ਚਿੜੀ ਦੀ ਵੇਦਨਾ
Thursday, Jul 16, 2015 - 07:44 AM (IST)

ਰੋਜ਼ਾਨਾ ਵਾਂਗ ਘਰੋਂ ਨਿਕਲਦਿਆਂ ਹੀ, ਉੱਡਦੀ ਚਿੜੀ ਦੇਖ ਕੇ ਰੂਹ ਖਿੜ ਗਈ। ਅੱਜ ਦਿਨ ਸੌਖਾ ਨਿਕਲੇਗਾ, ਬਾਜ ਨਾਲ ਗੱਲਬਾਤ ਹੋਏਗੀ। ਚਾਈਂ-ਚਾਈਂ ਸਾਈਕਲ ਖੜ੍ਹਾ ਕੇ ਬੱਸ ਫੜਦੀ। ਖਿਆਲਾਂ ''ਚ ਡੂੰਘੀਆਂ ਤਹਿਆਂ ਵਿਚ ਉਤਰ ਜਾਂਦੀ। ਸਫਰ ਦਾ ਪਤਾ ਨਾ ਲੱਗਦਾ।
ਦਫਤਰ ਪਹੁੰਚਦਿਆਂ ਹੀ ਚਾਅ ਜ਼ਿੰਮੇਵਾਰੀਆਂ ''ਚ ਤਬਦੀਲ ਹੋ ਜਾਂਦਾ। ਇਕ ਦਿਨ ਮੀਰਾ ਆਂਟੀ ਨੇ ਛੁੱਟੀ ਮੰਗਦਿਆਂ ਕਿਹਾ, ''''ਮੈਡਮ ਜੀ, ਚਾਰ ਭਰਾਵਾਂ ਦੀ ਭੈਣ ਹੋ ਕੇ ਅੱਜ ਇਕੋ-ਇਕ ਭਰਾ ਰਹਿ ਗਿਆ ਸੀ। ਮਰ ਜਾਣੇ ਬੁਖਾਰ ਨੇ, ਪੈਂਡਾ ਨੀਂ ਛੱਡਿਆ, ਉਹ ਵੀ ਰੱਬ ਨੂੰ ਪਿਆਰਾ ਹੋ ਗਿਆ। ਮੂੰਹ ''ਤੇ ਪਈਆਂ ਝੁਰੜੀਆਂ ਆਂਟੀ ਦੇ ਜਵਾਨੀ ''ਚ ਆਏ ਦੁੱਖ ਦਾ ਅਹਿਸਾਸ ਕਰਵਾ ਰਹੀਆਂ ਸਨ।
ਮੀਰਾ ਆਂਟੀ ਦੀਆਂ ਹੱਡ-ਬੀਤੀਆਂ ਗੱਲਾਂ ਨਿੱਕੀ ਉਮਰੇ ਵਾਪਰੇ ਹਾਦਸੇ ਦਾ ਅਹਿਸਾਸ ਕਰਵਾ ਰਹੀਆਂ ਸਨ। ਗਰੀਬੀ ਤੋਂ ਬੇਵਸੀ ਦੀ ਝਲਕ ਆਂਟੀ ਦੇ ਮੂੰਹ ''ਤੇ ਦਿਖਾਈ ਦਿੱਤੀ, ਜਦੋਂ ਉਹ ਨਿੰੰਮੋਝੂਣੀ ਹੋ ਕੇ ਪੈਸਿਆਂ ਦੀ ਮੰਗ ਕਰ ਰਹੀ ਸੀ, ''''ਮੈਡਮ ਜੀ, ਕਿਰਾਏ-ਭਾੜੇ ਜੋਗੇ ਪੈਸੇ ਦੇ ਦੋ, ''ਨਪੁੱਤਿਆਂ ਦੀ ਮੰਗਾਈ ਨੇ ਮੱਤ ਮਾਰਤੀ।''''
ਚੁੰਨੀ ਦੇ ਲੜ ''ਚ ਪੈਸੇ ਬੰਨ੍ਹ ਕੇ ਆਪਣੀ ਡਿਊਟੀ ਸਮੇਟਦੀ ਆਂਟੀ, ਜ਼ਿੰਦਾਦਿਲ ਔਰਤ ਹੋਣ ਦਾ ਅਹਿਸਾਸ ਕਰਵਾ ਰਹੀ ਸੀ। ਮੀਰਾ ਆਂਟੀ ਦੇ ਜਾਣ ਤੋਂ ਬਾਅਦ ਚੁੱਪ ਛਾ ਗਈ। ਰਾਮਾ ਬਾਊ ਜੀ ਨੇ ਦਫਤਰੀ ਕੰਮ ਦੀ ਸ਼ੁਰੂਆਤ ਕੀਤੀ ਤੇ ਮੈਂ ਆਪਣੇ ਕੰਮ ''ਚ ਲੱਗ ਗਈ।
ਇੰਤਜ਼ਾਰ ਬਾਜ ਦੀ ਕਾਲ ਜਾਂ ਮੈਸੇਜ ਦਾ ਸੀ ; ਮੈਸੇਜ ਨਾ ਕਾਲ?
...ਸੋਚਿਆ... ਕਿਸੇ ਕੰਮ ''ਚ ਵਿਅਸਤ ਹੋ ਗਿਆ ਹੋਣੈ;
ਟਰਨ...ਟਰਨ...ਟਰਨ ਮੈਡਮ ਜੀ ਫੋਨ ਚੁੱਕੋ, ਬਾਊ ਜੀ ਨੇ ਧੀਮੀ ਆਵਾਜ਼ ''ਚ ਕਿਹਾ।
ਫੀਕੂ ਦਾ ਹੀ ਹੋਣੈ? ਉੱਚੀ ਆਵਾਜ਼ ''ਚ ਮੈਂ ਬਾਊ ਜੀ ਨੂੰ ਅਹਿਸਾਸ ਕਰਵਾ ਰਹੀ ਸੀ। ਮਨ ''ਚ ਲੱਡੂ ਫੁੱਟ ਰਹੇ ਸਨ...ਬਾਜ ਦਾ ਫੋਨ ਹੋਏਗਾ ਜ਼ਰੂਰ...
''ਗੜਕਵੀਂ ਆਵਾਜ਼ ''ਚ ਫੀਕੂ ਕਹਿ ਰਿਹਾ ਸੀ, ''''ਮੈਡਮ ਜੀ, ਮੇਰੀ ਪ੍ਰਮੋਸ਼ਨ ਦੀ ਲਿਸਟ ਆ ਗਈ... ਮੈਂ ਥੋੜ੍ਹਾ ਲੇਟ ਆਵਾਂਗਾ...।'''' ਮੁਬਾਰਕਾਂ ਦੇ ਕੇ ਓ. ਕੇ. ਕਹਿ ਕੇ ਮੈਂ ਫੋਨ ਰੱਖ ਕੇ, ਚੁੱਪ ਹੋ ਗਈ। (ਮੇਰੇ ਚੁੱਪ ਹੋਣ ਦਾ ਕਾਰਨ ਮੈਂ ਹੀ ਜਾਣਦੀ ਸੀ)
ਕੌਣ ਸੀ ਮੈਡਮ? ਰਾਮਾ ਬਾਊ ਜੀ ਨੇ ਪੁੱਛਿਆ।
''''ਮੁਬਾਰਕ ਹੋ! ਬਾਊ ਜੀ..., ਫੀਕੂ ਦੀ ਪ੍ਰਮੋਸ਼ਨ ਹੋ ਗਈ।'''' ਖੁਸ਼ੀ ਜ਼ਾਹਿਰ ਕਰਦਿਆਂ ਬਾਊ ਜੀ ਨੂੰ ਦੱਸਿਆ ਪਰ ਅੰਦਰੋਂ ਬਾਜ...ਬਾਜ...ਬਾਜ... ਗੂੰਜ ਰਿਹਾ ਸੀ।
ਬੱਸ ''ਚ ਬੈਠਣ ਉਪਰੰਤ ਉੱਡਦੀ ਚਿੜੀ ਯਾਦ ਆਈ... ਚਿੜੀ ਦੀ ਉਦਾਸੀ ਤੋਂ ਅਹਿਸਾਸ ਹੋਇਆ ਕਿ ਉੱਡਦੀ ਚਿੜੀ ਹੋਰ ਸੀ। ਉਹ ਤਾਂ ਹਮੇਸ਼ਾ ਉਦਾਸ ਬੈਠੀ ਹੁੰਦੀ ਐ... ਵਿਚਾਰੀ ਚਿੜੀ... ਸ਼ਾਇਦ ਉਸ ਦਾ ਸੁਪਨਾ ਅਧੂਰਾ ਹੋਵੇ, ਉਹ ਵੀ ਕਿਸੇ ਦਾ ਇੰਤਜ਼ਾਰ ਕਰਦੀ ਹੋਵੇ।
