2 ਕਰੋੜ ਦਾ ਕਰਜ਼ਾ ਦਿਵਾਉਣ ਬਹਾਨੇ ਮਾਰੀ 1.31 ਲੱਖ ਦੀ ਠੱਗੀ, 4 ਖ਼ਿਲਾਫ਼ ਪਰਚਾ ਦਰਜ
Thursday, Jan 02, 2025 - 05:55 AM (IST)
ਤਰਨਤਾਰਨ (ਰਮਨ) : ਫੈਕਟਰੀ ਲਾਉਣ ਸਬੰਧੀ 2 ਕਰੋੜ ਰੁਪਏ ਦਾ ਲੋਨ ਪਾਸ ਕਰਵਾਉਣ ਦਾ ਝਾਂਸਾ ਦਿੰਦੇ ਹੋਏ ਇਕ ਔਰਤ ਨਾਲ 1 ਲੱਖ 31 ਹਜ਼ਾਰ 600 ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਂਚ ਕਰਨ ਉਪਰੰਤ ਥਾਣਾ ਸਾਈਬਰ ਕ੍ਰਾਈਮ ਦੀ ਪੁਲਸ ਵੱਲੋਂ 4 ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਸਤਵਿੰਦਰ ਕੌਰ ਪਤਨੀ ਬਲਦੇਵ ਸਿੰਘ ਵਾਸੀ ਇੰਡਸਟੀਰੀਅਲ ਫੋਕਲ ਪੁਆਇੰਟ ਤਰਨਤਾਰਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਵੱਲੋਂ ਫੋਕਲ ਪੁਆਇੰਟ ਵਿਖੇ ਐੱਲ. ਈ. ਡੀ. ਬੱਲਬ, ਟਿਊਬ ਲਾਈਟ ਅਤੇ ਸਟਰੀਟ ਲਾਈਟ ਆਦਿ ਬਣਾਉਣ ਦਾ ਯੂਨਿਟ ਲਾਉਣ ਸਬੰਧੀ ਤਿਆਰੀ ਕੀਤੀ ਜਾ ਰਹੀ ਸੀ। ਇਸ ਸਬੰਧੀ ਉਸ ਨੂੰ 2 ਕਰੋੜ ਰੁਪਏ ਦੇ ਕਰਜ਼ੇ ਦੀ ਲੋੜ ਸੀ। ਉਸ ਵੱਲੋਂ ਬਿਹਾਰ ਵੈੱਬਸਾਈਟ ’ਤੇ ਵੇਖਿਆ ਗਿਆ ਕਿ ਉਸ ਨੂੰ 5 ਕਰੋੜ ਰੁਪਏ ਤੱਕ ਦਾ ਕਰਜ਼ਾ ਘੱਟ ਦਰਾਂ ’ਤੇ ਮਿਲ ਰਿਹਾ ਹੈ, ਜਿਸ ਕਾਰਨ ਉਸ ਵੱਲੋਂ ਡਾ. ਜਤਿੰਦਰ ਪਾਸਵਾਨ ਪੁੱਤਰ ਰਾਧੇ ਪਾਸਵਾਨ ਵਾਸੀ ਘੋਸ਼ਪੁਰ ਬਿਹਾਰ, ਰਜਨੀਸ਼ ਕੁਮਾਰ ਡਾਇਰੈਕਟਰ ਵਾਸੀ ਪਟਨਾ ਬਿਹਾਰ, ਸੁਸ਼ੀਲਾ ਹੈਮ ਰੋਮ ਡਾਇਰੈਕਟਰ ਵਾਸੀ ਪਟਨਾ ਬਿਹਾਰ ਅਤੇ ਮੁਹੰਮਦ ਰਾਜੀ ਮਾਲਮ ਅਸਿਸਟੈਂਟ ਜਨਰਲ ਮੈਨੇਜਰ ਵਾਸੀ ਪਟਨਾ ਬਿਹਾਰ ਨਾਲ ਸੰਪਰਕ ਕਰਦੇ ਹੋਏ 2 ਕਰੋੜ ਰੁਪਏ ਦੇ ਕਰਜ਼ੇ ਸਬੰਧੀ ਗੱਲਬਾਤ ਕੀਤੀ ਗਈ।
ਇਹ ਵੀ ਪੜ੍ਹੋ : ਮਨਮੋਹਨ ਸਿੰਘ ਦੀ ਯਾਦਗਾਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ, ਇਸ ਥਾਂ 'ਤੇ ਬਣ ਸਕਦੀ ਹੈ ਯਾਦਗਾਰ
ਇਸ ਦੌਰਾਨ ਉਕਤ ਮੁਲਜ਼ਮਾਂ ਵੱਲੋਂ ਉਸ ਨੂੰ ਪੂਰਾ ਵਿਸ਼ਵਾਸ ਦਿਵਾਇਆ ਗਿਆ ਕਿ ਤੁਹਾਨੂੰ 2 ਕਰੋੜ ਰੁਪਏ ਦਾ ਕਰਜ਼ਾ ਘੱਟ ਵਿਆਜ ਦਰਾਂ ਉੱਪਰ ਮਨਜ਼ੂਰ ਕਰਵਾ ਦਿੱਤਾ ਜਾਵੇਗਾ ਕਿਉਂਕਿ ਇਹ ਸੰਸਥਾ ਦਲਿਤ ਲੋਕਾਂ ਦੀ ਭਲਾਈ ਲਈ ਬਣਾਈ ਗਈ ਹੈ। ਇਸ ਦਿੱਤੇ ਗਏ ਝਾਂਸੇ ਦੌਰਾਨ ਉਸ ਵੱਲੋਂ 1 ਲੱਖ 31 ਹਜ਼ਾਰ 600 ਰੁਪਏ ਦੀ ਫੀਸ ਵਜੋਂ ਸਟੇਟ ਬੈਂਕ ਆਫ ਇੰਡੀਆ ਦੇ ਚੈੱਕ ਰਾਹੀਂ ਉਨ੍ਹਾਂ ਦੇ ਦਫਤਰ ਵਿਖੇ ਭੇਜ ਦਿੱਤੇ ਗਏ, ਜਿਸ ਤੋਂ ਬਾਅਦ ਉਸ ਦਾ ਕਰਜ਼ਾ ਮਨਜ਼ੂਰ ਨਹੀਂ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਾਈਬਰ ਕ੍ਰਾਈਮ ਤਰਨਤਾਰਨ ਦੇ ਮੁਖੀ ਇੰਸਪੈਕਟਰ ਉਪਕਾਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਉਪਰੰਤ ਉਕਤ ਚਾਰਾਂ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8