ਭਿੱਖੀਵਿੰਡ ਵਿਖੇ ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ, ਗੋਲੀ ਲੱਗਣ ਨਾਲ ਇਕ ਔਰਤ ਜ਼ਖਮੀ
Saturday, Dec 21, 2024 - 03:47 PM (IST)
ਭਿੱਖੀਵਿੰਡ(ਭਾਟੀਆ)- ਸਥਾਨਕ ਕਸਬਾ ਭਿੱਖੀਵਿੰਡ ਦੀ ਚੇਲਾ ਕਾਲੋਨੀ ਵਿਖੇ ਵਾਪਰੀ ਝਗੜੇ ਦੀ ਘਟਨਾ ਵਿਚ ਇਕ ਔਰਤ ਦੇ ਗੋਲੀ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਚੇਲਾ ਕਾਲੋਨੀ ਅੰਦਰ ਮੁੰਡਿਆਂ ਦੇ ਦੋ ਧੜੇ ਆਪਸ ਵਿਚ ਝਗੜ ਰਹੇ ਸਨ, ਜਿਸ ਦੌਰਾਨ ਉਥੋਂ ਗੁਜਰ ਰਹੀ ਸੁਮਨਦੀਪ ਕੌਰ ਪਤਨੀ ਅੰਗਰੇਜ਼ ਸਿੰਘ ਵਾਸੀ ਚੇਲਾ ਕਾਲੋਨੀ, ਉਥੇ ਝਗੜ ਰਹੇ ਨੌਜਵਾਨਾਂ ਦੀ ਚਲਾਈ ਗੋਲੀ ਦਾ ਸ਼ਿਕਾਰ ਹੋ ਗਈ, ਜਿਸ ਤੋਂ ਬਾਅਦ ਮੌਕੇ ’ਤੇ ਪੁੱਜੀ ਪੁਲਸ ਪਾਰਟੀ ਨੇ ਜ਼ਖ਼ਮੀ ਔਰਤ ਨੂੰ ਸਿਵਲ ਹਸਪਤਾਲ ਸੁਰਸਿੰਘ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਘਟਨਾ ਤੋਂ ਬਾਅਦ ਮੌਕੇ ’ਤੇ ਪਹੁੰਚ ਕੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੋਟ ਪਾਉਣ ਜਾ ਰਹੀ ਲਾਲ ਚੂੜੇ ਵਾਲੀ ਦੀ ਰਾਹ 'ਚ ਹੀ ਮੌਤ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸੁਮਨਦੀਪ ਕੌਰ ਨੇ ਦੱਸਿਆ ਕਿ ਉਹ ਸਮਾਂ ਕਰੀਬ ਸਾਢੇ ਦਸ ਵਜੇ ਚੇਲਾ ਕਾਲੋਨੀ ਨਜ਼ਦੀਕ ਸਥਿਤ ਦੁਕਾਨ ਤੋਂ ਸੌਦਾ ਲੈ ਕੇ ਘਰ ਪਰਤ ਰਹੀ ਸੀ, ਉਥੇ ਨਜ਼ਦੀਕ ਹੀ ਮੁੰਡਿਆਂ ਦੇ ਦੋ ਗੁੱਟ ਕਿਸੇ ਗੱਲ ਦੇ ਚੱਲਦਿਆਂ ਆਪਸ ਵਿਚ ਭਿੜ ਰਹੇ ਸਨ। ਸੁਮਨਦੀਪ ਕੌਰ ਨੇ ਦੱਸਿਆ ਕਿ ਝੜਪ ਦੌਰਾਨ ਇਕ ਧਿਰ ਦੇ ਮੁੰਡੇ ਨੇ ਗੱਡੀ ’ਚੋਂ ਬਾਹਰ ਨਿਕਲ ਕੇ ਦੂਜੀ ਧਿਰ ਦੇ ਨਜ਼ਦੀਕ ਖੜ੍ਹੇ ਮੁੰਡੇ ’ਤੇ ਗੋਲੀ ਚਲਾ ਦਿੱਤੀ, ਜੋ ਉਸ ਦੇ ਪੇਟ ’ਤੇ ਪੈਰ ’ਚ ਜਾ ਲੱਗੀ। ਸੁਮਨਦੀਪ ਕੌਰ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਸੁਰਸਿੰਘ ਵਿਖੇ ਦਾਖ਼ਲ ਕਰਵਾਇਆ।
ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਬ-ਡਵੀਜ਼ਨ ਭਿੱਖੀਵਿੰਡ ਤੋਂ ਉਪ ਪੁਲਸ ਕਪਤਾਨ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਚੇਲਾ ਕਾਲੋਨੀ ਦੇ ਨੌਜਵਾਨ ਦਾ ਕਿਸੇ ਵਿਅਕਤੀ ਨਾਲ ਝਗੜਾ ਹੋਇਆ ਸੀ, ਜਿਸ ਨੂੰ ਲੈ ਕੇ ਸਮਾਂ ਕਰੀਬ 10:30 ਵਜੇ ਦੋ ਧੜਿਆਂ ਦੀ ਆਪਸ ਵਿਚ ਝੜਪ ਹੋ ਗਈ। ਡੀ.ਐੱਸ.ਪੀ ਨੇ ਦੱਸਿਆ ਕਿ ਝੜਪ ਦੌਰਾਨ ਇਕ ਧਿਰ ਵੱਲੋਂ ਦੂਜੀ ਧਿਰ ’ਤੇ ਚਲਾਈ ਗੋਲੀ ਨੇੜਿਓਂ ਲੰਘਦੀ ਸੁਮਨਦੀਪ ਕੌਰ ਪਤਨੀ ਅੰਗਰੇਜ਼ ਸਿੰਘ ਨਾਮਕ ਔਰਤ ਦੇ ਲੱਗ ਗਈ।
ਇਹ ਵੀ ਪੜ੍ਹੋ- ਚੋਣਾਂ ਵਿਚਾਲੇ ਪੰਜਾਬ 'ਚ ਜ਼ਬਰਦਸਤ ਧਮਾਕਾ! ਬਣਿਆ ਦਹਿਸ਼ਤ ਦਾ ਮਾਹੌਲ
ਡੀ. ਐੱਸ. ਪੀ. ਦਾ ਕਹਿਣਾ ਸੀ ਕਿ ਜਦੋਂ ਘਟਨਾ ਵਾਪਰੀ, ਉਸ ਸਮੇਂ ਉਹ ਚੋਣ ਡਿਊਟੀ ਦੇ ਚੱਲਦਿਆਂ ਬਹੁ-ਤਕਨੀਕੀ ਕਾਲਜ ਭਿੱਖੀਵਿੰਡ ’ਚ ਮੌਜੂਦ ਸਨ। ਅਚਾਨਕ ਜਦੋਂ ਉਨ੍ਹਾਂ ਨੂੰ ਗੋਲੀ ਚੱਲਣ ਆਵਾਜ਼ ਸੁਣਾਈ ਦਿੱਤੀ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚੇ, ਪ੍ਰੰਤੂ ਉਦੋਂ ਤੱਕ ਦੋਵੇਂ ਧੜੇ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਜ਼ਖਮੀ ਔਰਤ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਤੁਰੰਤ ਸਿਵਲ ਹਸਪਤਾਲ ਸੁਰਸਿੰਘ ਵਿਖੇ ਦਾਖਲ ਕਰਵਾਇਆ ਗਿਆ। ਡੀ. ਐੱਸ. ਪੀ. ਨੇ ਦੱਸਿਆ ਕਿ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਕਾਬੂ ਕਰਨ ਲਈ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਕਾਬੂ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸੁਮਨਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਪਾਸੋਂ ਘਟਨਾ ਦੀ ਬਾਰੀਕੀ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- 31 ਦਸੰਬਰ ਤੋਂ ਪਹਿਲਾਂ ਕਰਾਓ ਇਹ ਕੰਮ, ਨਹੀਂ ਤਾਂ ਆਵੇਗੀ ਮੁਸ਼ਕਿਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8