ਪੰਜਾਬ ਸਰਕਾਰ 20 ਫੀਸਦੀ ਨਮੀ ਵਾਲੇ ਝੋਨੇ ਦੀ ਖਰੀਦ ਕਰੇ : ਬੈਂਸ
Thursday, Oct 25, 2018 - 01:10 PM (IST)

ਖੰਨਾ(ਕਾਲੀਆ) : ਮੰਡੀਆਂ ’ਚ ਕਿਸਾਨਾਂ, ਮਜ਼ਦੂਰਾਂ, ਆਡ਼੍ਹਤੀਆਂ ਅਤੇ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਅਨਾਜ ਮੰਡੀ ਮੁੱਲਾਂਪੁਰ ਦਾ ਦੌਰਾ ਕਰਨ ਉਪਰੰਤ ਸੁਣੀਆਂ ਅਤੇ ਹੋ ਰਹੀ ਖਰੀਦ ਦਾ ਜਾਇਜ਼ਾ ਲਿਆ। ਮਜ਼ਦੂਰਾਂ ਨੇ ਹਾਲ ਦੁਹਾਈ ਪਾਉਂਦਿਆਂ ਕਿਹਾ ਕਿ ਕੈਂਪਟਨ ਸਰਕਾਰ ਸਾਨੂੰ ਜਿਊਂਦੇ ਜੀਅ ਮਾਰਨਾ ਚਾਹੁੰਦੀ ਹੈ। ਮੰਡੀਆਂ ’ਚ ਸਾਨੂੰ ਬਹੁਤ ਘੱਟ ਰੇਟ ’ਤੇ ਮਜ਼ਦੂਰੀ ਕਰਨੀ ਪੈ ਰਹੀ ਹੈ, ਉੱਪਰੋਂ ਝੋਨੇ ਦੀ ਸਾਂਭ-ਸੰਭਾਲ ਦਾ ਜ਼ਿੰਮਾ ਵੀ ਸਾਨੂੰ ਦਿੱਤਾ ਜਾਂਦਾ ਹੈ।
ਮੰਡੀਆਂ ਵਿਚ ਕਿਸਾਨ ਹਰਾ ਝੋਨਾ ਲਿਆ ਕੇ ਢੇਰੀ ਕਰ ਰਹੇ ਹਨ। ਪਹਿਲਾਂ ਇਨ੍ਹਾਂ ਨੂੰ ਸਾਨੂੰ ਸੁਕਾਉਣਾ ਪੈਂਦਾ ਹੈ। ਫਿਰ ਨਮੀ ਵਾਲਾ ਝੋਨਾ ਸਾਨੂੰ ਮਜ਼ਬੂਰਨ ਬੋਰੀਆਂ ਵਿਚ ਭਰਨਾ ਪੈਂਦਾ ਹੈ ਅਤੇ ਫਿਰ ਜਿੰਨੀ ਦੇਰ ਤੱਕ ਲਿਫਟਿੰਗ ਨਹੀਂ ਹੁੰਦੀ, ਝੋਨੇ ਦੀ ਰਾਖੀ ਸਾਨੂੰ ਬਿਨਾਂ ਮਜ਼ਦੂਰੀ ਦੇ ਕਰਨੀ ਪੈਂਦੀ ਹੈ। ਹੋਰ ਤਾਂ ਹੋਰ ਨਮੀ ਵਾਲਾ ਝੋਨਾ ਮੰਡੀਆਂ ਵਿਚ ਪਿਆ ਰਹਿਣ ਮਗਰੋਂ ਸੁੱਕ ਜਾਂਦਾ ਹੈ, ਜਿਸ ਦਾ ਭਾਰ ਪਹਿਲਾਂ ਤੋਲੇ ਹੋਏ ਝੋਨੇ ਨਾਲੋਂ ਘਟ ਜਾਂਦਾ ਹੈ ਅਤੇ ਇਸ ਨੂੰ ਵੀ ਸਾਡੇ ਜ਼ਿੰਮੇ ਪਾ ਕੇ ਸਾਨੂੰ ਕੱਖੋਂ ਹੌਲੇ ਕੀਤਾ ਜਾ ਰਿਹਾ ਹੈ। ਇਸ ਲਈ ਝੋਨੇ ਦੀ ਨਮੀ ’ਚ ਰਿਆਇਤ ਦੁਆ ਕੇ 20 ਫੀਸਦੀ ਨਮੀ ਵਾਲਾ ਝੋਨਾ ਸਰਕਾਰ ਖਰੀਦੇ ਅਤੇ ਲਿਫਟਿੰਗ ਸਮੇਂ ਸਿਰਫ ਕਰਵਾਏ।
ਸ. ਬੈਂਸ ਨੇ ਯਕੀਨ ਦੁਆਇਆ ਕਿ ਇਹ ਆਂਧਰਾ ਸਰਕਾਰ ਦਾ ਪੈਟਰਨ ਲਾਗੂ ਕਰਵਾਉਣ ਲਈ ਜਲਦ ਹੀ ਸਿਵਲ ਸਪਲਾਈ ਖੁਰਾਕ ਦੇ ਮੁੱਖ ਸਕੱਤਰ ਨੂੰ ਮਿਲਣਗੇ ਅਤੇ ਨਮੀ ਦੀ ਸਮੱਸਿਆ ਜਡ਼ੋਂ ਖਤਮ ਕਰਵਾਉਣ ਲਈ ਸੂਬਾ ਸਰਕਾਰ ਨੂੰ ਸੁੱਤੀ ਨੀਂਦ ਤੋਂ ਜਗਾ ਕੇ 20 ਫੀਸਦੀ ਨਮੀ ਵਾਲਾ ਝੋਨਾ ਖਰੀਦਣ ਲਈ ਹਦਾਇਤਾਂ ਜਾਰੀ ਕਰਵਾਉਣਗੇ, ਜਿਸ ਨਾਲ ਮਜ਼ਦੂਰ, ਆਡ਼੍ਹਤੀ, ਕਿਸਾਨ ਅਤੇ ਸ਼ੈਲਰ ਮਾਲਕਾਂ ਦੀ ਲੁੱਟ-ਖਸੁੱਟ ਬੰਦ ਹੋਵੇਗੀ। ਇਸ ਮੌਕੇ ਉਨ੍ਹਾਂ ਨੇ ਨਮੀ ਵਾਲੇ ਭਰੇ ਝੋਨੇ ਨੂੰ ਤੁਲਵਾਇਆ ਤਾਂ ਬੋਰੀ ਵਿਚੋਂ 7.50 ਗ੍ਰਾਮ ਘੱਟ ਤੋਲ ਪਾਇਆ ਗਿਆ। ਲਿਫਟਿੰਗ ਘੱਟ ਹੋਣ ’ਤੇ ਸਕੱਤਰ ਨੂੰ ਪੁੱਛੇ ਸਵਾਲ ’ਤੇ ਸਕੱਤਰ ਮਨਮੋਹਣ ਸਿੰਘ ਨੇ ਦੱਸਿਆ ਕਿ ਸ਼ੈਲਰਾਂ ਦੀ ਅਲਾਟਮੈਂਟ ਦੇਰ ਨਾਲ ਹੋਣ ਕਰ ਕੇ ਲਿਫਟਿੰਗ ਦੇਰ ਨਾਲ ਸ਼ੁਰੂ ਹੋਈ ਹੈ। ਸਕੱਤਰ ਨੇ ਦੱਸਿਆ ਕਿ ਹੁਣ ਤੱਕ 42,511 ਟਨ ਝੋਨੇ ਦੀ ਆਮਦ ਹੋਈ ਹੈ ਜਿਸ ਵਿਚੋਂ 41,971 ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ ਅਤੇ 23,675 ਟਨ ਝੋਨੇ ਦੀ ਲਿਫਟਿੰਗ ਹੋਈ ਹੈ।