ਲੁਧਿਆਣਾ ''ਚ ਫ਼ਾਇਰਿੰਗ! ਲੋਕਾਂ ਨੇ ਕਾਬੂ ਕੀਤੇ ਦੋ ਮੁਲਜ਼ਮ

Friday, Jun 12, 2026 - 02:02 PM (IST)

ਲੁਧਿਆਣਾ ''ਚ ਫ਼ਾਇਰਿੰਗ! ਲੋਕਾਂ ਨੇ ਕਾਬੂ ਕੀਤੇ ਦੋ ਮੁਲਜ਼ਮ

ਲੁਧਿਆਣਾ (ਰਾਜ): ਸੁੰਦਰ ਨਗਰ ਇਲਾਕੇ ਵਿਚ ਉਸ ਵੇਲੇ ਸਨਸਨੀ ਫ਼ੈਲ ਗਈ, ਜਦੋਂ ਇਕ ਚਿਕਨ ਕਾਰਨਰ ਦੇ ਬਾਹਰ ਸ਼ਰਾਬ ਦੇ ਬਿੱਲ ਨੂੰ ਲੈ ਕੇ ਸ਼ੁਰੂ ਹੋਇਆ ਮਾਮੂਲੀ ਵਿਵਾਦ ਖ਼ੂਨੀ ਖੇਡ ਵਿਚ ਬਦਲ ਗਿਾ। ਖ਼ਾਣ-ਪੀਣ ਦੇ ਪੈਸੇ ਮੰਗਣ 'ਤੇ ਦੋ ਨੌਜਵਾਨਾਂ ਨੇ ਸ਼ਰੇਆਮ ਪਿਸਤੌਲ ਕੱਢੀ ਤੇ ਦੋ ਹਵਾਈ ਫ਼ਾਇਰ ਕਰ ਦਿੱਤੇ। ਮੌਕੇ 'ਤੇ ਮੌਜੂਦ ਲੋਕਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਦੋਹਾਂ ਮੁਲਜ਼ਮਾਂ ਨੂੰ ਜ਼ਿੰਦਾ ਕਾਰਤੂਸ ਤੇ ਹਥਿਆਰ ਸਮੇਤ ਕਾਬੂ ਕਰ ਲਿਆ ਤੇ ਫ਼ਿਰ ਪੁਲਸ ਹਵਾਲੇ ਕਰ ਦਿੱਤਾ। 

ਪੁਲਸ ਤਫ਼ਤੀਸ਼ ਵਿਚ ਫੜੇ ਗਏ ਮੁਲਜ਼ਮਾਂ ਦੀ ਪਛਾਣ ਲੁਧਿਾਣਾ ਦੇ ਬਸੰਤ ਨਗਰ ਵਾਸੀ ਰਾਜਨ ਸ਼ਰਮਾ ਤੇ ਅੰਕੁਸ਼ ਸ਼ਰਮਾ ਵਜੋਂ ਹੋਈ ਹੈ। ਉਨ੍ਹਾਂ ਵੱਲੋਂ ਵਾਰਦਾਤ ਵਿਚ ਵਰਤਿਆ ਗਿਆ ਇਕ ਨਾਜਾਇਜ਼ ਰਿਵਾਲਵਰ, 22 ਐੱਮ. ਐੱਮ. ਦੇ 6 ਜ਼ਿੰਦਾ ਕਾਰਤੂਸ ਤੇ ਇਕ ਮੋਟਰਸਾਈਕਲ ਜ਼ਬਤ ਕੀਤੀ ਹੈ। ਥਾਣਾ ਦਰੇਸੀ ਪੁਲਸ ਨੇ ਦੋਹਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। 

ਨੰਦਾ ਕਾਲੋਨੀ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਆਕਾਸ਼ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ 11 ਜੂਨ ਨੂੰ ਉਹ ਆਪਣੇ ਭਰਾ ਦੇ ਫ੍ਰੈਂਡਸ ਵਾਈਨ ਠੇਕੇ ਨੇੜੇ ਸਥਿਤ ਸੰਨੀ ਚਿਕਨ ਕਾਰਨਰ ਅਹਾਤੇ 'ਤੇ ਮੌਜੂਦ ਸੀ। ਇਸੇ ਦੌਰਾਨ ਉੱਥੇ 2 ਨੌਜਵਾਨ ਆਏ, ਜਿਨ੍ਹਾਂ ਨੇ ਪਹਿਲਾਂ ਸ਼ਰਾਬ ਪੀਤੀ ਤੇ ਫ਼ਿਰ ਉੱਥੇ ਹੋਰ ਸਾਮਾਨ ਖ਼ਾਧਾ। ਜਦੋਂ ਉਨ੍ਹਾਂ ਤੋਂ ਬਿੱਲ ਮੰਗਿਆ ਗਿਆ ਤਾਂ ਉਹ ਭੜਕ ਉੱਠੇ ਤੇ ਕਰਿੰਦਿਆਂ ਦੇ ਨਾਲ ਗਾਲੀ-ਗਲੌਚ ਕਰਦਿਆਂ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ। 

ਵਿਵਾਦ ਵੱਧਦਾ ਵੇਖ ਕੇ ਜਦੋਂ ਸ਼ਿਕਾਇਤਕਰਤਾ ਨੇ ਵਿਚ ਪੈ ਕੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਜੇਬ 'ਚੋਂ ਪਿਸਟਲ ਕੱਢ ਕੇ ਉਸ ਦੀ ਕਨਪੱਟੀ 'ਤੇ ਰੱਖ ਦਿੱਤੀ। ਆਕਾਸ਼ ਆਪਣੀ ਜਾਨ ਬਚਾਉਣ ਲਈ ਉੱਥੋਂ ਭੱਜਿਆ ਤਾਂ ਹਮਲਾਵਰ ਸੜਕ 'ਤੇ ਆ ਗਏ ਤੇ ਉਨ੍ਹਾਂ ਨੂੰ ਡਰਾਉਣ ਲਈ ਹਵਾਈ ਫ਼ਾਇਰ ਕਰਨ ਲੱਗ ਪਏ। ਗੋਲ਼ੀਆਂ ਦੀ ਆਵਾਜ਼ ਨਾਲ ਪੂਰੇ ਬਾਜ਼ਾਰ ਵਿਚ ਭਾਜੜਾਂ ਪੈ ਗਈਆਂ। ਉਹ ਸ਼ਿਕਾਇਤਕਰਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ  ਕੇ ਮੌਕੇ ਤੋਂ ਫ਼ਰਾਰ ਹੋਣ ਲੱਗੇ ਤਾਂ ਸ਼ਿਕਾਇਤਕਰਤਾ ਦੇ ਭਰਾ ਸੁਨੀਲ ਕੁਮਾਰ ਉਰਫ਼ ਸੰਨੀ ਤੇ ਉੱਥੇ ਮੌਜੂਦ ਹੋਰ ਲੋਕਾਂ ਨੇ ਉਨ੍ਹਾਂ ਨੂੰ  ਘੇਰ ਲਿਆ ਤੇ ਹਥਿਆਰ ਸਮੇਤ ਕਾਬੂ ਕਰ ਲਿਆ ਤੇ ਇਸ ਦੀ ਸੂਚਨਾ ਪੁਲਸ ