‘ਆਪ’ਸਰਪੰਚ ਦੇ ਕਤਲ ਦਾ ਮਾਮਲਾ : ਗੈਂਗਸਟਰ ਅੰਮ੍ਰਿਤਪਾਲ ਬਾਠ ਸਣੇ 7 ਨੂੰ ਕੀਤਾ ਨਾਮਜ਼ਦ, ਇਕ ਗ੍ਰਿਫ਼ਤਾਰ

Tuesday, Nov 19, 2024 - 11:47 AM (IST)

‘ਆਪ’ਸਰਪੰਚ ਦੇ ਕਤਲ ਦਾ ਮਾਮਲਾ : ਗੈਂਗਸਟਰ ਅੰਮ੍ਰਿਤਪਾਲ ਬਾਠ ਸਣੇ 7 ਨੂੰ ਕੀਤਾ ਨਾਮਜ਼ਦ, ਇਕ ਗ੍ਰਿਫ਼ਤਾਰ

ਤਰਨਤਾਰਨ (ਰਮਨ ਚਾਵਲਾ)- ਬੀਤੇ ਕੱਲ੍ਹ ਪਿੰਡ ਲਾਲੂਘੁੰਮਣ ਵਿਖੇ ਆਮ ਆਦਮੀ ਪਾਰਟੀ ਦੇ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਸਬੰਧੀ ਥਾਣਾ ਝਬਾਲ ਦੀ ਪੁਲਸ ਨੇ ਵਿਦੇਸ਼ ’ਚ ਬੈਠੇ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਸਣੇ 7 ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਧਰ ਸਿਵਲ ਹਸਪਤਾਲ ਤਰਨਤਾਰਨ ਵਿਖੇ ਮ੍ਰਿਤਕ ਸਰਪੰਚ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ, ਜਿਸ ਦਾ ਪਿੰਡ ਲਾਲੂਘੁੰਮਣ ਵਿਖੇ ਨਾਮ ਅੱਖਾਂ ਦੇ ਨਾਲ ਸੋਮਵਾਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਜਾਣਕਾਰੀ ਦੇ ਅਨੁਸਾਰ ਵਿਧਾਨ ਸਭਾ ਹਲਕਾ ਤਰਨਤਾਰਨ ਅਧੀਨ ਆਉਂਦੇ ਪਿੰਡ ਲਾਲੂਘੁੰਮਣ ਵਿਖੇ ਬੀਤੇ ਕੱਲ੍ਹ ਐਤਵਾਰ ਦੁਪਹਿਰ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਪ੍ਰਤਾਪ ਸਿੰਘ ਪੁੱਤਰ ਗਿਆਨ ਸਿੰਘ ਦਾ ਇਕ ਵਿਅਕਤੀ ਵੱਲੋਂ ਗੋਲੀਆਂ ਮਾਰਦੇ ਹੋਏ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਦੌਰਾਨ ਗੋਲੀ ਲੱਗਣ ਦੇ ਚੱਲਦਿਆਂ ਬੁੱਧ ਸਿੰਘ ਨਾਮਕ ਵਿਅਕਤੀ ਵੀ ਜ਼ਖਮੀ ਹੋ ਗਿਆ ਸੀ। ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ ਮੋਟਰਸਾਈਕਲ ਰਾਹੀਂ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਿਆ, ਜਿਸ ਨੂੰ ਪਿੰਡ ਵਾਸੀਆਂ ਵੱਲੋਂ ਇੱਟੇ ਰੋੜੇ ਮਾਰਦੇ ਹੋਏ ਕਾਬੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਪੁਲ ਤੋਂ ਹੇਠਾਂ ਡਿੱਗੇ ਐਕਟਿਵਾ ਸਵਾਰ ਕੁੜੀ-ਮੁੰਡਾ

ਇਸ ਮਾਮਲੇ ਸਬੰਧੀ ਥਾਣਾ ਝਬਾਲ ਦੀ ਪੁਲਸ ਵੱਲੋਂ ਮ੍ਰਿਤਕ ਸਰਪੰਚ ਪ੍ਰਤਾਪ ਸਿੰਘ ਦੇ ਪੁੱਤਰ ਬਲਜਿੰਦਰ ਸਿੰਘ ਦੇ ਬਿਆਨਾਂ ਹੇਠ ਕੈਨੇਡਾ ਵਿਖੇ ਮੌਜੂਦ ਗੈਂਗਸਟਰ ਅੰਮ੍ਰਿਤ ਪਾਲ ਸਿੰਘ ਬਾਠ ਮੀਆਂਪੁਰ, ਰਣਜੀਤ ਸਿੰਘ ਉਰਫ ਰਾਣਾ ਪੁੱਤਰ ਵੱਸਣ ਸਿੰਘ ਵਾਸੀ ਲਾਲੂ ਘੁੰਮਣ ਹਾਲ ਵਾਸੀ ਕੈਨੇਡਾ, ਬਿਕਰਮਜੀਤ ਸਿੰਘ ਪੁੱਤਰ ਵੱਸਣ ਸਿੰਘ, ਨਿਸ਼ਾਨ ਸਿੰਘ ਪੁੱਤਰ ਦੇਸਾ ਸਿੰਘ, ਰਣਜੀਤ ਸਿੰਘ ਪੁੱਤਰ ਜਸਵੰਤ ਸਿੰਘ ,ਬਲਰਾਮ ਸਿੰਘ ਪੁੱਤਰ ਹਰਭਜਨ ਸਿੰਘ ਅਤੇ ਦੇਸਾ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀਆਨ ਪਿੰਡ ਲਾਲੂਘੁੰਮਣ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਸੀ। 

