ਹਰ ਸਾਲ ਦੀਵਾਲੀ 'ਤੇ ਤਿਆਰ ਹੁੰਦੀ ਹੈ ਖੋਖਿਆਂ ਦੀ ਬਲੈਕ, ਇਸ ਸਾਲ ਪਟਾਕਿਆਂ ਲਈ ਆਈਆਂ 1292 ਅਰਜ਼ੀਆਂ

Sunday, Nov 05, 2023 - 04:29 PM (IST)

ਹਰ ਸਾਲ ਦੀਵਾਲੀ 'ਤੇ ਤਿਆਰ ਹੁੰਦੀ ਹੈ ਖੋਖਿਆਂ ਦੀ ਬਲੈਕ, ਇਸ ਸਾਲ ਪਟਾਕਿਆਂ ਲਈ ਆਈਆਂ 1292 ਅਰਜ਼ੀਆਂ

ਅੰਮ੍ਰਿਤਸਰ (ਨੀਰਜ)- ਜ਼ਿਲ੍ਹਾ ਪ੍ਰਸ਼ਾਸਨ ਕੋਲ ਇਸ ਵਾਰ ਵੀ ਪਟਾਕਿਆਂ ਦੇ ਅਸਥਾਈ ਖੋਖੇ ਲੈਣ ਲਈ 1292 ਅਰਜ਼ੀਆਂ ਸੇਵਾ ਕੇਂਦਰਾਂ ਜ਼ਰੀਏ ਪਹੁੰਚ ਚੁੱਕੀਆਂ ਹਨ। ਜਿਨ੍ਹਾਂ ਦਾ ਡ੍ਰਾਅ ਕੱਢਿਆ ਜਾਵੇਗਾ ਪਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਟਾਕਿਆਂ ਦੇ ਖੋਖਿਆਂ ਲਈ ਅਜਿਹੇ ਲੋਕਾਂ ਨੇ ਅਰਜ਼ੀਆਂ ਦਿੱਤੀਆਂ ਹਨ, ਜਿਨ੍ਹਾਂ ਦਾ ਪਟਾਕਿਆਂ ਦੇ ਕਾਰੋਬਾਰ ਨਾਲ ਦੂਰ-ਦੂਰ ਦਾ ਲੈਣਾ ਦੇਣਾ ਨਹੀਂ ਹੈ।

ਜਾਣਕਾਰੀ ਅਨੁਸਾਰ ਇਕ ਗਰੁੱਪ ਵੱਲੋਂ ਆਪਣੇ ਨਜ਼ਦੀਕੀ ਤੇ ਹੋਰ ਰਿਸ਼ਤੇਦਾਰਾਂ ਦੀਆਂ ਅਰਜ਼ੀਆਂ ਦੇ ਰੂਪ ’ਚ 185 ਅਰਜ਼ੀਆਂ ਖੋਖਿਆਂ ਲਈ ਦਿੱਤੀਆਂ ਗਈਆਂ ਹਨ ਤਾਂ ਇਕ ਗਰੁੱਪ ਵੱਲੋਂ 82 ਅਰਜ਼ੀਆਂ ਦਿੱਤੀਆਂ ਹਨ। ਇਸੇ ਲੜੀ ਤਹਿਤ ਛੋਟੇ-ਛੋਟੇ ਗਰੁੱਪਾਂ ਵੱਲੋਂ ਕਿਸੇ ਨੇ 18 ਤਾਂ ਕਿਸੇ ਨੇ 25 ਅਰਜ਼ੀਆਂ ਦਿੱਤੀਆਂ ਹਨ ਤਾਂ ਕਿ ਡ੍ਰਾਅ ਵਾਲੇ ਦਿਨ ਉਨ੍ਹਾਂ ਦੀ ਲਾਟਰੀ ਨਿਕਲ ਆਵੇ ਅਤੇ ਉਹ ਖੋਖਿਆਂ ਦੇ ਬਲੈਕ ਕਰ ਸਕਣ ਅਤੇ ਹਰ ਸਾਲ ਹੁੰਦਾ ਵੀ ਇੰਝ ਹੀ ਹੈ।

ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਸ਼ਰੇਆਮ ਰਸਤੇ 'ਚ ਨੌਜਵਾਨ ਨੂੰ ਵੱਢਿਆ

