ਬੰਦ ਫੈਕਟਰੀ ’ਚੋਂ ਚਾਈਨਾ ਡੋਰ ਦੇ 336 ਗੱਟੂ ਬਰਾਮਦ, ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Friday, Jan 13, 2023 - 11:14 AM (IST)

ਚੇਤਨਪੁਰਾ/ਅਜਨਾਲਾ (ਨਿਰਵੈਲ/ਭੱਟੀ/ਗੁਰਜੰਟ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਅਤੇ ਡੀ. ਜੀ. ਪੀ. ਪੰਜਾਬ ਦੀਆਂ ਹਦਾਇਤਾਂ ’ਤੇ ਥਾਣਾ ਝੰਡੇਰ ਦੀ ਪੁਲਸ ਵੱਲੋਂ ਚਾਈਨਾ ਡੋਰ ਵਿਕਰੇਤਾਵਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਰਸਾਂ ਦੀ ਬੰਦ ਪਈ ਫੈਕਟਰੀ ਵਿੱਚੋਂ ਚਾਈਨਾਂ ਡੋਰ ਦੇ 336 ਗੱਟੂ ਬਰਾਮਦ ਕਰ ਕੇ ਤਿੰਨ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਫੌਜ ’ਚ ਸਿੱਖ ਫੌਜੀਆਂ ਲਈ ਨਵੀਂ ਲੋਹਟੋਪ ਯੋਜਨਾ ਵਾਪਸ ਲਈ ਜਾਵੇ : ਐਡਵੋਕੇਟ ਧਾਮੀ
ਇਸ ਸੰਬੰਧੀ ਡੀ. ਐੱਸ. ਪੀ. ਅਜਨਾਲਾ ਸੰਜੀਵ ਕੁਮਾਰ ਅਤੇ ਐੱਸ. ਐੱਚ. ਓ. ਝੰਡੇਰ ਸਬ-ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਪਿੰਡ ਤਲਵੰਡੀ ਨਾਹਰ ਨਜ਼ਦੀਕ ਗਸ਼ਤ ਦੇ ਸੰਬੰਧ ’ਚ ਏ. ਐੱਸ. ਆਈ. ਤਕਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਖੜ੍ਹੀ ਸੀ ਕਿ ਮੁਖਬਰ ਨੇ ਇਤਲਾਹ ਦਿੱਤੀ ਕਿ ਰੰਜੀਵ ਕੁਮਾਰ ਪੁੱਤਰ ਰਮੇਸ਼ ਕੁਮਾਰ, ਰਮੇਸ਼ ਕੁਮਾਰ ਅਤੇ ਅਕਾਸ਼ ਪੁੱਤਰ ਰਾਜਨ ਵਾਸੀ ਫਤਿਹਗੜ੍ਹ ਚੂੜੀਆਂ ਪਾਬੰਦੀਸ਼ੁਦਾ ਚਾਈਨਾ ਡੋਰ ਵੇਚਦੇ ਹਨ ਤੇ ਇੰਨ੍ਹਾਂ ਦੀ ਬੰਦ ਪਈ ਰਸਾਂ ਦੀ ਫੈਕਟਰੀ ਵਿਚ ਚਾਈਨਾਂ ਡੋਰ ਦੇ ਗੱਟੂ ਵੀ ਪਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧ ’ਚ ਤਿੰਨਾਂ ਵਿਅਕਤੀਆਂ ਖ਼ਿਲਾਫ਼ ਥਾਣਾ ਝੰਡੇਰ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਬੰਦ ਪਈ ਰਸਾਂ ਦੀ ਫੈਕਟਰੀ ਵਿੱਚੋਂ ਡੱਬਿਆਂ ’ਚ ਬੰਦ ਚਾਈਨਾ ਡੋਰ ਦੇ 336 ਗੱਟੂ ਬਰਾਮਦ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਹ ਤਿੰਨੇ ਵਿਅਕਤੀ ਫ਼ਰਾਰ ਹਨ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸੰਨੀ ਦਿਓਲ ਦੀ ਹਲਕੇ 'ਚ ਗ਼ੈਰ-ਹਾਜ਼ਰੀ ਤੋਂ ਦੁਖੀ ਲੋਕਾਂ ਨੇ ਕੱਢੀ ਭੜਾਸ, ਵੰਡੇ 'ਲਾਪਤਾ' ਦੇ ਪੋਸਟਰ
ਉਨ੍ਹਾਂ ਚਾਈਨਾ ਡੋਰ ਵੇਚਣ ਦਾ ਧੰਦਾ ਕਰਨ ਵਾਲਿਆਂ ਨੂੰ ਸਖ਼ਤ ਤਾੜਨਾਂ ਕਰਦਿਆਂ ਕਿਹਾ ਕਿ ਉਹ ਆਪਣਾ ਧੰਦਾ ਤੁਰੰਤ ਛੱਡ ਦੇਣ ਅਗਰ ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪਤੰਗਬਾਜ਼ਾ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਉਹ ਵੀ ਚਾਈਨਾ ਡੋਰ ਦੀ ਬਜਾਏ ਸੂਤੀ ਡੋਰ ਨਾਲ ਹੀ ਪਤੰਗਾਂ ਉਡਾਉਣ ਤਾਂ ਜੋ ਮਨੁੱਖਾਂ ਅਤੇ ਪੰਛੀਆਂ ਲਈ ਘਾਤਕ ਸਾਬਿਤ ਹੋ ਰਹੀ ਚਾਈਨਾ ਡੋਰ ਦੇ ਨੁਕਸਾਨ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ- ਕੇਂਦਰ ਦੇ ਸਿੱਖ ਫ਼ੌਜੀਆਂ ਲਈ ਹੈਲਮੈਟ ਦੇ ਫ਼ੈਸਲੇ ਖ਼ਿਲਾਫ਼ ਜਥੇਦਾਰ ਹਰਪ੍ਰੀਤ ਸਿੰਘ ਦਾ ਤਿੱਖਾ ਪ੍ਰਤੀਕਰਮ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।