ਸੁਪਨੇ ਨੂੰ ਹਕੀਕਤ ਵਿਚ ਬਦਲਣ ਲਈ ਦ੍ਰਿੜ੍ਹ ਇਰਾਦੇ ਦੀ ਜ਼ਰੂਰਤ ਹੁੰਦੀ ਐ। ਸਬਰ ਦਾ ਘੁੱਟ ਭਰ ਕੇ ਰੋਜ਼ਾਨਾ ਉਥੇ ਆਉਂਦੀ ਐ... ਵਿਚਾਰੀ ਚਿੜੀ...
ਸਬਰ ਦਾ ਫਲ ਮਿੱਠਾ ਹੁੰਦਾ ਐ... ਮੈਂ ਆਪਣੇ ਆਪ ਨੂੰ ਕੋਸ ਰਹੀ ਸੀ...
ਇਕ ਦਿਨ ਡਿਊਟੀ ''ਤੇ ਜਾਂਦੇ ਸਮੇਂ ਬਾਰਿਸ਼ ਹੋ ਰਹੀ ਸੀ। ਇਕ ਚਿੜੀ ਬਾਰਿਸ਼ ''ਚ ਭਿੱਜੀ ਦਿਖਾਈ ਦਿੱਤੀ। ਉਸ ਦੀ ਦ੍ਰਿੜ੍ਹਤਾ ਦੇਖ ਕੇ ਮੇਰਾ ਹੌਸਲਾ ਬੁਲੰਦ ਹੋਇਆ।
ਦਫਤਰ ਪਹੁੰਚਦਿਆਂ ਹੀ ਰਾਮਾ ਬਾਊ ਜੀ ਕੰਮ ''ਚ ਵਿਅਸਤ ਸਨ। ਬਾਊ ਜੀ ਕੰਮ ''ਚ ਮਗਨ ਰਹਿੰਦੇ ਜਾਂ ਖਾਮੋਸ਼ ਰਹਿੰਦੇ। ਉਨ੍ਹਾਂ ਦੀ ਚੁੱਪ ਤੇ ਖਾਮੋਸ਼ੀ ਦੁੱਖ ਭਰੀ ਗਾਥਾ ਦਾ ਅਹਿਸਾਸ ਕਰਵਾਉਂਦੀ ਸੀ।
ਦਫਤਰ ''ਚ ਕੋਈ ਨਾ ਕੋਈ ਛੋਟੀ-ਮੋਟੀ ਪਾਰਟੀ ਹੁੰਦੀ ਰਹਿੰਦੀ ਪਰ ਅੱਜ ਫੀਕੂ ਦੀ ਪ੍ਰਮੋਸ਼ਨ ਦੀ ਸਪੈਸ਼ਲ ਪਾਰਟੀ ਦੀ ਤਿਆਰੀ ''ਚ ਮੀਰਾ ਆਂਟੀ ਰੁੱਝੀ ਹੋਈ ਸੀ।
... ਪਲੇਟਾਂ ''ਚ ਗਰਮਾ-ਗਰਮ ਪਕੌੜੇ ਅਤੇ ਜਲੇਬੀਆਂ ਦੇਖ ਕੇ ਰਾਮਾ ਬਾਊ ਜੀ ਨੇ ਕਹਿ ਦਿੱਤਾ, ''''ਆਂਟੀ! ਮੂੰਹ ''ਚੋਂ ਲਾਰ ਡਿਗਣ ਲੱਗੀ ਐ।''''
