ਮੋਬਾਈਲ ਦੀ ਵਰਤੋਂ ਬਣੀ ਚਿੰਤਾ ਦਾ ਵਿਸ਼ਾ, ਵਿਦੇਸ਼ਾਂ ’ਚ ਬੈਠੇ ਵਿਰੋਧੀ ਅਨਸਰ ਨੌਜਵਾਨ ਪੀੜ੍ਹੀ ਨੂੰ ਕਰ ਰਹੇ ਗੁੰਮਰਾਹ
Monday, Dec 23, 2024 - 06:32 PM (IST)
ਤਰਨਤਾਰਨ (ਰਮਨ)- ਅੱਜ ਨਵੀਂ ਤਕਨੀਕ ਨਾਲ ਲੈਸ ਨਵੇਂ ਯੁੱਗ ਵਿਚ ਪਲ ਰਹੀ ਨੌਜਵਾਨ ਪੀੜ੍ਹੀ ਮੋਬਾਈਲ ਅਤੇ ਇੰਟਰਨੈੱਟ ਦੀ ਜ਼ਿਆਦਾ ਵਰਤੋਂ ਕਰਨ ਕਰਕੇ ਆਪਣਾ ਭਵਿੱਖ ਖ਼ਰਾਬ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੀ ਹੈ, ਜਿਸ ਨੂੰ ਰੋਕਣ ਲਈ ਜਿੱਥੇ ਮਾਪਿਆਂ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ, ਉਥੇ ਸਕੂਲ ਪ੍ਰਬੰਧਕਾਂ ਤੋਂ ਇਲਾਵਾ ਸਾਈਬਰ ਕ੍ਰਾਈਮ ਸੈਲ ਵੱਲੋਂ ਵੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਸੈਮੀਨਾਰ ਲਗਾਏ ਜਾਣ ਦੀ ਬਹੁਤ ਜ਼ਿਆਦਾ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਵਿਦੇਸ਼ਾਂ ਵਿਚ ਬੈਠੇ ਦੇਸ਼ ਵਿਰੋਧੀ ਅਨਸਰਾਂ ਵੱਲੋਂ ਭਾਰਤ ਦਾ ਮਾਹੌਲ ਖਰਾਬ ਕਰਨ ਲਈ ਛੋਟੀ ਉਮਰ ਦੇ ਨੌਜਵਾਨਾਂ ਨੂੰ ਲਾਲਚ ਦਿੰਦੇ ਹੋਏ ਆਪਣੇ ਜਾਲ ਵਿਚ ਫਸਾਇਆ ਜਾ ਰਿਹਾ ਹੈ।
ਮਾਂ-ਪਿਓ ਸਮਝਣ ਆਪਣੀ ਜ਼ਿੰਮੇਵਾਰੀ-ਸਮਾਜ ਸੇਵੀ ਅਤੇ ਸੇਵਾ ਮੁਕਤ ਪ੍ਰਿੰਸੀਪਲ ਸਵਿੰਦਰ ਸਿੰਘ ਪੰਨੂ ਨੇ ਦੱਸਿਆ ਕਿ ਅੱਜ ਦੇ ਯੁੱਗ ਵਿਚ ਵਿਦਿਆਰਥੀਆਂ ਵੱਲੋਂ ਮੋਬਾਈਲ ਦੀ ਵਰਤੋਂ ਦੇ ਨਾਲ-ਨਾਲ ਦੁਰਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਮਾਪਿਆਂ ਨੂੰ ਜ਼ਿੰਮੇਵਾਰੀ ਸਮਝਦੇ ਹੋਏ ਬੱਚਿਆਂ ਦੇ ਮੋਬਾਈਲ ਸਮੇਂ-ਸਮੇਂ ’ਤੇ ਚੈੱਕ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਛੋਟੀ ਜਿਹੀ ਗਲਤੀ ਨਾਲ ਵਿਦਿਆਰਥੀ ਦਾ ਭਵਿੱਖ ਖ਼ਰਾਬ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਗੁੰਮਰਾਹ ਕਰਦੇ ਹੋਏ ਗਲਤ ਰਸਤੇ ਉਪਰ ਤੋਰਿਆ ਜਾ ਰਿਹਾ ਹੈ। ਜਿਸ ਸਬੰਧੀ ਸਕੂਲ ਪ੍ਰਬੰਧਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਬੱਚਿਆਂ ਉਪਰ ਤਿੱਖੀ ਨਜ਼ਰ ਰੱਖਣ।
ਵਿਦਿਆਰਥੀ ਪੜ੍ਹਾਈ ਵੱਲ ਨਹੀਂ ਦੇ ਰਹੇ ਧਿਆਨ
