ਸਾਬਕਾ ਅਕਾਲੀ ਸਰਪੰਚ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਏ ਸਰਕਾਰ : ਗਨੀਵ ਕੌਰ

Wednesday, Aug 13, 2025 - 12:47 PM (IST)

ਸਾਬਕਾ ਅਕਾਲੀ ਸਰਪੰਚ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਏ ਸਰਕਾਰ : ਗਨੀਵ ਕੌਰ

ਅੰਮ੍ਰਿਤਸਰ (ਛੀਨਾ) : ਪੰਜਾਬ ’ਚ ਗੈਂਗਸਟਰ ਸ਼ਰੇਆਮ ਕਾਰੋਬਾਰੀਆ ਤੋਂ ਫਿਰੋਤੀਆ ਮੰਗ ਰਹੇ ਹਨ ਅਤੇ ਫਿਰੋਤੀਆਂ ਨਾ ਦੇਣ ਵਾਲਿਆਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਜਿਸ ਕਾਰਨ ਲੋਕਾਂ ’ਚ ਭਾਰੀ ਦਹਿਸ਼ਤ ਦਾ ਮਾਹੌਲ ਹੈ। ਇਹ ਵਿਚਾਰ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਧਰਮ ਪਤਨੀ ਤੇ ਹਲਕਾ ਮਜੀਠਾ ਤੋਂ ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ ਨੇ ਫਿਰੋਤੀ ਨਾ ਦੇਣ ਕਾਰਨ ਗੈਂਗਸਟਰਾ ਦੇ ਹਮਲੇ ਦਾ ਸ਼ਿਕਾਰ ਹੋਏ ਸਾਬਕਾ ਅਕਾਲੀ ਸਰਪੰਚ ਕਮਲ ਬੰਗਾਲੀ ਦੇ ਗ੍ਰਹਿ ਪਹੁੰਚ ਕੇ ਉਨ੍ਹਾਂ ਨਾਲ ਮੁਲਕਾਤ ਕਰਨ ਮੌਕੇ ਪ੍ਰਗਟਾਏ। ਉਨ੍ਹਾਂ ਕਿਹਾ ਕਿ ਅਕਾਲੀ ਸਰਪੰਚ ਕਮਲ ਬੰਗਾਲੀ ’ਤੇ ਹਮਲਾ ਹੋਏ ਨੂੰ ਕਈ ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਅਸਲ ਦੋਸ਼ੀ ਨੂੰ ਪੁਲਸ ਗ੍ਰਿਫਤਾਰ ਨਹੀਂ ਕਰ ਸਕੀ ਜਿਸ ਕਾਰਨ ਪੀੜਤ ਪਰਿਵਾਰ ਡਰ ਦੇ ਸਾਏ ਹੇਠ ਦਿਨ ਕੱਟ ਰਿਹਾ ਹੈ। 

ਵਿਧਾਇਕਾ ਨੇ ਕਿਹਾ ਕਿ ਅਕਾਲੀ ਸਰਪੰਚ ਕਮਲ ਬੰਗਾਲੀ ’ਤੇ ਹਮਲਾ ਕਰਨ ਵਾਲੇ ਸਾਰੇ ਦੋਸ਼ੀ ਤੁਰੰਤ ਗ੍ਰਿਫਤਾਰ ਕੀਤੇ ਜਾਣ ਅਤੇ ਪੀੜਤ ਪਰਿਵਾਰ ਨੂੰ ਪੰਜਾਬ ਸਰਕਾਰ ਤੁਰੰਤ ਸੁਰੱਖਿਆ ਮੁਹੱਈਆ ਕਰਵਾਏ ਕਿਉਂਕਿ ਉਨ੍ਹਾਂ ’ਤੇ ਹੁਣ ਤੱਕ ਲਗਾਤਾਰ 3 ਵਾਰ ਹਮਲੇ ਹੋ ਚੁੱਕੇ ਹਨ। ਬੀਬਾ ਗਨੀਵ ਕੌਰ ਨੇ ਸਾਬਕਾ ਅਕਾਲੀ ਸਰਪੰਚ ਕਮਲ ਬੰਗਾਲੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਨਾਲ ਚੱਟਾਨ ਦੀ ਤਰ੍ਹਾਂ ਡੱਟ ਕੇ ਖੜ੍ਹਾ ਹੈ। ਇਸ ਸਮੇਂ ਉਤਰ ਪ੍ਰਦੇਸ਼ ਕਲਿਆਣ ਪ੍ਰੀਸ਼ਦ ਦੇ ਚੀਫ ਪੈਟਰਨ ਆਰ.ਸੀ. ਯਾਦਵ, ਸਰਪੰਚ ਪਵਨ ਕੁਮਾਰ ਹੈਪੀ, ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂੰ, ਨਵਜਿੰਦਰਪਾਲ ਸਿੰਘ ਗਾਧੀ ਨਿੱਬਰਵਿੰਡ ਤੇ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ। 


author

Gurminder Singh

Content Editor

Related News