ਪੁਲਸ ਨੂੰ ਦਿੱਤੇ ਬਿਆਨਾਂ ਵਿਚ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਕਤਲ ਦੇ ਪਿੱਛੇ ਪੰਚਾਇਤੀ ਚੋਣਾਂ ਦਾ ਵਿਰੋਧ ਹੈ, ਜਿਸਦੇ ਚੱਲਦਿਆਂ ਵਿਰੋਧੀ ਪਾਰਟੀ ਦੇ ਉਕਤ ਵਿਅਕਤੀਆਂ ਵੱਲੋਂ ਉਸਦੇ ਪਿਤਾ ਦਾ ਕਤਲ ਕਰਵਾਇਆ ਗਿਆ ਹੈ। ਪੰਚਾਇਤੀ ਚੋਣਾਂ ਦੌਰਾਨ ਵਿਦੇਸ਼ ’ਚ ਬੈਠੇ ਅੰਮ੍ਰਿਤਪਾਲ ਸਿੰਘ ਬਾਠ ਵੱਲੋਂ ਫੋਨ ਕਰਵਾਉਂਦੇ ਹੋਏ ਉਨ੍ਹਾਂ ਨੂੰ ਧਮਕੀਆਂ ਪਹਿਲਾਂ ਤੋਂ ਹੀ ਦਿੱਤੀਆਂ ਜਾ ਰਹੀਆਂ ਸਨ। ਸੋਮਵਾਰ ਸਵੇਰੇ ਸਿਵਲ ਹਸਪਤਾਲ ਤਰਨਤਾਰਨ ਵਿਖੇ ਮ੍ਰਿਤਕ ਸਰਪੰਚ ਪ੍ਰਤਾਪ ਸਿੰਘ ਦਾ ਡਾਕਟਰਾਂ ਦੇ ਤਿੰਨ ਮੈਂਬਰੀ ਬੋਰਡ, ਜਿਸ ਵਿਚ ਡਾਕਟਰ ਗੁਰਿੰਦਰ ਵੀਰ ਕੌਰ, ਹਰਜੋਤ ਸਿੰਘ ਅਤੇ ਡਾਕਟਰ ਸਰੀਤਾ ਸ਼ਾਮਲ ਸਨ, ਵੱਲੋਂ ਪੋਸਟਮਾਰਟਮ ਕਰ ਦਿੱਤਾ ਗਿਆ। ਇਸ ਪੋਸਟਮਾਰਟਮ ਦੌਰਾਨ ਸਰਪੰਚ ਦੇ ਸਰੀਰ ਵਿਚ 3 ਗੋਲੀਆਂ ਵੱਜੀਆਂ ਪਾਈਆਂ ਗਈਆਂ।

ਇਹ ਵੀ ਪੜ੍ਹੋ-ਪੰਜਾਬ 'ਚ 'ਆਪ' ਸਰਪੰਚ ਦਾ ਗੋਲੀਆਂ ਮਾਰ ਕੇ ਕਤਲ

ਇਸ ਸਬੰਧੀ ਜ਼ਿਲ੍ਹੇ ਦੇ ਐੱਸ.ਐੱਸ.ਪੀ. ਅਭੀਮਨਿਊ ਰਾਣਾ ਨੇ ਦੱਸਿਆ ਕਿ ਇਸ ਕਤਲ ਮਾਮਲੇ ’ਚ ਕੁੱਲ 7 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਇਸ ਦੌਰਾਨ ਵੱਖ-ਵੱਖ ਟੀਮਾਂ ਦਾ ਗਠਨ ਕਰਦੇ ਹੋਏ ਬਾਕੀ ਫਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਦੇਸਾ ਸਿੰਘ ਪੁੱਤਰ ਸੁਲੱਖਣ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ, ਜਿਸ ਦਾ ਸੰਸਕਾਰ ਵੀ ਪਰਿਵਾਰ ਵੱਲੋਂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਵੱਲੋਂ 'ਆਪ' ਉਮੀਦਵਾਰ ਦੀ ਹਮਾਇਤ ਦਾ ਐਲਾਨ

ਵਿਧਾਇਕ ਡਾ. ਸੋਹਲ ਨੇ ਕੀਤਾ ਪਰਿਵਾਰ ਨਾਲ ਦੁੱਖ ਸਾਂਝਾ

ਆਮ ਆਦਮੀ ਪਾਰਟੀ ਦੇ ਸਰਪੰਚ ਪ੍ਰਤਾਪ ਸਿੰਘ ਦੇ ਅੰਤਿਮ ਸਸਕਾਰ ਮੌਕੇ ਪਿੰਡ ਲਾਲੂਘੁੰਮਣ ਵਿਖੇ ਪੁੱਜ ਜਿੱਥੇ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਵੱਲੋਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ, ਉਥੇ ਹੀ ਜ਼ਿਲ੍ਹੇ ਦੇ ਐੱਸ. ਐੱਸ. ਪੀ. ਅਭਿਮਨਿਊ ਰਾਣਾ ਨਾਲ ਰਾਬਤਾ ਕਰਦੇ ਹੋਏ ਮੁਲਜ਼ਮਾਂ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਦੀ ਮੰਗ ਕੀਤੀ। ਵਿਧਾਇਕ ਡਾਕਟਰ ਸੋਹਲ ਨੇ ਦੱਸਿਆ ਕਿ ਪ੍ਰਤਾਪ ਸਿੰਘ ਬਹੁਤ ਹੀ ਨੇਕ, ਇਮਾਨਦਾਰ ਅਤੇ ਮਿਹਨਤੀ ਆਮ ਆਦਮੀ ਪਾਰਟੀ ਦੇ ਵਰਕਰ ਸਨ, ਜਿਨ੍ਹਾਂ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News