''''ਘਰ ਦੇ ਦੁੱਧ ਦੀ ਬਰਫੀ ਵੀ ਖਾਓ।'''' ਆਂਟੀ ਨੇ ਸਾਰਿਆਂ ਨੂੰ ਚਾਹ ਫੜਾਉਂਦਿਆਂ ਕਿਹਾ। ''''ਆਂਟੀ ਅੱਜ ਮੈਂ ਸਵੇਰੇ ਬਿਨਾਂ ਬ੍ਰੇਕਫਾਸਟ ਕੀਤੇ ਘਰੋਂ ਜਲਦੀ ਨਿਕਲ ਆਇਆ'''' ਬਾਊ ਜੀ ਨੇ ਗਰਮਾ-ਗਰਮ ਪਕੌੜੇ ਦਾ ਸਵਾਦ ਲੈਂਦੇ ਹੋਏ ਦੱਸਿਆ।
ਮੈਂ ਬੋਲੇ ਬਿਨਾਂ ਰਹਿ ਨਾ ਸਕੀ, ''''ਆਂਟੀ ਅੱਜ ਬਾਊ ਜੀ ਬੋਲੇ ਤਾਂ ਸਹੀ'''' (ਬਾਊ ਜੀ ਦੀ ਚੁੱਪ ਤੇ ਖਾਮੋਸ਼ੀ ਦਾ ਰਾਜ਼ ਕੋਈ ਨਹੀਂ ਸੀ ਜਾਣਦਾ)
''''ਸੁੱਖ ਨਾਲ ਅਸਿਸਟੈਂਟ ਬਣ ਗਿਆ, ਵਧੀਆ ਸੂਟ ਕਰਾਤਾ'''' ਅਸੀਸਾਂ ਦੀਆਂ ਝੜੀਆਂ ਲਾਉਂਦੀ ਹੋਈ ਆਂਟੀ ਸੂਟ ਦਿਖਾਉਂਦੀ ਹੋਈ, ਹੇਜ ਜਤਾ ਰਹੀ ਸੀ।
ਦਫਤਰੀ ਕੰਮ ਮੁਕੰਮਲ ਕਰਕੇ ਫੋਨ ''ਤੇ ਦੇਖਿਆ, ਕੋਈ ਕਾਲ ਨਹੀਂ ਸੀ ਉਹਦੀ, ਨਾ ਹੀ ਮੈਸੇਜ। ਬਾਰਿਸ਼ ''ਚ ਭਿੱਜੀ ਕੋਈ ਹੋਰ ਚਿੜੀ ਸੀ। ਉਹ ਤਾਂ ਉਦਾਸ... ਵਿਚਾਰੀ ਚਿੜੀ। ਦਿਲ ਨੂੰ ਘਬਰਾਹਟ ਜਿਹੀ ਹੋ ਰਹੀ ਸੀ,
ਕੌਣ ਹੈ ਉਹ? ਕਿੱਥੇ ਹੈ ਉਹ? ਮਹਿਕਦੇ ਗੁਲਾਬ ਵਰਗਾ... ਕਟਾਰ ਵਰਗੇ ਤਿੱਖੇ ਨੈਣ-ਨਕਸ਼, ਕੱਦ ਲੰਮਾ ਸਰੂ ਵਰਗਾ...ਰੰਗ ਦੁੱਧ ''ਚ ਘੋਲੇ ਕੇਸਰ ਵਰਗਾ...।
ਕਦੇ ਮੈਸੇਜ ਜਾਂ ਕਾਲ ਆਵੇ ; ਮਨ ਦੀ ਉਕਸਾਹਟ ਖਤਮ ਹੋਵੇ। ਇਕ ਵਾਰੀ ... ਸਿਰਫ ਇਕ ਵਾਰੀ ਦਿਖਾਈ ਦੇ ਕੇ ਗਾਇਬ ਹੋਇਆ ਸੁੰਦਰ ਜਵਾਨ...! ਅਜੀਬ ਖਿੱਚ!
