ਆਪ੍ਰੇਸ਼ਨ ਸੰਪਰਕ: ਪੰਜਾਬ ਪੁਲਸ ਅਧਿਕਾਰੀਆਂ ਨੇ ਇਕ ਮਹੀਨੇ ''ਚ ਕੀਤੀਆਂ 4153 ਜਨਤਕ ਮੀਟਿੰਗਾਂ
Saturday, Dec 14, 2024 - 02:30 PM (IST)
ਤਰਨਤਾਰਨ (ਰਮਨ)-ਜਨਤਕ ਪਹੁੰਚ ਪ੍ਰੋਗਰਾਮ ‘ਆਪ੍ਰੇਸ਼ਨ ਸੰਪਰਕ’ ਦੀ ਸ਼ੁਰੂਆਤ ਤੋਂ ਇਕ ਮਹੀਨੇ ਬਾਅਦ, ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲਸ (ਸਪੈਸ਼ਲ ਡੀ.ਜੀ.ਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਅੱਜ ਪੱਟੀ ਕਸਬੇ ਵਿਚ ਤਰਨਤਾਰਨ ਜ਼ਿਲਾ ਪੁਲਸ ਵੱਲੋਂ ਕਰਵਾਈ ਗਈ ਜ਼ਿਲਾ ਪੱਧਰੀ ਜਨਤਕ ਮੀਟਿੰਗ ਵਿਚ ਹਿੱਸਾ ਲਿਆ ਤਾਂ ਜੋ ਪੁਲਸ ਦੀ ਕਾਰਗੁਜ਼ਾਰੀ ਬਾਰੇ ਸਿੱਧੇ ਤੌਰ ’ਤੇ ਫੀਡਬੈਕ ਲਈ ਜਾ ਸਕੇ ਅਤੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਜਾ ਸਕਣ।
ਇਹ ‘ਆਪ੍ਰੇਸ਼ਨ ਸੰਪਰਕ’ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ) ਪੰਜਾਬ ਗੌਰਵ ਯਾਦਵ ਦੀ ਸੋਚ ਸੀ, ਜਿਸ ਨੂੰ ਕਾਨੂੰਨ ਲਾਗੂਕਰਨ ਵਾਲਿਆਂ ਅਤੇ ਜਨਤਾ ਦਰਮਿਆਨ ਵਿਸ਼ਵਾਸ, ਸਹਿਯੋਗ ਅਤੇ ਸਾਂਝ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ 14 ਨਵੰਬਰ, 2024 ਨੂੰ ਲਾਂਚ ਕੀਤਾ ਗਿਆ ਸੀ। ਸਪੈਸ਼ਲ ਡੀ.ਜੀ.ਪੀ ਅਰਪਿਤ ਸ਼ੁਕਲਾ, ਜੋ ਇਸ ਪ੍ਰੋਗਰਾਮ ਲਈ ਨੋਡਲ ਅਫਸਰ ਵੀ ਹਨ, ਨੇ ਦੱਸਿਆ ਕਿ ਆਪ੍ਰੇਸ਼ਨ ਸੰਪਰਕ ਤਹਿਤ ਸੀ.ਪੀ.ਜ਼/ਐੱਸ.ਐੱਸ.ਪੀਜ਼ ਨੂੰ ਜ਼ਿਲਾ ਪੱਧਰ ’ਤੇ ਵਿੱਦਿਅਕ, ਵਪਾਰਕ, ਸਮਾਜਿਕ, ਆਰਥਿਕ ਅਤੇ ਧਾਰਮਿਕ ਸੰਸਥਾਵਾਂ ਨਾਲ ਹਫ਼ਤੇ ਵਿਚ ਘੱਟੋ-ਘੱਟ ਦੋ ਜਨਤਕ ਮੀਟਿੰਗਾਂ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਪੁਲਸ ਸੁਪਰਡੈਂਟਜ਼ (ਐੱਸ.ਪੀਜ਼) ਅਤੇ ਡਿਪਟੀ ਪੁਲਸ ਸੁਪਰਡੈਂਟਜ਼ (ਡੀ.ਐੱਸ.ਪੀਜ਼) ਨੂੰ ਸਬ-ਡਵੀਜ਼ਨ ਪੱਧਰ ‘ਤੇ ਮੀਟਿੰਗਾਂ ਕਰਨ ਲਈ ਕਿਹਾ ਗਿਆ ਹੈ ਜਦਕਿ ਸਟੇਸ਼ਨ ਹਾਊਸ ਅਫਸਰ (ਐਸਐਚਓਜ਼) ਵੱਲੋਂ ਵੀ ਨਿਯਮਤ ਤੌਰ ’ਤੇ ਮੀਟਿੰਗਾਂ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, 19 ਜ਼ਿਲ੍ਹਿਆਂ ਲਈ ਅਲਰਟ, ਠੰਡ ਤੋੜ ਸਕਦੀ ਹੈ ਰਿਕਾਰਡ
