ਚਾਈਨਾ ਡੋਰ ਦੇ 1020 ਗੱਟੂਆਂ ਨੂੰ ਤੇਜ਼ਾਬ ਪਾ ਕੇ ਕੀਤਾ ਨਸ਼ਟ

Friday, Dec 27, 2024 - 02:30 PM (IST)

ਚਾਈਨਾ ਡੋਰ ਦੇ 1020 ਗੱਟੂਆਂ ਨੂੰ ਤੇਜ਼ਾਬ ਪਾ ਕੇ ਕੀਤਾ ਨਸ਼ਟ

ਅੰਮ੍ਰਿਤਸਰ (ਜਸ਼ਨ)-ਏ. ਸੀ. ਪੀ ਵੈਸਟ ਸ਼ਿਵਦਰਸ਼ਨ ਸਿੰਘ ਨੇ ਆਪਣੀ ਅਗਵਾਈ ਹੇਠ ਛੇਹਰਟਾ, ਕੰਟੋਨਮੈਂਟ ਅਤੇ ਹੋਰ ਥਾਣਾ ਮੁਖੀਆਂ ਅਤੇ ਚੌਕੀ ਇੰਚਾਰਜਾਂ ਨੂੰ ਚਾਈਨਾ ਡੋਰ ਵੇਚਣ ਵਾਲਿਆਂ ਅਤੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਸਖ਼ਤ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਇਹ ਹੁਕਮ ਲੋਹੜੀ ਦੇ ਤਿਉਹਾਰ ਸਬੰਧੀ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਲੋਹੜੀ ਦੇ ਤਿਉਹਾਰ ਮੌਕੇ ਵੱਡੀ ਗਿਣਤੀ ਲੋਕ ਪਤੰਗ ਉਡਾਉਣ ਲਈ ਚਾਈਨਾ ਗੱਟੂ ਦੀ ਵਰਤੋਂ ਕਰਦੇ ਹਨ। ਏ. ਸੀ. ਪੀ ਸ਼ਿਵਦਰਸ਼ਨ ਸਿੰਘ ਸੰਧੂ ਨੇ ਦੱਸਿਆ ਕਿ ਬੀਤੇ ਦਿਨ ਫੜੇ ਗਏ ਚਾਈਨਾ ਡੋਰ ਦੇ 1020 ਗੱਟੂ ਨੂੰ ਤੇਜ਼ਾਬ ਪਾ ਕੇ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਗਿਆ ਹੈ।

ਜਾਰੀ ਹੁਕਮਾਂ ਵਿੱਚ ਉਨ੍ਹਾਂ ਕਿਹਾ ਹੈ ਕਿ ਜੋ ਵੀ ਵਿਅਕਤੀ ਉਨ੍ਹਾਂ ਦੇ ਅਧੀਨ ਆਉਂਦੇ ਇਲਾਕਿਆਂ ਵਿੱਚ ਚਾਈਨਾ ਡੋਰ ਵੇਚਦਾ ਹੈ, ਉਸ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਜੋ ਕੋਈ ਵੀ ਇਲਾਕੇ ਵਿੱਚ ਨਸ਼ਾ ਵੇਚਦਾ ਹੈ, ਉਸ ਵਿਰੁੱਧ ਐੱਨ. ਡੀ. ਪੀ. ਐੱਸ ਐਕਟ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਸਲਾਖਾਂ ਵਿੱਚ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੁਝ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕੁਝ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਵਿਚ ਨਸ਼ਾ ਵੇਚਿਆ ਜਾ ਰਿਹਾ ਹੈ ਅਤੇ ਉਸ ਇਲਾਕੇ ਦੇ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਹ ਕਾਰਵਾਈ ਨਹੀਂ ਕਰਦੇ।


author

Shivani Bassan

Content Editor

Related News