ਸੱਜਣਾਂ-ਮਿੱਤਰਾਂ ਦਾ ਮੇਲਾ-ਗੇਲਾ
Thursday, Jul 16, 2015 - 07:46 AM (IST)

ਵਿਸ਼ਵ ਪੰਜਾਬੀ ਕਾਨਫਰੰਸ ਪਿਛਲੇ ਮਹੀਨੇ 13-14 ਜੂਨ ਨੂੰ ਕੈਨੇਡਾ ਦੇ ਟੋਰਾਂਟੋ (ਬਰੈਂਪਟਨ) ਵਿਖੇ ਹੋਈ ਹੈ। ਇਹ ਕਾਨਫਰੰਸ ਸ਼ਾਇਦ ਦੁਨੀਆ ਦੀ ਸਭ ਤੋਂ ਪਹਿਲੀ ਅਜਿਹੀ ਕਾਨਫਰੰਸ ਹੋਵੇਗੀ, ਜਿਸ ਨੂੰ ਕਰਾਉਣ ਦਾ ਮਕਸਦ ਨਾ ਤਾਂ ਇਸ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ ਸਮਝ ਆਇਆ ਤੇ ਨਾ ਹੀ ਕੈਨੇਡਾ ਦੇ ਵਾਸੀਆਂ ਨੂੰ। ਕਾਨਫਰੰਸ ਸ਼ਬਦ ਦੇ ਅਰਥਾਂ ਨੂੰ ਬਿਨਾਂ ਜਾਣਿਆਂ-ਸਮਝਿਆਂ ਇਹ ਕਾਨਫਰੰਸ ਹੋਈ ਹੈ ਅਤੇ ਭਾਰਤ ''ਚੋਂ (ਪੰਜਾਬ ਅਤੇ ਦਿੱਲੀ) ਗਏ ਲੇਖਕਾਂ/ਅਲੇਖਕਾਂ ਨੇ ਇਕ ਤਰ੍ਹਾਂ ਵਿਦੇਸ਼ੀ ਪਿਕਨਿਕ ਨੂੰ ਮਨਾਇਆ ਹੈ। ਬਹੁਤ ਸਾਰੇ ਲੋਕ ਪਰਤ ਆਏ ਹਨ, ਰਹਿੰਦੇ ਉਦੋਂ ਤਕ ਪਰਤ ਆਉਣਗੇ, ਜਦੋਂ ਤਕ ਇਹ ਲੇਖ ਪਾਠਕਾਂ ਦੇ ਹੱਥਾਂ ਤਕ ਪਹੁੰਚੇਗਾ।
ਪੰਜਾਬੀ ਦੇ ਨਾਂ ''ਤੇ ਕਰਵਾਈ ਗਈ ਇਸ ਕਾਨਫਰੰਸ ਦਾ ਕੋਈ ਉਦੇਸ਼ ਨਹੀਂ ਸਾਹਮਣੇ ਆਇਆ। ਕਾਨਫਰੰਸ ਹੋਣ ਦੇ ਦੌਰਾਨ ਅਤੇ ਕਾਨਫਰੰਸ ਖਤਮ ਹੋ ਜਾਣ ਦੇ ਪਿੱਛੋਂ ਲੇਖਕਾਂ ਵਿਚ ਇਸ ਬਾਰੇ ਬਹਿਸ ਹੋ ਰਹੀ ਸੀ ਕਿ ਕੀ ਇਸ ਕਾਨਫਰੰਸ ਦੇ ਕੋਈ ਲਾਹੇਵੰਦ ਸਿੱਟੇ ਨਿਕਲੇ ਹਨ ਜਾਂ ਫਿਰ ਇਹ ਸਿਰਫ ਰੌਣਕ ਮੇਲਾ ਹੀ ਸੀ, ਜਿਸ ਵਿਚ ਲੋਕ ਇਕ-ਦੂਜੇ ਨੂੰ ਹਾਏ-ਹੈਲੋ ਕਹਿੰਦੇ ਰਹੇ ਤੇ ਸੈਲਫੀਆਂ ਖਿੱਚਦੇ ਰਹੇ। ਮੇਰੇ ਸਮੇਤ ਬਹੁਤ ਸਾਰੇ ਲੋਕਾਂ ਕੋਲ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਇਸ ਦੋ ਦਿਨਾ ਕਾਨਫਰੰਸ ਵਿਚ ਕੀ ਕੁਝ ਹੋਣਾ ਹੈ। ਕਿਹੜੇ ਲੋਕਾਂ ਨੇ ਕਿਹੜੇ-ਕਿਹੜੇ ਵਿਸ਼ੇ ''ਤੇ ਪੇਪਰ ਲਿਖਣੇ/ਪੜ੍ਹਨੇ ਹਨ ਅਤੇ ਕਿਸ-ਕਿਸ ਦਿਨ ਇਹ ਪੜ੍ਹਾਏ ਜਾਣੇ ਹਨ। ਇਹ ਗੱਲ ਪੱਕੀ ਸੀ ਕਿ ਪੇਪਰ ਜ਼ਰੂਰ ਪੜ੍ਹੇ ਜਾਣੇ ਸਨ। ਪੇਪਰ ਪੜ੍ਹਨ ਵਾਲਿਆਂ ਨੂੰ ਨਹੀਂ ਸੀ ਪਤਾ ਕਿ ਕਿਹੜੇ ਸੈਸ਼ਨ ''ਚ ਉਨ੍ਹਾਂ ਨੇ ਆਪਣਾ ਪੇਪਰ ਪੜ੍ਹਨਾ ਹੈ। ਪ੍ਰਬੰਧਕਾਂ ਦਾ ਅਜੀਬ ਜਿਹਾ ਵਰਤਾਰਾ ਸੀ। ਪੇਪਰ ਪੜ੍ਹਨ ਲਈ 14 ਜੂਨ ਦਾ ਸਵੇਰ ਵਾਲਾ ਸੈਸ਼ਨ ਬੜਾ ਮਹੱਤਵਪੂਰਨ ਸੀ। ਲੱਗਭਗ 13-14 ਪਰਚੇ ਇਸ ਸੈਸ਼ਨ ''ਚ ਪੜ੍ਹੇ ਗਏ। ਹੈਰਾਨ ਹੋ ਗਏ ਨਾ? ਹੈ ਹੀ ਹੈਰਾਨ ਹੋਣ ਵਾਲੀ ਗੱਲ। ਕਾਨਫਰੰਸ ਦੇ ਚੇਅਰਮੈਨ ਸਾਹਬ ਵਲੋਂ ਹਦਾਇਤ ਕੀਤੀ ਗਈ ਕਿ ਕੋਈ ਵੀ ਲੇਖਕ ਆਪਣਾ ਪਰਚਾ ਪੜ੍ਹਨ ''ਚ 5 ਮਿੰਟ ਤੋਂ ਵੱਧ ਨਾ ਲਾਏ। ਇਹ ਵੀ ਵਾਰ-ਵਾਰ ਉਨ੍ਹਾਂ ਵਲੋਂ ਕਿਹਾ ਜਾਂਦਾ ਰਿਹਾ ਕਿ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਕਿਤਾਬਚੇ ਦਾ 15 ਨੰਬਰ ਪੰਨਾ ਪੜ੍ਹ ਲਿਆ ਜਾਏ।
5-5 ਮਿੰਟ ''ਚ ਆਪਣਾ ਪਰਚਾ ਸਮਾਪਤ ਕਰਨ ਵਾਲਿਆਂ ਵਿਚ ਇਸ ਲੇਖਕ ਦੇ ਸਮੇਤ ਪਾਲ ਕੌਰ, ਹਰਪਿੰਦਰਜੀਤ ਕੌਰ, ਮੋਨਿਕਾ ਸਿੰਘ, ਭਗਵੰਤ ਰਸੂਲਪੁਰੀ, ਦਵਿੰਦਰ ਕੌਰ ਸਿਬੀਆ, ਮੀਨਾਕਸ਼ੀ ਰਾਠੌਰ, ਡਾ. ਸੁਖਦੀਪ ਕੌਰ ਮਾਹਲ, ਗੁਰਪ੍ਰੀਤ ਬਰਾੜ, ਇੰਦਰਜੀਤ ਕੌਰ ਸੁਧਾਰ, ਗੁਰਮੀਤ ਸਿੰਘ ਬੈਜਮਾਨ ਅਤੇ ਅਵਨੀਸ਼ ਕੌਰ ਦੇ ਪਰਚੇ ਸ਼ਾਮਿਲ ਸਨ।
