GNDU ਦੇ VC ਖ਼ਿਲਾਫ਼ ਵਿਦਿਆਰਥੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤੀ ਚਿੱਠੀ
Monday, Aug 04, 2025 - 03:35 PM (IST)

ਅੰਮ੍ਰਿਤਸਰ- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਵੱਲੋਂ ਹਾਲ ਹੀ 'ਚ ਆਰ.ਐੱਸ.ਐੱਸ ਦੇ ਇਕ ਸਮਾਗਮ 'ਚ ਸ਼ਮੂਲੀਅਤ ਕਰਨ 'ਤੇ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ਸਖ਼ਤ ਇਤਰਾਜ਼ ਜਤਾਇਆ ਗਿਆ ਹੈ। ਅੱਜ ਵਿਦਿਆਰਥੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਕ ਚਿੱਠੀ ਦੇ ਕੇ ਮਾਮਲੇ 'ਚ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ। ਇਸ ਦੌਰਾਨ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਵਿਦਿਆਰਥੀ ਸੱਥ ਦੇ ਆਗੂ ਜਸਕਰਨ ਸਿੰਘ ਨੇ ਦੱਸਿਆ ਕਿ ਡਾ. ਕਰਮਜੀਤ ਸਿੰਘ ਨੇ ਤਾਜ਼ਾ ਸਮੇਂ ਵਿੱਚ ਆਰ.ਐੱਸ.ਐੱਸ ਵੱਲੋਂ ਕਾਇਮਟੋਰ ਵਿਖੇ ਕਰਵਾਏ ਗਿਆ "ਗਿਆਨ ਸਮੇਂ ਮਿਲਣ" ਸਮਾਗਮ ਵਿੱਚ ਸ਼ਮੂਲੀਅਤ ਕੀਤੀ।
ਉਨ੍ਹਾਂ ਨੇ ਉਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੀਤੇ ਕੰਮਾਂ ਦੀ ਰਿਪੋਰਟ ਰੱਖੀ, ਜਿਸ ਵਿੱਚ ਸਿੱਖੀ ਅਤੇ "ਇੰਡੀਅਨ ਨੌਲੇਜ ਸਿਸਟਮ" ਨੂੰ ਜੋੜਨ ਵਾਲੇ ਕੋਰਸਾਂ ਦੀ ਗੱਲ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ "ਸਿੱਖ ਚੇਅਰ" ਦੇ ਸੰਦਰਭ 'ਚ ਵੀ ਵੇਦਾਂਤ ਅਤੇ ਸਿੱਖੀ ਵਿਚਕਾਰ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ। ਵਿਦਿਆਰਥੀਆਂ ਦੇ ਅਨੁਸਾਰ, ਇਹ ਸਾਰੇ ਕਦਮ ਸਿੱਖੀ ਦੇ ਆਦਿ ਸਿਧਾਂਤਾਂ ਦੇ ਖਿਲਾਫ ਹਨ। ਉਨ੍ਹਾਂ ਨੇ ਇਤਰਾਜ਼ ਜਤਾਇਆ ਕਿ ਯੂਨੀਵਰਸਿਟੀ, ਜੋ ਗੁਰੂ ਨਾਨਕ ਪਾਤਸ਼ਾਹ ਦੇ ਨਾਮ 'ਤੇ 1969 ਵਿੱਚ ਸਥਾਪਿਤ ਹੋਈ ਸੀ, ਉਹ ਸਿੱਖੀ ਦੇ ਪ੍ਰਚਾਰ ਦੀ ਥਾਂ ਆਰ.ਐੱਸ.ਐੱਸ ਦੀ ਵਿਚਾਰਧਾਰਾ ਨੂੰ ਢੋਣ ਵਾਲਾ ਕੇਂਦਰ ਬਣਦੀ ਜਾ ਰਹੀ ਹੈ।
ਉਨ੍ਹਾਂ ਚਿੱਠੀ 'ਚ ਉਲੇਖ ਕੀਤਾ ਗਿਆ ਕਿ ਪਿਛਲੇ ਦਹਾਕਿਆਂ 'ਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਿੰਨ ਵਾਰ ਆਰ.ਐੱਸ.ਐੱਸ ਖ਼ਿਲਾਫ਼ ਸਿੱਖ ਕੌਮ ਨੂੰ ਚੇਤਾਵਨੀ ਦਿੱਤੀ ਜਾ ਚੁੱਕੀ ਹੈ। 2001, 2002 ਅਤੇ 2004 'ਚ ਇਨ੍ਹਾਂ ਸਾਰੇ ਹੁਕਮਨਾਮਿਆਂ ਵਿੱਚ ਆਰ.ਐੱਸ.ਐੱਸ ਨੂੰ ਸਿੱਖੀ ਦੀ ਜੜ੍ਹਾਂ 'ਤੇ ਹਮਲਾ ਕਰਨ ਵਾਲੀ ਸੰਸਥਾ ਕਰਾਰ ਦਿੱਤਾ ਗਿਆ।
ਵਿਦਿਆਰਥੀ ਜਥੇਬੰਦੀਆਂ ਦੀ ਮੰਗ ਹੈ ਕਿ ਹੁਣ ਚੌਥਾ, ਤਾਜ਼ਾ ਤੇ ਸਪਸ਼ਟ ਹੁਕਮਨਾਮਾ ਜਾਰੀ ਕਰਕੇ ਸਿੱਖ ਕੌਮ ਨੂੰ ਰਾਹ ਦੱਸਿਆ ਜਾਵੇ। ਚਿੱਠੀ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਵੱਲੋਂ ਕੀਤੀਆਂ ਨਿਯੁਕਤੀਆਂ 'ਤੇ ਵੀ ਸਵਾਲ ਚੁੱਕੇ ਗਏ, ਜਿੱਥੇ ਆਰ.ਐੱਸ.ਐੱਸ ਨਾਲ ਨਜ਼ਦੀਕ ਰੱਖਣ ਵਾਲੇ ਜਾਂ ਬਾਹਰੀ ਸੂਬਿਆਂ ਤੋਂ ਆਏ ਵਿਅਕਤੀਆਂ ਨੂੰ ਤਰਜੀਹ ਦੇਣ ਦੀ ਗੱਲ ਦੱਸੀ ਗਈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਆਪਣੇ ਕਾਬਿਲ ਅਕਾਦਮਿਕ ਪ੍ਰੋਫੈਸਰਾਂ ਦੀ ਉਪੇਖਾ ਕਰਕੇ ਆਰ.ਐੱਸ.ਐੱਸ ਪਿੱਠਭੂਮੀ ਵਾਲਿਆਂ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਜਸਕਰਨ ਸਿੰਘ ਨੇ ਅੰਤ ਵਿੱਚ ਜਥੇਦਾਰ ਸਿੰਘ ਸਾਹਿਬਾਨ ਤੋਂ ਸਪਸ਼ਟ ਰਵੱਈਆ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਰਤਮਾਨ ਵੀਸੀ ਨੂੰ ਤੁਰੰਤ ਹਟਾਇਆ ਜਾਵੇ ਅਤੇ ਭਵਿੱਖ ਵਿੱਚ ਕਿਸੇ ਵੀ ਸੰਸਥਾ 'ਚ ਆਰ.ਐੱਸ.ਐੱਸ ਨਾਲ ਜੁੜੇ ਵਿਅਕਤੀਆਂ ਦੀ ਨਿਯੁਕਤੀ 'ਤੇ ਪੂਰੀ ਰੋਕ ਲਾਈ ਜਾਵੇ।