ਵਿਗੜ ਰਹੀ ਪ੍ਰਸ਼ਾਸਨਿਕ ਵਿਵਸਥਾ, ਅੰਮ੍ਰਿਤਸਰ ਦੇ SDM-2 ਦਫ਼ਤਰ ’ਚ 1 ਹਜ਼ਾਰ ਡਰਾਈਵਿੰਗ ਲਾਈਸੈਂਸ ਪੈਂਡਿੰਗ

Monday, Oct 23, 2023 - 12:04 PM (IST)

ਅੰਮ੍ਰਿਤਸਰ (ਨੀਰਜ)- ਪ੍ਰਸ਼ਾਸਨਿਕ ਵਿਵਸਥਾ ਨੂੰ ਠੀਕ ਕਰਨ ਲਈ ਅਤੇ ਜਨਤਾ ਨੂੰ ਸੁਖੀ ਕਰਨ ਲਈ ਨਵ-ਨਿਯੁਕਤ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ ਕਿ ਸੇਵਾ ਕੇਂਦਰਾਂ ਸਹਿਤ ਸਾਰੇ ਵਿਭਾਗਾਂ ’ਚ ਲੋਕਾਂ ਦੇ ਕੰਮਾਂ ਦਾ ਪੈਂਡੈਂਸੀ ਨੂੰ ਜ਼ੀਰੋ ਕੀਤਾ ਜਾਵੇ ਪਰ ਚਿਰਾਗ ਹੇਠਾਂ ਹਨੇਰ ਵਾਲੀ ਗੱਲ ਡੀ. ਸੀ. ਦਫਤਰ ’ਚ ਹੀ ਨਜ਼ਰ ਆ ਰਹੀ ਹੈ।

ਜਾਣਕਾਰੀ ਅਨੁਸਾਰ ਡੀ. ਸੀ. ਨੇ ਆਪਣੇ ਹੀ ਐੱਸ.ਡੀ.ਐੱਮ. 2 ਅਤੇ ਆਈ. ਏ. ਐੱਸ. ਅਧਿਕਾਰੀ ਨਿਕਾਸ ਕੁਮਾਰ ਦੇ ਦਫ਼ਤਰ ’ਚ ਖੁਦ ਉਨ੍ਹਾਂ ਦੀ ਸਾਈਟ ’ਤੇ ਇਕ ਹਜ਼ਾਰ ਤੋਂ ਜ਼ਿਆਦਾ ਪੱਕੇ ਡਰਾਈਵਿੰਗ ਲਾਇਸੈਂਸਾਂ ਦੀ ਪੈਂਡੈਂਸੀ ਚੱਲ ਰਹੀ ਹੈ, ਜਿਸ ਨੂੰ ਹੁਣ ਤੱਕ ਕਲੀਅਰ ਨਹੀਂ ਕੀਤਾ ਜਾ ਰਿਹਾ ਹੈ, ਜਿਨ੍ਹਾਂ ਲੋਕਾਂ ਦੇ ਲਾਇਸੈਂਸ ਸਭ ਕੁਝ ਓਕੇ ਹੋਣ ਤੋਂ ਬਾਅਦ ਐੱਸ.ਡੀ.ਐੱਮ. ਦੇ ਹਸਤਾਖਰਾਂ ਦਾ ਇੰਤਜ਼ਾਰ ਕਰ ਰਹੇ ਹਨ। ਉਹ ਐੱਸ.ਡੀ.ਐੱਮ. ਦੇ ਦਫ਼ਤਰ ’ਚ ਹਰ ਰੋਜ਼ ਧੱਕੇ ਖਾਂਦੇ ਫਿਰਦੇ ਹਨ ਅਤੇ ਫਿਲਹਾਲ ਉਨ੍ਹਾਂ ਦੀ ਸੁਣਵਾਈ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਇੰਨੀ ਭਾਰੀ ਗਿਣਤੀ ’ਚ ਡਰਾਈਵਿੰਗ ਲਾਇਸੈਂਸਾਂ ਦੀ ਪੈਂਡੈਂਸੀ ਕਿਹੜੇ ਪਾਸੇ ਇਸ਼ਾਰਾ ਕਰ ਰਹੀ ਹੈ ਜਾਂ ਫਿਰ ਇਸ ਦਾ ਕਾਰਨ ਕੀ ਹੈ ਇਹ ਵੀ ਕਿਸੇ ਨੂੰ ਸਮਝ ’ਚ ਨਹੀਂ ਆ ਰਿਹਾ ਹੈ ਜਦਕਿ ਪੇਂਡੂ ਪੁਲਸ ਤੇ ਸਿਟੀ ਪੁਲਸ ਵੱਲੋਂ ਟ੍ਰੈਫਿਕ ਦੇ ਮਾਮਲਿਆਂ ’ਚ ਕੀਤੀ ਗਈ ਸਖ਼ਤੀ ਕਾਰਨ ਹਰ ਵਾਹਨ ਚਾਲਕ ਕੋਲ ਡਰਾਈਵਿੰਗ ਲਾਇਸੈਂਸ ਹੋਣਾ ਜ਼ਰੂਰੀ ਹੈ ਨਹੀਂ ਤਾਂ ਭਾਰੀ ਭਰਕਮ ਜੁਰਮਾਨਾ ਲੋਕਾਂ ਨੂੰ ਪੈ ਰਿਹਾ ਹੈ।

ਇਹ ਵੀ ਪੜ੍ਹੋ- ਨਿੱਕੀ ਜਿਹੀ ਗੱਲ ਨੇ ਧਾਰਿਆ ਖੂਨੀ ਰੂਪ, ਵੀਡੀਓ ’ਚ ਦੇਖੋ ਕਿਵੇਂ ਖੇਤਾਂ ’ਚ ਭਿੜੀਆਂ ਦੋ ਧਿਰਾਂ

ਪਿਛਲੇ 52 ਦਿਨਾਂ ਤੋਂ ਬੰਦ ਪਿਆ ਸ਼ਹਿਰੀ ਪਟਵਾਰਖ਼ਾਨਾ ਤੇ 156 ਸਰਕਲ

ਡਿਪਟੀ ਕਮਿਸ਼ਨਰ ਦਫ਼ਤਰ ਜਿਸ ਵਿਚ ਜ਼ਿਲ੍ਹਾ ਕੁਲੈਕਟਰ ਦੇ ਅਨੁਸਾਰ ਖੁਦ ਡੀ. ਸੀ. ਦੇ ਸਿੱਧੇ ਤੌਰ ’ਤੇ ਸਬੰਧਿਤ ਮਾਲ ਵਿਭਾਗ (ਟੈਕਸ ਵਿਭਾਗ) ਦਾ ਬੁਰਾ ਹਾਲ ਹੈ। ਜਾਣਕਾਰੀ ਅਨੁਸਾਰ ਪਿਛਲੇ 52 ਦਿਨਾਂ ਤੋਂ ਸ਼ਹਿਰੀ ਪਟਵਾਰਖਾਨਾ ਬੰਦ ਪਿਆ ਹੈ। ਪਟਵਾਰਖਾਨਾ 1 ਅਤੇ 2 ’ਚ 21 ਪਟਵਾਰੀ ਕੰਮ ਕਰਦੇ ਹਨ ਅਤੇ ਇਨ੍ਹਾਂ ਦੇ ਦਫਤਰਾਂ ’ਚ ਤਾਲੇ ਲਟਕੇ ਹੋਏ ਹਨ। ਸਾਰਾ ਸ਼ਹਿਰ ਪਟਵਾਰਖਾਨਾ ਬੰਦ ਹੋਣ ਕਾਰਨ ਪ੍ਰੇਸ਼ਾਨ ਹੈ ਅਤੇ ਲੋਕਾਂ ਨੂੰ ਜ਼ਮੀਨ ਜਾਇਦਾਦ ਦੇ ਰਿਕਾਰਡ ਤੋਂ ਲੈ ਕੇ ਫਰਦ ਤੱਕ ਨਹੀਂ ਮਿਲ ਰਹੀ ਹੈ। ਪਟਵਾਰੀਆਂ ਨੇ ਆਪਣੇ ਐਲਾਨ ਦੇ ਅਨੁਸਾਰ ਵਾਧੂ ਪਟਵਾਰ ਸਰਕਲਾਂ ਦਾ ਚਾਰਜ ਛੱਡ ਰੱਖਿਆ ਹੈ ਅਤੇ ਪੂਰੇ ਜ਼ਿਲ੍ਹੇ ’ਚ 156 ਪਟਵਾਰ ਸਰਕਲ ਇਸ ਸਮੇਂ ਖਾਲੀ ਹਨ। ਸ਼ਹਿਰੀ ਸਰਕਲਾਂ ਦੇ ਨਾਲ-ਨਾਲ ਸੌ ਤੋਂ ਜ਼ਿਆਦਾ ਪੇਂਡੂ ਪਟਵਾਰ ਸਰਕਲ ਇਸ ਸਮੇਂ ਖਾਲੀ ਹਨ ਜਿਨ੍ਹਾਂ ’ਤੇ ਤਾਇਨਾਤੀ ਨਹੀਂ ਕੀਤੀ ਜਾ ਰਹੀ ਹੈ ਅਤੇ ਲੋਕ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ।