ਇਨ੍ਹਾਂ ਪੜ੍ਹੇ ਗਏ (5 ਮਿੰਟ ''ਚ ਕੀ ਪੜ੍ਹਿਆ ਜਾਂਦਾ ਹੈ) ਪਰਚਿਆਂ ''ਤੇ ਬਹਿਸ ਤਾਂ ਕੀ ਹੋਣੀ ਸੀ, ਇਨ੍ਹਾਂ ਪਰਚਿਆਂ ''ਤੇ ਟਿੱਪਣੀ ਕਰਨ ਲਈ ਖੜ੍ਹੇ ਹੋਏ ਇਸ ਸੈਸ਼ਨ ਦੇ ਪ੍ਰਧਾਨ ਨੂੰ ਵੀ ਚਿੱਟਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਗੱਲ ਛੇਤੀ ਖਤਮ ਕਰੋ। ਅਸਲ ''ਚ ਚੇਅਰਮੈਨ ਸਾਹਬ ਨੂੰ ਵਿਦਵਤਾ ਵਾਲੀਆਂ ਗੱਲਾਂ ਪਸੰਦ ਨਹੀਂ ਸੀ ਅਤੇ ਉਹ ਸਿਰਫ ਕੁਝ ਬੰਦਿਆਂ ਦੇ ਮੂੰਹੋਂ ਆਪਣੀਆਂ ਸਿਫਤਾਂ ਸੁਣਨਾ ਚਾਹੁੰਦੇ ਸਨ। ਪਰਚਿਆਂ ਦਾ ਸਮਾਂ ਕੱਟ ਕੇ ਚੇਅਰਮੈਨ ਵਲੋਂ ਆਪ 30-35 ਮਿੰਟ ਦਾ ਭਾਸ਼ਣ ਕੀਤਾ ਗਿਆ ਅਤੇ 4-5 ਜਣਿਆਂ ਕੋਲੋਂ ਆਪਣਾ ਗੁਣਗਾਨ ਸੁਣਾਇਆ ਗਿਆ।
ਇਸ ਕਾਨਫਰੰਸ ''ਚ ਕੁਝ ਮਤੇ ਪੇਸ਼ ਕੀਤੇ ਗਏ, ਜਿਨ੍ਹਾਂ ''ਚ ਪੰਜਾਬੀ ਭਾਸ਼ਾ ਵਿਚ ਤਕਨੀਕੀ ਕਿਤਾਬਾਂ ਛਾਪਣ ''ਤੇ ਜ਼ੋਰ, ਨੀਵੇਂ ਪੱਧਰ ਦੀਆਂ ਛਪ ਰਹੀਆਂ ਕਿਤਾਬਾਂ ਲਈ ਕਾਨੂੰਨ, ਜਿਣਸੀ ਹਮਲੇ, ਵਿੱਦਿਅਕ ਪ੍ਰਣਾਲੀ ਨੂੰ ਸੁਧਾਰਨ, ਲਾਇਬ੍ਰੇਰੀਆਂ ਨੂੰ ਉਤਸ਼ਾਹਿਤ ਕਰਨ ਅਤੇ ਮੁੱਢਲੇ ਅਧਿਕਾਰਾਂ ਦੀ ਬਹਾਲੀ ਦੀ ਮੰਗ ਕੀਤੀ ਗਈ। ਹੱਥ ਖੜ੍ਹੇ ਕਰਵਾ ਕੇ ਇਨ੍ਹਾਂ ਮਤਿਆਂ ਦੀ ਪ੍ਰਵਾਨਗੀ ਲਈ ਗਈ। ਇਹ ਕਾਨਫਰੰਸ ਵੇਖ-ਸੁਣ ਕੇ ਇੰਝ ਲੱਗਦਾ ਸੀ ਕਿ ਅਸੀਂ ਪੰਜਾਬ ਬਾਰੇ ਅਤੇ ਪੰਜਾਬੀ ਦੀਆਂ ਸਮੱਸਿਆਵਾਂ ਬਾਰੇ ਕੈਨੇਡਾ ''ਚ ਜਾ ਕੇ ਗੱਲ ਕਿਉਂ ਕਰ ਰਹੇ ਹਾਂ। ਅਸੀਂ ਚਾਹਿਆ ਸੀ ਕਿ ਕੈਨੇਡਾ ''ਚ ਵਸਦੇ ਪੰਜਾਬ ਦੀਆਂ ਗੱਲਾਂ ਵਧੇਰੇ ਕੀਤੀਆਂ ਜਾਂਦੀਆਂ। ਉਥੇ ਦੂਜੇ ਸੱਭਿਆਚਾਰਾਂ ਦੇ ਪ੍ਰਭਾਵ ''ਚ ਪੰਜਾਬੀ ਸੱਭਿਆਚਾਰ ਕਿੰਨਾ ਕੁ ਮਧੋਲਿਆ ਗਿਆ ਹੈ, ਤੀਜੀ ਪੀੜ੍ਹੀ ਦੇ ਬੱਚੇ ਪੰਜਾਬੀ ਬੋਲ/ਪੜ੍ਹ ਰਹੇ ਹਨ, ਕੀ ਪਰਿਵਾਰ ਤਿੜਕਣ ਤੋਂ ਬਚੇ ਹੋਏ ਹਨ, ਅਜਿਹੇ ਮਸਲਿਆਂ ਨੂੰ ਵਿਚਾਰੇ ਜਾਣ ਦੀ ਆਸ ਰੱਖ ਕੇ ਅਸੀਂ ਉਥੇ ਗਏ ਸੀ।
ਅੰਤਿਮ ਸੈਸ਼ਨ ਸਾਰੀ ਕਾਨਫਰੰਸ ਦੇ ਬਾਕੀ ਸੈਸ਼ਨਾਂ ਨਾਲੋਂ ਉੱਤਮ ਸੀ। ਇਸ ਸੈਸ਼ਨ ''ਚ ਸ਼ਾਨਦਾਰ ਕਵੀ ਦਰਬਾਰ ਹੋਇਆ, ਜਿਸ ਵਿਚ ਕੈਨੇਡਾ ਦੇ, ਭਾਰਤੀ ਅਤੇ ਪਾਕਿਸਤਾਨੀ ਪੰਜਾਬਾਂ ਦੇ ਸ਼ਾਇਰਾਂ ਨੇ ਆਪਣੀ ਸ਼ਾਇਰੀ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ। ਇਸ ਮੌਕੇ ਸ਼ਾਇਰ ਸਵਰਨਜੀਤ ਸਵੀ ਨੂੰ ਉੱਤਮ ਸਾਹਿਤਕਾਰ ਦਾ ਐਵਾਰਡ ਦੇ ਕੇ ਨਿਵਾਜਿਆ ਗਿਆ। ਸ਼ਾਮ 6 ਵਜੇ ਤਕ ਕਾਨਫਰੰਸ ਦੀ ਸਮਾਪਤੀ ਹੋ ਗਈ।
ਇਸ ਰਾਤ ਇਕ ਡਿਨਰ ਦਾ ਪ੍ਰਬੰਧ ਆਯੋਜਕਾਂ ਵਲੋਂ ਕੀਤਾ ਗਿਆ, ਜਿਸ ਦੌਰਾਨ ਗਾਉਣ-ਪਾਣੀ ਅਤੇ ਨਾਚ ਅੱਧੀ ਰਾਤ ਤਕ ਚੱਲਦਾ ਰਿਹਾ। ਕਾਨਫਰੰਸ ਬਾਰੇ ਬਹੁਤ ਸਾਰੇ ਕਿੰਤੂ ਦੇਖਣ-ਸੁਣਨ ਵਿਚ ਆਏ। ਪਹਿਲਾ ਕਿੰਤੂ ਤਾਂ ਇਹ ਹੈ ਕਿ ਇਹ ਵਿਸ਼ਵ ਪੰਜਾਬੀ ਕਾਨਫਰੰਸ ਕਿਸ ਮੰਤਵ ਨੂੰ ਲੈ ਕੇ ਕਰਵਾਈ ਗਈ? ਦੂਜਾ, ਇਸ ਕਾਨਫਰੰਸ ਵਿਚ ਜਿੰਨੇ ਵੀ ਡੈਲੀਗੇਟ ਬੁਲਾਏ ਗਏ, ਉਨ੍ਹਾਂ ਦੀ ਚੋਣ ਕਿਸ ਆਧਾਰ ''ਤੇ ਕੀਤੀ ਗਈ? ਤੀਜਾ, ਕੈਨੇਡਾ ਵਿਚਲੇ ਸਮੁੱਚੇ ਮੀਡੀਆ ਨੂੰ ਇਸ ਕਾਨਫਰੰਸ ਵਿਚ ਨਹੀਂ ਸੱਦਿਆ ਗਿਆ ਅਤੇ ਉਨ੍ਹਾਂ ਤੋਂ ਵੱਡੀ ਦੂਰੀ ਬਣਾ ਕੇ ਰੱਖੀ ਗਈ। ਚੌਥਾ, ਭਾਰਤ ''ਚੋਂ ਵੱਡੀ ਗਿਣਤੀ ਵਿਚ ਲੇਖਕ ਇਸ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਪਹੁੰਚੇ ਪਰ ਕੈਨੇਡਾ ਵਿਚ ਵੱਸਦੇ ਵੱਡੇ ਲੇਖਕਾਂ ਨੂੰ ਇਸ ਕਾਨਫਰੰਸ ਤੋਂ ਦੂਰ ਕਿਉਂ ਰੱਖਿਆ ਗਿਆ। ਮੀਡੀਆ ਨੂੰ ਇਸ ਕਾਨਫਰੰਸ ਤੋਂ ਦੂਰ ਰੱਖਣ ਦਾ ਮਤਲਬ ਸਮਝ ਨਹੀਂ ਆਇਆ। ਇਹੀ ਵਜ੍ਹਾ ਹੈ ਕਿ ਟੋਰਾਂਟੋ ਤੋਂ ਛਪਣ ਵਾਲੀਆਂ ਸਾਰੀਆਂ ਅਖ਼ਬਾਰਾਂ ਨੇ ਇਕਜੁੱਟ ਹੋ ਕੇ ਇਸ ਕਾਨਫਰੰਸ ਦਾ ਬਾਈਕਾਟ ਕੀਤਾ ਅਤੇ ਕਿਸੇ ਵੀ ਅਖ਼ਬਾਰ ਨੇ ਇਸ ਕਥਿਤ ਵੱਡੀ ਵਿਸ਼ਵ ਕਾਨਫਰੰਸ ਦੀ ਸਿੰਗਲ ਕਾਲਮ ਖ਼ਬਰ ਵੀ ਪ੍ਰਕਾਸ਼ਿਤ ਨਹੀਂ ਕੀਤੀ।
ਪ੍ਰਬੰਧਕੀ ਘਾਟਾਂ ਵਿਚ ਸਭ ਤੋਂ ਵੱਡੀ ਘਾਟ ਇਹ ਸੀ ਕਿ ਟੋਰਾਂਟੋ ਦੇ ਹਵਾਈ ਅੱਡੇ ਤੋਂ ਸਾਰੇ ਡੈਲੀਗੇਟਾਂ ਨੂੰ ਲਿਜਾਣ ਦਾ ਪ੍ਰਬੰਧ ਨਹੀਂ ਕੀਤਾ ਗਿਆ। ਇਸ ਸੰਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਡੈਲੀਗੇਟਾਂ ਨੂੰ ਹਵਾਈ ਅੱਡੇ ''ਤੇ ਰਿਸੀਵ ਕੀਤਾ ਗਿਆ ਹੈ ਪਰ ਡੈਲੀਗੇਟ ਕਿਉਂਕਿ ਵੱਡੀ ਗਿਣਤੀ ''ਚ ਪਹੁੰਚੇ ਸਨ, ਇਸ ਲਈ ਸਾਰਿਆਂ ਨੂੰ ਇਹ ਸਹੂਲਤ ਦਿੱਤੀ ਜਾਣੀ ਸੰਭਵ ਨਹੀਂ ਸੀ। ਪ੍ਰਬੰਧਕਾਂ ਵਲੋਂ ਡੈਲੀਗੇਟਾਂ ਨੂੰ ਠਹਿਰਾਏ ਜਾਣ ਦਾ ਕੋਈ ਪ੍ਰਬੰਧ ਨਹੀਂ ਸੀ। ਇਹ ਧਾਰਨਾ ਬਣਾ ਲਈ ਗਈ ਕਿ ਭਾਰਤ ਤੋਂ ਆਉਣ ਵਾਲੇ ਡੈਲੀਗੇਟ ਆਪੋ-ਆਪਣੇ ਦੋਸਤਾਂ-ਮਿੱਤਰਾਂ ਕੋਲ ਠਹਿਰ ਸਕਦੇ ਹਨ। ਇਹੀ ਵਜ੍ਹਾ ਸੀ ਕਿ ਕੈਨੇਡਾ ਦੀ ਇਕ ਪੰਜਾਬੀ ਲੇਖਿਕਾ ਦੇ ਘਰ ਬੇਸਮੈਂਟ ਵਿਚ 20 ਤੋਂ 25 ਤੱਕ ਲੇਖਕ ਠਹਿਰਾਏ ਗਏ। ਪ੍ਰਬੰਧਕਾਂ ''ਚੋਂ ਹੀ ਇਕ ਗਿਆਨ ਸਿੰਘ ਕੰਗ ਨੇ ਦਾਅਵਾ ਕੀਤਾ ਕਿ ਭਾਰਤ ਤੋਂ ਆਏ ਡੈਲੀਗੇਟਾਂ ਨੂੰ ਠਹਿਰਾਉਣ ਲਈ ਵੱਖਰੇ ਮੋਟਲਜ਼ ਆਦਿ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਡੈਲੀਗੇਟਾਂ ਨੂੰ ਜ਼ਬਰਦਸਤੀ ਇਕ ਲੇਖਿਕਾ ਆਪਣੇ ਘਰ ''ਚ ਲੈ ਗਈ। ਕੁਝ ਵੀ ਹੋਵੇ, ਇਸ ਕਾਨਫਰੰਸ ਦੇ ਚੇਅਰਮੈਨ ਅਜਾਇਬ ਸਿੰਘ ਚੱਠਾ ਨੂੰ ਇਹ ਕ੍ਰੈਡਿਟ ਤਾਂ ਜਾਂਦਾ ਹੀ ਹੈ ਕਿ ਉਨ੍ਹਾਂ ਦੇ ਨਿਮਾਣੇ ਜਿਹੇ ਸੱਦਾ ਪੱਤਰ ''ਤੇ ਸੈਂਕੜੇ ਦੇ ਲੱਗਭਗ ਲੋਕਾਂ ਨੂੰ ਵੀਜ਼ੇ ਮਿਲ ਗਏ। ਇਸੇ ਭਾਵੁਕਤਾ ''ਚ ਲੋਕ ਆਪੋ ਆਪਣਾ ਕਿਰਾਇਆ ਲਾ ਕੇ ਇਸ ਕਾਨਫਰੰਸ ਦੀ ਰੌਣਕ ਵਧਾਉਣ ਪਹੁੰਚ ਗਏ। ਬੇਸ਼ੱਕ ਕਾਨਫਰੰਸ ਨਾਂ ਦੀ ਚੀਜ਼ ਉਥੋਂ ਬਿਲਕੁਲ ਗਾਇਬ ਸੀ। ਇਕ ਮਸ਼ਵਰਾ ਜ਼ਰੂਰ ਹੈ ਪ੍ਰਬੰਧਕਾਂ ਨੂੰ ਕਿ ਜੇ ਉਹ ਅੱਗੋਂ ਵੀ ਅਜਿਹਾ ਇਕੱਠ-ਵੱਠ ਕਰਨ ਦਾ ਇਰਾਦਾ ਰੱਖਦੇ ਹਨ ਤਾਂ ਇਸ ਦਾ ਨਾਂ ਵਿਸ਼ਵ ਪੰਜਾਬੀ ਮੇਲਾ-ਗੇਲਾ ਰੱਖ ਲੈਣ।
ਇਹ ਉੱਦਮ ਬੇਸ਼ੱਕ ਪੰਜਾਬੀ ਬਿਜ਼ਨੈੱਸ ਪ੍ਰੋਫੈਸ਼ਨਲ ਐਸੋਸੀਏਸ਼ਨ, ਕਲਮ ਫਾਊਂਡੇਸ਼ਨ, ਵਰਲਡ ਪੰਜਾਬੀ ਸੈਂਟਰ, ਗਲੋਬਲ ਪੰਜਾਬੀ ਆਰਗੇਨਾਈਜ਼ੇਸ਼ਨ ਅਤੇ ਓਂਟਾਰੀਓ ਫਰੈਂਡਸ ਕਲੱਬ ਦੇ ਸਾਂਝੇ ਯਤਨਾਂ ਨਾਲ ਸਿਰੇ ਚੜ੍ਹਿਆ ਪਰ ਕਾਨਫਰੰਸ ''ਚ ਸਿਰਫ ਇਕੋ ਵਿਅਕਤੀ ਦਾ ਨਾਂ ਹੀ ਵਾਰ-ਵਾਰ ਗੂੰਜਦਾ ਰਿਹਾ।
- ਕੁਲਦੀਪ ਸਿੰਘ ਬੇਦੀ