ਪਿਛਲੇ ਕੁਝ ਸਾਲਾਂ ’ਤੇ ਨਜ਼ਰ ਫੇਰੀਏ ਤਾਂ ਪਤਾ ਚੱਲਦਾ ਹੈ ਕਿ ਹਰ ਸਾਲ ਪ੍ਰਸ਼ਾਸਨ ਵੱਲੋਂ ਪੂਰੀ ਪਾਰਦਰਸ਼ਿਤਾ ਨਾਲ ਖੋਖਿਆਂ ਦੀਆਂ ਅਰਜ਼ੀਆਂ ਲਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਡ੍ਰਾਅ ਵੀ ਕੱਢਿਆ ਜਾਂਦਾ ਹੈ ਪਰ ਜਿਨ੍ਹਾਂ ਲੋਕਾਂ ਦੇ ਡ੍ਰਾਅ ’ਚ ਨਾਂ ਨਿਕਲਦੇ ਹਨ, ਉਹ ਇਨ੍ਹਾਂ ਨੂੰ ਬਲੈਕ ਕਰ ਦਿੰਦੇ ਹਨ, ਅਜਿਹੇ ਦੋਸ਼ ਹਰ ਸਾਲ ਪਟਾਕਾ ਕਾਰੋਬਾਰੀਆਂ ਵੱਲੋਂ ਲਗਾਏ ਜਾਂਦੇ ਹਨ।

ਪਟਾਕਾ ਵਪਾਰੀਆਂ ਨੂੰ ਦਿੱਤੇ ਜਾਣੇ ਚਾਹੀਦੇ ਖੋਖੇ

ਅੰਮ੍ਰਿਤਸਰ ਫਾਇਰ ਕ੍ਰੈਕਰਸ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪਟਾਕਾ ਕਾਰੋਬਾਰੀ ਹਰੀਸ਼ ਧਵਨ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਹਰ ਸਾਲ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਨੂੰ ਲਿਖਤੀ ਰੂਪ ਨਾਲ ਅਪੀਲ ਕੀਤੀ ਜਾਂਦੀ ਰਹੀ ਹੈ ਕਿ ਪਟਾਕਿਆਂ ਦੇ ਅਸਥਾਈ ਲਾਇਸੈਂਸ ਜੋ ਸਿਰਫ਼ ਤਿੰਨ ਦਿਨ ਜਾਂ ਇਸ ਤੋਂ ਵੀ ਘੱਟ ਸਮੇਂ ਲਈ ਦਿੱਤੇ ਜਾਂਦੇ ਹਨ ਉਹ ਪਟਾਕਾ ਕਾਰੋਬਾਰੀਆਂ ਨੂੰ ਹੀ ਦਿੱਤੇ ਜਾਣ ਕਿਉਂਕਿ ਪਟਾਕਾ ਕਾਰੋਬਾਰੀ ਸ਼ਿਵਾਕਾਸੀ ਤੇ ਹੋਰ ਸ਼ਹਿਰਾਂ ਤੋਂ ਟੈਕਸ ਭਰ ਕੇ ਪਟਾਕੇ ਖ਼ਰੀਦਦੇ ਹਨ ਅਤੇ ਇਨ੍ਹਾਂ ਦੀ ਹੋਲਸੇਲ ਤੇ ਰਿਟੇਲ ’ਚ ਵਿਕਰੀ ਕਰਦੇ ਹਨ ਪਰ ਪ੍ਰਸ਼ਾਸਨ ਡ੍ਰਾਅ ’ਚ ਅਜਿਹੇ ਲੋਕਾਂ ਨੂੰ ਖੋਖੇ ਅਲਾਟ ਕਰ ਦਿੰਦਾ ਹੈ ਜਿਨ੍ਹਾਂ ਦਾ ਪਟਾਕਾ ਕਾਰੋਬਾਰ ਨਾਲ ਦੂਰ ਤੱਕ ਵੀ ਨਾਤਾ ਨਹੀਂ ਹੁੰਦਾ ਹੈ।