ਸ਼ੈਲਰ ਮਾਲਕ ਜੈਦੀਪ ਸਿੰਘ ਤਨੇਜਾ ਨੇ ਦੱਸਿਆ ਕਿ ਲੋੜ ਤੋਂ ਵੱਧ ਮੋਬਾਈਲ ਅਤੇ ਇੰਟਰਨੈੱਟ ਦੀ ਵਰਤੋਂ ਕਾਰਨ ਬੱਚਿਆਂ ਦੀ ਪਡ਼੍ਹਾਈ ਦਾ ਨੁਕਸਾਨ ਹੋ ਰਿਹਾ ਹੈ, ਜਿਸ ਤੋਂ ਵਿਦਿਆਰਥੀਆਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਛੋਟੀ ਉਮਰ ਵਿਚ ਐਂਡ੍ਰਾਇਡ ਫ਼ੋਨਾਂ ਅਤੇ ਇੰਟਰਨੈੱਟ ਦੀ ਵਰਤੋਂ ਵਿਦਿਆਰਥੀਆਂ ਦਾ ਭਵਿੱਖ ਖ਼ਰਾਬ ਕਰ ਰਹੇ ਹਨ, ਜਿਸ ਨੂੰ ਰੋਕਣ ਵਿਚ ਵਿਸ਼ੇਸ਼ ਉਪਰਾਲੇ ਅਤੇ ਸੈਮੀਨਾਰ ਲਗਾਉਣ ਦੀ ਲੋਡ਼ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਪੁਲਸ ਸਟੇਸ਼ਨਾਂ 'ਤੇ ਹੋ ਰਹੇ ਹਮਲਿਆਂ ਦੇ ਬਾਵਜੂਦ ਪੁਲਸ ਲਾਪ੍ਰਵਾਹ! ਚੁਕਾਉਣੀ ਪੈ ਸਕਦੀ ਭਾਰੀ ਕੀਮਤ
ਸਕੂਲ ਵੱਲੋਂ ਸਮੇਂ-ਸਮੇਂ ’ਤੇ ਕੀਤਾ ਜਾਂਦਾ ਹੈ ਜਾਗਰੂਕ
ਸਰਸਵਤੀ ਐੱਸ.ਡੀ ਪਬਲਿਕ ਸਕੂਲ ਤਰਨਤਾਰਨ ਦੇ ਪ੍ਰਿੰਸੀਪਲ ਮੈਡਮ ਬ੍ਰਿਜ ਬਾਲਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਮੋਬਾਈਲ ਫੋਨ ਦੀ ਵਰਤੋਂ ਘੱਟ ਤੋਂ ਘੱਟ ਕਰਨ ਸਬੰਧੀ ਆਏ ਦਿਨ ਜਾਗਰੂਕ ਕੀਤਾ ਜਾਂਦਾ ਹੈ। ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋਏ ਗਲਤ ਪੋਸਟ ਜਾਂ ਫਿਰ ਦਹਿਸ਼ਤ ਫੈਲਾਉਣ ਸਬੰਧੀ ਕੋਈ ਕੰਮ ਕਰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਸਕੂਲ ਪ੍ਰਸ਼ਾਸਨ ਦੀ ਨਹੀਂ ਹੋਵੇਗੀ ਜਦਕਿ ਵਿਦਿਆਰਥੀਆਂ ਦੇ ਮਾਪਿਆਂ ਦੀ ਹੋਵੇਗੀ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਉਪਰ ਤਿੱਖੀ ਨਜ਼ਰ ਰੱਖਣ ਅਤੇ ਉਨ੍ਹਾਂ ਨਾਲ ਦੋਸਤਾਨਾ ਮਾਹੌਲ ਪੈਦਾ ਕਰਦੇ ਹੋਏ ਸਮੇਂ-ਸਮੇਂ ’ਤੇ ਇਸ ਦੇ ਮਾਡ਼ੇ ਪ੍ਰਭਾਵਾਂ ਬਾਰੇ ਜਾਗਰੂਕ ਕਰਦੇ ਰਹਿਣ।
ਗੇਮਾਂ ਨੇ ਲਗਾਈ ਪੜ੍ਹਾਈ ਉਪਰ ਬਰੇਕ
ਕੈਮਿਸਟ ਆਰਗਨਾਈਜੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਪਵਨ ਮੁਰਾਦਪੁਰਾ ਨੇ ਦੱਸਿਆ ਕਿ ਐਂਡ੍ਰਾਇਡ ਫ਼ੋਨਾਂ ਰਾਹੀਂ ਖੇਡੀਆਂ ਜਾਣ ਵਾਲੀਆਂ ਆਨਲਾਈਨ ਗੇਮਾਂ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਉਪਰ ਬਹੁਤ ਮਾੜਾ ਅਸਰ ਪੈ ਰਿਹਾ ਹੈ। ਜਿਸ ਦੇ ਚੱਲਦਿਆਂ ਕਈ ਬੱਚਿਆਂ ਵੱਲੋਂ ਲੱਖਾਂ ਰੁਪਏ ਉਜਾੜੇ ਜਾਣ ਦੀਆਂ ਮਿਸਾਲਾਂ ਵੀ ਵੇਖੀਆਂ ਜਾਂਦੀਆਂ ਹਨ। ਆਨਲਾਈਨ ਗੇਮਾਂ ਕਾਰਨ ਬੱਚਿਆਂ ਦੀ ਪੜ੍ਹਾਈ ਬਹੁਤ ਜ਼ਿਆਦਾ ਪਛੜ ਚੁੱਕੀ ਹੈ, ਜਿਸ ਨੂੰ ਸੁਧਾਰਨ ਵਿਚ ਮਾਪਿਆਂ ਦਾ ਖਾਸ ਰੋਲ ਹੁੰਦਾ ਹੈ।
ਇਹ ਵੀ ਪੜ੍ਹੋ- ਪੰਜਾਬ ਵਿਚ ਲਗਾਤਾਰ 2 ਛੁੱਟੀਆਂ!
ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਬਣਾਇਆ ਜਾ ਰਿਹਾ ਸ਼ਿਕਾਰ
ਐਡਵੋਕੇਟ ਨਵਜੋਤ ਕੌਰ ਚੱਬਾ ਨੇ ਦੱਸਿਆ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋਏ ਵਿਦੇਸ਼ਾਂ ਵਿਚ ਬੈਠੇ ਦੇਸ਼ ਵਿਰੋਧੀ ਅਨਸਰ ਆਪਣੇ ਮਨਸੂਬਿਆਂ ਨੂੰ ਕਾਮਯਾਬ ਕਰਨ ਵਿਚ ਛੋਟੀ ਉਮਰ ਦੇ ਨੌਜਵਾਨਾਂ ਨੂੰ ਲਾਲਚ ਦਿੰਦੇ ਹੋਏ ਆਪਣੇ ਸ਼ਿਕਾਰ ਬਣਾ ਲੈਂਦੇ ਹਨ, ਜਿਨ੍ਹਾਂ ਪਾਸੋਂ ਬਾਅਦ ਵਿਚ ਕਈ ਤਰ੍ਹਾਂ ਦੇ ਸੰਗੀਨ ਜੁਰਮ ਕਰਵਾਏ ਜਾਂਦੇ ਹਨ। ਜਿਸ ਦੇ ਕਈ ਵਾਰ ਨੌਜਵਾਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਂਦੇ ਹਨ। ਉਨ੍ਹਾਂ ਦੱਸਿਆ ਕਿ ਕਿਸੇ ਨੂੰ ਧਮਕਾਉਣਾ, ਕਿਸੇ ਦੀ ਸ਼ਾਨ ਖਿਲਾਫ਼ ਪੋਸਟ ਵਾਇਰਲ ਕਰਨਾ, ਸਮਾਜ ਵਿਚ ਦਹਿਸ਼ਤ ਫੈਲਾਉਣ ਸਬੰਧੀ ਪੋਸਟ ਵਾਇਰਲ ਕਰਨਾ ਆਦਿ ਨੂੰ ਸੰਗੀਨ ਅਪਰਾਧ ਮੰਨਿਆ ਗਿਆ ਹੈ, ਜਿਸ ਤਹਿਤ ਸਾਇਬਰ ਕ੍ਰਾਈਮ ਤਹਿਤ ਮਾਣਯੋਗ ਅਦਾਲਤ ਵੱਲੋਂ ਮੁਲਜ਼ਮ ਨੂੰ ਸਖ਼ਤ ਸਜ਼ਾ ਵੀ ਸੁਣਾਈ ਜਾ ਸਕਦੀ ਹੈ।
ਦਹਿਸ਼ਤ ਫੈਲਾਉਣ ਵਾਲੇ ਖਿਲਾਫ ਹੋਵੇਗੀ ਕਾਰਵਾਈ
ਐੱਸ.ਐੱਸ.ਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਸਮਾਜ ਵਿਚ ਦਹਿਸ਼ਤ ਫੈਲਾਉਣਾ ਸੰਗੀਨ ਜੁਰਮ ਹੈ, ਜਿਸ ਤਹਿਤ ਸਾਈਬਰ ਸੈੱਲ ਵੱਲੋਂ ਜਾਂਚ ਕਰਦੇ ਹੋਏ ਸਬੰਧਤ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਪਰਚਾ ਦਰਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਸਮੇਂ-ਸਮੇਂ ’ਤੇ ਸਾਈਬਰ ਸੈੱਲ ਵੱਲੋਂ ਜਾਗਰੂਕ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਮਾਪਿਆਂ ਵੱਲੋਂ ਆਪਣੇ ਬੱਚਿਆਂ ਪ੍ਰਤੀ ਧਿਆਨ ਰੱਖਣਾ ਮੁੱਢਲਾ ਫਰਜ਼ ਬਣਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8