ਜ਼ਮੀਨ ਜਾਇਦਾਦ ਦੀ ਰਜਿਸਟਰੀ ਕਰਵਾਉਣ ਲਈ ਇਸ ਸਮੇਂ ਐੱਨ.ਓ.ਸੀ. ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ ਪਰ ਲੋਕਾਂ ਨੂੰ ਨਗਰ ਨਿਗਮ, ਪੁੱਡਾ ਤੇ ਨਗਰ ਸੁਧਾਰ ਟਰੱਸਟ ’ਚ ਸਰਕਾਰੀ ਫ਼ੀਸ ਭਰਨ ਦੇ ਬਾਅਦ ਵੀ ਆਸਾਨੀ ਨਾਲ ਐੱਨ.ਓ.ਸੀ. ਨਹੀਂ ਮਿਲ ਰਹੀ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਤਾਂ ਕਰਨਾ ਹੀ ਪੈ ਰਿਹਾ ਹੈ। ਉੱਥੇ ਹੀ ਇਸ ਨਾਲ ਟੈਕਸ ਵਿਭਾਗ ਨੂੰ ਵੀ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ ਅਤੇ ਕਿਉਂਕਿ ਐੱਨ. ਓ. ਸੀ. ਨਾ ਮਿਲਣ ਕਾਰਨ ਰਜਿਸਟ੍ਰੀਆਂ ਦੀ ਗਿਣਤੀ ’ਚ ਕਮੀ ਆ ਚੁੱਕੀ ਹੈ। ਲੋਕ ਮੰਗ ਕਰ ਰਹੇ ਹਨ ਕਿ ਰਜਿਸਟ੍ਰੀ ਦਫ਼ਤਰ ’ਚ ਇਕ ਅਜਿਹਾ ਕਾਊਂਟਰ ਸਥਾਪਤ ਕਰ ਦਿੱਤਾ ਜਾਵੇ ਜਿੱਥੇ ਮੌਕੇ ’ਤੇ ਹੀ ਸਰਕਾਰੀ ਫ਼ੀਸ ਭਰਨ ਤੋਂ ਬਾਅਦ ਐੱਨ.ਓ.ਸੀ. ਜਾਰੀ ਕੀਤੀ ਜਾਵੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਇਸ ਮਾਮਲੇ ’ਚ ਭ੍ਰਿਸ਼ਟਾਚਾਰ ਦਾ ਵੀ ਬੋਲਬਾਲਾ ਹੈ ਅਤੇ ਕਈ ਵਿਭਾਗਾਂ ਦੇ ਅਧਿਕਾਰੀ ਐੱਨ.ਓ.ਸੀ. ਦੇਣ ਦੇ ਮਾਮਲੇ ’ਚ ਗ੍ਰਿਫ਼ਤਾਰ ਵੀ ਹੋ ਚੁੱਕੇ ਹਨ।

ਇਹ ਵੀ ਪੜ੍ਹੋ-  ਬਠਿੰਡਾ 'ਚ ਵੱਡੀ ਵਾਰਦਾਤ, ਮੇਲੇ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਪਰਾਲੀ ਸਾੜਣ ਦੀ ਸਮੱਸਿਆ ਅਜੇ ਵੀ ਬਰਕਰਾਰ

ਝੋਨੇ ਦੀ ਪਰਾਲੀ ਸਾੜਣ ਦੀ ਸਮੱਸਿਆ ਵੀ ਉਂਝ ਦੀ ਉਂਝ ਹੀ ਨਜ਼ਰ ਆ ਰਹੀ ਹੈ ਜਦਰਿ ਪੂਰੇ ਸੂਬੇ ’ਚ ਇਸ ਸਮੇਂ ਸਭ ਤੋਂ ਜ਼ਿਆਦਾ ਪਰਾਲੀ ਸਾੜਣ ਦੀਆਂ ਘਟਨਾਵਾਂ ਅੰਮ੍ਰਿਤਸਰ ਜ਼ਿਲ੍ਹੇ ’ਚ ਸਾਹਮਣੇ ਆ ਰਹੀ ਹੈ। ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਤੱਕ 8 ਲੱਖ ਰੁਪਏ ਜੁਰਮਾਨਾ ਕੀਤਾ ਜਾ ਚੁੱਕਾ ਹੈ ਜੋ ਕਿਸਾਨ ਪਰਾਲੀ ਸਾੜ ਰਹੇ ਹਨ ਅਤੇ ਉਨ੍ਹਾਂ 'ਤੇ ਮਾਮਲੇ ਵੀ ਦਰਜ ਕੀਤੇ ਜਾ ਚੁੱਕੇ ਹਨ ਪਰ ਇਹ ਨਾਕਾਫੀ ਹੈ।