ਕਿਉਂ, ਹਰ ਸਮੇਂ ਦਿਲ ਨੂੰ ਉਸ ਦੀ ਉਡੀਕ ਰਹਿੰਦੀ ਹੈ?
ਜਿਵੇਂ ਇਕ ਵਾਰ ''ਚ ਵਾਅਦਾ ਕਰ ਗਿਆ ਹੋਵੇ, ''''ਤੂੰ ਮੇਰੀ ਐਂ, ਮੈਂ ਤੇਰਾ... ਸਿਰਫ ਤੇਰਾ...। ਵਾਪਸੀ ''ਤੇ ਸੋਚਦਿਆਂ, ਦਲੀਲਾਂ ਕਰਦਿਆਂ... ਪਤਾ ਈ... ਨਾ ਲੱਗਦਾ, ਸਫਰ ਕਦੋਂ ਮੁੱਕ ਜਾਂਦਾ।
ਘਰੋਂ ਤੁਰੀ, ਚਿੜੀਆਂ ਚਹਿਕ ਰਹੀਆਂ ਸਨ। ਉਸ ਵਿਚਾਰੀ ਚਿੜੀ ''ਤੇ ਨਿਗ੍ਹਾ ਪਈ... ਉਹ ਤਾਂ ਉਦਾਸ ਬੈਠੀ ਸੀ...ਵਿਚਾਰੀ ਚਿੜੀ...।
ਉਸ ਦੀ ਤਨਹਾਈ ਮੈਂ ਹੀ ਜਾਣਦੀ ਸੀ, ਜੋ ਡੂੰਘੇ ਰਹੱਸ ਦਾ ਅਨੁਭਵ ਕਰਵਾ ਰਹੀ ਸੀ।
ਦਫਤਰ ਪਹੁੰਚਦਿਆਂ ਫੋਨ ''ਤੇ ਉਸ ਦਾ ਮੈਸੇਜ ਪੜ੍ਹ ਕੇ ਜ਼ਿੰਦਗੀ ਦੀਆਂ ਡੂੰਘੀਆਂ ਤਹਿਆਂ ''ਚ ਉਤਰ ਗਈ, ਸੱਚਮੁੱਚ ਰਾਂਝੇ ਦੇ ਮੋਹ ਨੇ ਹੀਰ ਨੂੰ ਰਾਂਝਣ ਬਣਾ ਦਿੱਤਾ। ਚਿੜੀ ਵਾਂਗ ਮੈਂ ਉਦਾਸ ਰਹਿਣ ਲੱਗੀ।
ਦਫਤਰ ''ਚ ਮੇਰੀ ਉਦਾਸੀ ''ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ; ਘਰ ਮੇਰੀ ਬੇਚੈਨੀ ਬਾਰੇ ਵਾਰ-ਵਾਰ ਪੁੱਛਣ ਲੱਗੇ, ''''ਖੁਸ਼ੀ ਕੀ ਗੱਲ ਐ? ਚੁੱਪ-ਚੁਪੀਤੀ ਕਿਉਂ ਰਹਿੰਨੀ ਐਂ? ਕੀ ਕਾਰਨ ਹੈ, ਤੇਰੀ ਖਾਮੋਸ਼ੀ ਦਾ?''''
''''ਨਹੀਂ ਦੀਦੀ, ਕੋਈ ਗੱਲ ਨਹੀਂ, ਐਵੇਂ ਹੀ...।'''' ਕਹਿ ਕੇ ਖਹਿੜਾ ਛੁਡਾ ਲੈਂਦੀ। ਸਮਾਂ ਬੀਤਦਾ ਗਿਆ...।
ਜੀਜਾ ਜੀ ਨੇ ਰਿਸ਼ਤੇ ਦੀ ਦੱਸ ਪਾਈ।
(ਬਾਜ ਨਹੀਂ ਲੱਭ ਸਕਦਾ, ਉਹ ਤਾਂ ਆਪਣੀ ਖੁਸ਼ੀ ਪਾਉਣ ਲਈ ਆਕਾਸ਼ ''ਚ ਉੱਡ ਗਿਆ ਹੈ)
ਉਦਾਸ ਚਿੜੀ ਦੀ ਵੇਦਨਾ... ਮਹਿਸੂਸ ਹੋ ਰਹੀ ਸੀ, ਜਿਵੇਂ ਉਸ ਦੀ ਭਾਵਨਾ ਮੈਂ ਸਮਝ ਰਹੀ ਹੋਵਾਂ...ਲੋਕ ਆਪਾਂ ਨੂੰ ਕੁੜੀਆਂ-ਚਿੜੀਆਂ ਕਹਿ ਕੇ ਪਿਆਰਦੇ ਹਨ... ਕੋਈ ਫਰਕ ਨਹੀਂ ਸਮਝਿਆ ਜਾਂਦਾ...ਓ...ਹੋ...ਦਾਤਾ... ਤਕਦੀਰਾਂ ਇਕੋ ਲਿਖ ਦਿੱਤੀਆਂ ;
ਪਹੁ-ਫੁਟਾਲਾ ਹੋਇਆ। ਚਿੜੀਆਂ ਚਹਿਕ ਰਹੀਆਂ ਸਨ। ਉਹ ਚਿੜੀ, ਅੱਜ ਵਿਚਾਰੀ ਨਹੀਂ, ਸਗੋਂ ਖੁਸ਼ਮਿਜ਼ਾਜ ਬੈਠੀ ਸੀ। ਉਸ ਦਾ ਸਾਥੀ ਜੋ ਮਿਲ ਗਿਆ ਸੀ... ਮੈਨੂੰ ਅਹਿਸਾਸ ਕਰਵਾ ਰਹੀ ਸੀ...ਮੈਂ ਤਾਂ ਆਪਣਾ...ਪਾ ਲਿਆ...
''ਪਰ ਮੇਰਾ ਬਾਜ ਤਾਂ...ਚਿੱਤ ਨੂੰ ਚਿਤਮਨੀ ਲਾ ਗਿਆ'' ਸੋਚਦਿਆਂ ਡੂੰਘੇ ਖਿਆਲਾਂ ''ਚ ਗੁੰਮ ਹੋ ਗਈ।
ਬਾਰਾਤ ਆਈ। ਲਾਵਾਂ ਹੋਈਆਂ। ਚਿੜੀ ਦੀ ਯਾਦ ਆਈ.... ਸੱਚਮੁੱਚ, ਦਾਤਾ...ਤਕਦੀਰਾਂ ਇਕੋ ਲਿਖ ਦਿੱਤੀਆਂ।
ਉਸ ਨੇ ਮੇਰਾ ਘੁੰਡ ਚੁੱਕਿਆ ਤੇ ਕਿਹਾ, ''''ਗੁਲਾਬ ਵਰਗਾ ਮੁਖੜਾ, ਜਿਸ ਦੀ ਚਿਰਾਂ ਤੋਂ ਉਡੀਕ ਸੀ... ਮਿਲ ਗਈ...ਮੇਰੀ ਖੁਸ਼ੀ ਮਿਲ ਗਈ।''''
ਬਾਜ ਦਾ ਸੰਧੂਰੀ ਰੰਗ...ਕਟਾਰ ਵਰਗੇ ਨੈਣ-ਨਕਸ਼... ਦੇਖਦੇ ਸ਼ਰਮਾਉਂਦਿਆਂ ਕਿਹਾ, ''''ਬਿਨ ਤੇਰੇ ਖੁਸ਼ੀ ਬਾਜ ਨਾ ਆਈ...।'''' ਚਿੜੀ ਦੀ ਵੇਦਨਾ ਸੁਣਾਉਂਦਿਆਂ... ਰਾਤ ਬੀਤ ਗਈ।
—ਨਿਰਲੇਪ ਕੌਰ ਸੇਖੋਂ