ਪੱਟੀ ਤੋਂ ਅੰਮ੍ਰਿਤਸਰ ਜਾ ਰਹੀ ਰੇਲ ਗੱਡੀ ਹੇਠਾਂ ਆਉਣ ਨਾਲ 1 ਵਿਅਕਤੀ ਦੀ ਮੌਤ
Saturday, Oct 15, 2022 - 12:54 PM (IST)

ਪੱਟੀ (ਸੋਢੀ) - ਪੱਟੀ ਤੋਂ ਅੰਮ੍ਰਿਤਸਰ ਜਾ ਰਹੀ ਡੀ. ਐੱਮ. ਯੂ. ਰੇਲ ਗੱਡੀ ਹੇਠ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਜੀ. ਆਰ. ਪੀ. ਦੇ ਏਰੀਆ ਇੰਸਪੈਕਟਰ ਕਸ਼ਮੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਾਮ 5 ਵਜੇ ਦੇ ਕਰੀਬ ਪੱਟੀ ਤੋਂ ਅੰਮ੍ਰਿਤਸਰ ਜਾ ਰਹੀ ਰੇਲ ਗੱਡੀ ਨੰਬਰ 06943 ਦੇ ਪਿੰਡ ਕੈਰੋਂ ਦੇ ਕਿੱਲੋਮੀਟਰ 5/6-38 ਨੇੜੇ ਫਾਟਕ ਪਾਰ ਕਰਦੇ ਸਮੇਂ ਇਕ ਵਿਅਕਤੀ ਗੱਡੀ ਦੇ ਹੇਠਾਂ ਆ ਗਿਆ ਅਤੇ ਉਸ ਦੀ ਮੌਤ ਹੋ ਗਈ।
ਉਨ੍ਹਾਂ ਨੇ ਦੱਸਿਆ ਕਿ ਮਰਨ ਵਾਲੇ ਵਿਅਕਤੀ ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ ਹੈ। ਜੀ. ਆਰ. ਪੀ. ਨੇ ਅਧਿਕਾਰੀਆਂ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ ਵਿਖੇ ਲਾਸ਼ ਦੀ ਪਛਾਣ ਕਰਵਾਉਣ ਲਈ 72 ਘੰਟਿਆਂ ਲਈ ਰੱਖਵਾ ਦਿੱਤਾ ਜਾਵੇਗਾ।