪੁਲਸ ਰਿਮਾਂਡ
ਉਨ੍ਹਾਂ ਦੱਸਿਆ ਕਿ ਇਸ ਗਰੋਹ ਦੇ ਤਿੰਨ ਮੈਂਬਰ ਰੋਹਿਤ ਉਰਫ਼ ਹਲਦੀ ਵਾਸੀ ਧਾਰੀਵਾਲ, ਮਨਪ੍ਰੀਤ ਸਿੰਘ ਵਾਸੀ ਤੇਜਾ ਕਲਾਂ ਅਤੇ ਮਨਦੀਪ ਮਸੀਹ ਵਾਸੀ ਸੁਜਾਨਪੁਰ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮ ਚਰਨਜੀਤ ਸਿੰਘ ਨੂੰ ਵੀ ਅਦਾਲਤ ਤੋਂ ਪ੍ਰੋਟੈਕਸ਼ਨ ਵਾਰੰਟ ਹਾਸਲ ਕਰਕੇ ਪੁੱਛਗਿੱਛ ਲਈ ਲਿਆਂਦਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8