ਵੀ. ਆਈ. ਪੀ. ਡਿਊਟੀ ਕਾਰਨ ਲੋਕ ਹੋ ਰਹੇ ਪ੍ਰੇਸ਼ਾਨ

ਜ਼ਿਆਦਾਤਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵੀ. ਆਈ. ਪੀ. ਡਿਊਟੀ ਲੱਗ ਜਾਂਦੀ ਹੈ ਇੱਥੇ ਤੱਕ ਕਿ ਸਬ-ਰਜਿਸਟ੍ਰਾਰ ਰੈਂਕ ਦੇ ਅਧਿਕਾਰੀ ਦੀ ਵੀ ਵੀ. ਆਈ. ਪੀ. ਡਿਊਟੀ ਲੱਗ ਰਹੀ ਹੈ ਕਿਉਂਕਿ ਉਨ੍ਹਾਂ ਕੋਲ ਤਹਿਸੀਲਦਾਰ ਤੇ ਡਿਊਟੀ ਮੈਜਿਸਟ੍ਰੇਟ ਦਾ ਵਾਧੂ ਚਾਰਜ ਹੁੰਦਾ ਹੈ ਜਦਕਿ ਨਿਯਮ ਅਨੁਸਾਰ ਸਬ-ਰਜਿਸਟ੍ਰਾਰ ਦਾ ਅਹੁਦਾ ਇਸ ਲਈ ਬਣਾਇਆ ਗਿਆ ਸੀ ਤਾਂ ਕਿ ਰਜਿਸਟ੍ਰੀ ਦਫਤਰਾਂ ’ਚ ਆਉਣ ਵਾਲੇ ਲੋਕਾਂ ਨੂੰ ਸਬ-ਰਜਿਸਟ੍ਰਾਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਉਪਲਬਧ ਰਹਿਣ ਪਰ ਨਿਯਮਾਂ ਦਾ ਉਲੰਘਣ ਇਸ ਵਿਚ ਵੀ ਹੋ ਰਿਹਾ ਹੈ।

ਇਹ ਵੀ ਪੜ੍ਹੋ- CM ਮਾਨ ਦਾ ਅਹਿਮ ਫ਼ੈਸਲਾ, ਭਗਵਾਨ ਵਾਲਮੀਕਿ ਦਿਵਸ ਨੂੰ ਮੁੱਖ ਰੱਖਦੇ ਹੋਏ ਜਾਰੀ ਕੀਤੇ ਇਹ ਹੁਕਮ

ਡੀ. ਸੀ. ਨੂੰ ਜ਼ਮੀਨੀ ਪੱਧਰ ’ਤੇ ਕੰਮ ਕਰਨ ਦੀ ਲੋੜ

ਸਾਬਕਾ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦਾ ਚਾਰ ਮਹੀਨੇ ਦੇ ਅੰਦਰ ਹੀ ਸਰਕਾਰ ਵੱਲੋਂ ਤਬਾਦਲਾ ਕਰ ਦਿੱਤਾ ਗਿਆ ਹੈ ਜਿਸ ਦਾ ਕਾਰਨ ਹੁਣ ਤੱਕ ਨਹੀਂ ਦੱਸਿਆ ਜਾ ਰਿਹਾ ਹੈ ਪਰ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਸਰਕਾਰ ਅੰਮ੍ਰਿਤਸਰ ਵਰਗੇ ਜ਼ਿਲ੍ਹੇ ’ਚ ਮਜ਼ਬੂਤ ਪ੍ਰਸ਼ਾਸਨਿਕ ਵਿਵਸਥਾ ਪ੍ਰਦਾਨ ਕਰਨ ਵੱਲ ਸਖ਼ਤੀ ਨਾਲ ਕੰਮ ਕਰ ਰਹੀ ਹੈ। ਅਜਿਹੇ ’ਚ ਨਵ-ਨਿਯੁਕਤ ਡੀ.ਸੀ. ਨੂੰ ਕਾਨਫ੍ਰੈਂਸ ਹਾਲ ’ਚ ਮੀਟਿੰਗਾਂ ਕਰਨ ਦੀ ਬਜਾਏ ਜ਼ਮੀਨੀ ਪੱਧਰ ’ਤੇ ਜਾ ਕੇ ਕੰਮ ਕਰਨ ਦੀ ਲੋੜ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News