ਇਸ ਪਹਿਲਕਦਮੀ ਦੀ ਸਫ਼ਲਤਾ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ 14 ਨਵੰਬਰ, 2024 ਨੂੰ ਇਸਦੀ ਸ਼ੁਰੂਆਤ ਤੋਂ ਲੈ ਕੇ, ਇਸ ਜਨਤਕ ਪਹੁੰਚ ਪ੍ਰੋਗਰਾਮ ਤਹਿਤ ਆਪਣੇ-ਆਪਣੇ ਜ਼ਿਲਿਆਂ ਵਿਚ ਸੀ.ਪੀਜ਼/ਐੱਸ.ਐੱਸ.ਪੀਜ਼ ਵੱਲੋਂ 4153 ਮੀਟਿੰਗਾਂ ਕਰਕੇ ਮੀਲ ਪੱਥਰ ਸਥਾਪਤ ਕੀਤੇ ਗਏ ਹਨ। ਸਪੈਸ਼ਲ ਡੀ.ਜੀ.ਪੀ ਨੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਸ਼ਹਿਰ ਦੀ ਅਮਨ-ਕਾਨੂੰਨ ਦੀ ਸਥਿਤੀ ਬਾਰੇ ਉਨ੍ਹਾਂ ਤੋਂ ਫੀਡਬੈਕ ਲਈ ਅਤੇ ਉਨ੍ਹਾਂ ਦੇ ਜ਼ਿਆਦਾਤਰ ਮੁੱਦਿਆਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਪੁਲਸ ਕਪਤਾਨ (ਐੱਸ.ਐੱਸ.ਪੀ) ਤਰਨਤਾਰਨ ਅਭਿਮਨਿਊ ਰਾਣਾ ਵੀ ਹਾਜ਼ਰ ਸਨ।
ਸਪੈਸ਼ਲ ਡੀ.ਜੀ.ਪੀ. ਅਰਪਿਤ ਸ਼ੁਕਲਾ ਵੱਲੋਂ ਤਰਨਤਾਰਨ ਦੇ ਸਰਹਾਲੀ, ਪੱਟੀ ਅਤੇ ਹਰੀਕੇ ਥਾਣਿਆਂ ਦਾ ਅਚਨਚੇਤ ਦੌਰਾ
ਤਰਨਤਾਰਨ ਜ਼ਿਲਾ ਦੇ ਆਪਣੇ ਦੌਰੇ ਦੌਰਾਨ ਵਿਸ਼ੇਸ਼ ਡੀ.ਜੀ.ਪੀ ਅਰਪਿਤ ਸ਼ੁਕਲਾ ਨੇ ਤਰਨਤਾਰਨ ਦੇ ਤਿੰਨ ਥਾਣਿਆਂ-ਸਰਹਾਲੀ, ਪੱਟੀ ਅਤੇ ਹਰੀਕੇ ਦਾ ਵੀ ਅਚਨਚੇਤ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਇਥੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਮੁਆਇਨਾ ਕੀਤਾ ਅਤੇ ਪੁਲਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਪੁਲਸ ਥਾਣਿਆਂ ’ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਅਤੇ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ, ਸਟੇਸ਼ਨ ਦੇ ਰਿਕਾਰਡ ਅਤੇ ਅਪਰਾਧ ਨਾਲ ਸਬੰਧਤ ਹੋਰ ਮੁੱਦਿਆਂ ਸਬੰਧੀ ਐੱਸ.ਐੱਚ.ਓਜ਼ ਨੂੰ ਹਦਾਇਤਾਂ ਜਾਰੀ ਕੀਤੀਆਂ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਾਈਵੇਟ ਹਸਪਤਾਲਾਂ ਨੂੰ ਲੈ ਕੇ ਜਾਰੀ ਹੋਏ ਹੁਕਮ
ਇਸ ਤੋਂ ਪਹਿਲਾਂ ਸਪੈਸ਼ਲ ਡੀ.ਜੀ.ਪੀ ਨੇ ਖੇਤਰ ਦੀ ਅਮਨ-ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਗਜ਼ਟਿਡ ਅਫ਼ਸਰਾਂ ਅਤੇ ਸਟੇਸ਼ਨ ਹਾਊਸ ਅਫ਼ਸਰਾਂ (ਐੱਸ.ਐੱਚ.ਓਜ਼) ਨਾਲ ਮੀਟਿੰਗ ਵੀ ਕੀਤੀ ਅਤੇ ਜ਼ਿਲਾ ਤਰਨਤਾਰਨ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਪੁਲਸ ਅਧਿਕਾਰੀਆਂ ਨੂੰ ਹਦਾਇਤ ਕੀਤੀ। ਉਨ੍ਹਾਂ ਪੰਜਾਬ ਪੁਲਸ ਦੇ ਸੇਵਾਮੁਕਤ ਪੁਲਸ ਅਧਿਕਾਰੀਆਂ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਲਈ ਵਿਸ਼ੇਸ਼ ਮੀਟਿੰਗ ਕੀਤੀ ਅਤੇ ਸੀਨੀਅਰ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਤਰਜ਼ੀਹੀ ਆਧਾਰ ’ਤੇ ਹੱਲ ਕਰਨ ਦੇ ਨਿਰਦੇਸ਼ ਵੀ ਦਿੱਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8