ਇਹ ਵੀ ਪੜ੍ਹੋ- ਫੌਜ ਦੀਆਂ ਤਸਵੀਰਾਂ ਤੇ ਜਾਣਕਾਰੀ ਪਾਕਿ ਭੇਜਣ ਵਾਲਾ ‘ਆਰਮੀ ਟੇਲਰ’ ਕਾਬੂ, ਕੰਮ ਕਰਨ 'ਤੇ ਮਿਲਦੀ ਸੀ ਮੋਟੀ ਰਕਮ

ਕਦੇ ਜਹਾਜ਼ਗੜ੍ਹ ’ਚ ਇਕ ਮਹੀਨਾ ਪਹਿਲਾਂ ਹੀ ਸਜ ਜਾਂਦੀ ਸੀ ਪਟਾਕਾ ਮਾਰਕੀਟ

ਪਟਾਕਿਆਂ ਦਾ ਕਾਰੋਬਾਰ ਤੇ ਪਟਾਕਾ ਮਾਰਕੀਟ ਦੇ ਪਿਛਲੇ ਇਤਿਹਾਸ ’ਤੇ ਨਜ਼ਰ ਪਾਈਏ ਤਾਂ ਪਤਾ ਚੱਲਦਾ ਹੈ ਕਿ ਜਦੋਂ ਹਾਈ ਕੋਰਟ ਵੱਲੋਂ ਜਹਾਜ਼ਗੜ੍ਹ ਸਥਿਤ ਪਟਾਕਾ ਮਾਰਕੀਟ ਦੇ ਸਬੰਧ ’ਚ ਆਦੇਸ਼ ਨਹੀਂ ਸੁਣਾਇਆ ਗਿਆ ਸੀ ਤਾਂ ਇਸ ਤੋਂ ਪਹਿਲਾਂ ਦੀਵਾਲੀ ਤੋਂ 45 ਤੋਂ 55 ਦਿਨ ਪਹਿਲਾਂ ਹੀ ਜਹਾਜ਼ਗੜ੍ਹ ਪਟਾਕਾ ਮਾਰਕੀਟ ਸਜ ਜਾਂਦੀ ਸੀ ਅਤੇ ਇੱਥੇ ਗਾਹਕਾਂ ਦੀ ਰੌਨਕ ਲੱਗ ਜਾਂਦੀ ਸੀ। ਅੰਮ੍ਰਿਤਸਰ ਜ਼ਿਲ੍ਹੇ ਦੇ ਇਲਾਵਾ ਸੂਬੇ ਦੇ ਹੋਰ ਜ਼ਿਲ੍ਹਿਆਂ ਤੋਂ ਵੀ ਗਾਹਕ ਪਟਾਕੇ ਖਰੀਦਣ ਲਈ ਮਾਰਕੀਟ ’ਚ ਆਉਂਦੇ ਸਨ ਪਰ ਅਦਾਲਤ ’ਚ ਪਟੀਸ਼ਨਕਰਤਾ ਵੱਲੋਂ ਪੈਟਰੋਲ ਪੰਪ ਤੇ ਸਕੂਲ ਨਾਲ ਹੋਣ ਤੇ ਸਾਹਮਣੇ ਸੌ ਗਜ਼ ਦੀ ਜਗ੍ਹਾ ਖਾਲੀ ਨਾ ਹੋਣ ਦਾ ਹਵਾਲਾ ਦੇ ਕੇ ਕੇਸ ਕੀਤਾ ਗਿਆ ਜਿਸ ਵਿਚ ਅਦਾਲਤ ਨੇ ਵੀ ਪਟੀਸ਼ਨਕਰਤਾ ਦੇ ਹਕ ’ਚ ਫੈਸਲਾ ਸੁਣਾ ਦਿੱਤਾ।

ਇਹ ਵੀ ਪੜ੍ਹੋ- ਵਿਧਵਾ ਮਾਂ ਨੇ ਬੈਂਕ 'ਚੋਂ ਕਰਜ਼ਾ ਚੁੱਕ 8 ਦਿਨ ਪਹਿਲਾਂ ਵਿਦੇਸ਼ ਭੇਜਿਆ ਸੀ ਪੁੱਤ, ਬ੍ਰੇਨ ਅਟੈਕ ਕਾਰਨ ਮੌਤ

ਆਈ. ਡੀ. ਐੱਚ. ਮਾਰਕੀਟ ’ਚ ਅੱਗ ਲੱਗਣ ਤੋਂ ਬਾਅਦ ਅਲਾਟ ਕੀਤੀ ਗਈਆਂ ਸਨ 30 ਦੁਕਾਨਾਂ

ਜਹਾਜ਼ਗੜ੍ਹ ਪਟਾਕਾ ਮਾਰਕੀਟ ਤੋਂ ਪਹਿਲਾਂ ਭੀੜ-ਭਾੜ ਵਾਲੇ ਆਈ.ਡੀ.ਐੱਚ. ਮਾਰਕੀਟ ’ਚ ਪਟਾਕਾ ਮਾਰਕੀਟ ਸਜਦੀ ਸੀ ਅਤੇ ਬੱਸ ਸਟੈਂਡ ਨਜ਼ਦੀਕ ਹੋਣ ਕਾਰਨ ਇੱਥੇ ਕਾਫ਼ੀ ਭੀੜ ਹੋ ਜਾਂਦੀ ਸੀ। ਜਾਣਕਾਰੀ ਅਨੁਸਾਰ ਸਾਲ 2000 ’ਚ ਆਈ.ਡੀ.ਐੱਚ. ਪਟਾਕਾ ਮਾਰਕੀਟ ’ਚ ਅੱਗ ਲੱਗ ਗਈ ਜਿਸ ਨਾਲ ਵਪਾਰੀਆਂ ਨੂੰ ਭਾਰੀ ਨੁਕਸਾਨ ਚੁੱਕਣਾ ਪਿਆ ਸੀ। ਲੀਡਰਾਂ ਦੀ ਦਖਲਅੰਦਾਜ਼ੀ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਪਟਾਕਾ ਵਪਾਰੀਆਂ ਨੂੰ ਜਹਾਜ਼ਗੜ੍ਹ ’ਚ 30 ਦੁਕਾਨਾਂ ਅਲਾਟ ਕਰ ਦਿੱਤੀਆਂ ਗਈਆਂ ਪਰ ਅਲਾਟਮੈਂਟ ਕਰਦੇ ਸਮੇਂ ਇਹ ਨਹੀਂ ਦੇਖਿਆ ਗਿਆ ਕਿ ਮਾਰਕੀਟ ’ਚ ਨਿਯਮਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ ਜਾਂ ਨਹੀਂ।

ਜ਼ਿਲ੍ਹੇ ’ਚ ਐਕਸਪਲੋਸਿਵ ਵਿਭਾਗ ਦੇ ਲਾਇਸੈਂਸ ਵਾਲੇ 30 ਕਾਰੋਬਾਰੀ

ਜਹਾਜ਼ਗੜ੍ਹ ਤੋਂ ਉਜੜਣ ਤੋਂ ਬਾਅਦ ਪਟਾਕਾ ਵਪਾਰੀਆਂ ਨੇ ਐਕਸਪਲੋਸਿਵ ਵਿਭਾਗ ਵੱਲੋਂ ਜਾਰੀ ਲਾਇਸੈਂਸਾਂ ਤਹਿਤ ਰਾਜੇਵਾਲ ਤੇ ਹੋਰ ਖੁੱਲ੍ਹੇ ਸਥਾਨਾਂ ’ਤੇ ਆਪਣੇ ਗੋਦਾਮ ਬਣਾ ਲਏ ਅਤੇ ਇਸ ਸਮੇਂ 30 ਕਾਰੋਬਾਰੀਆਂ ਕੋਲ ਸਟੋਰ ਐਂਡ ਸੇਲ ਦਾ ਲਾਇਸੈਂਸ ਹੈ ਪਰ ਇਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਹਰ ਸਾਲ ਅਣਦੇਖਿਆ ਹੀ ਕੀਤਾ ਜਾਂਦਾ ਰਿਹਾ ਹੈ।

ਇਹ ਵੀ ਪੜ੍ਹੋ- ਗੁਰੂ ਨਗਰੀ ਅੰਮ੍ਰਿਤਸਰ 'ਚ ਦੇਹ ਵਪਾਰ ਦਾ ਅੱਡਾ ਬੇਨਕਾਬ, ਪੁਲਸ ਨੇ ਗ੍ਰਿਫ਼ਤਾਰ ਕੀਤੇ ਕੁੜੀਆਂ ਤੇ ਮੁੰਡੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News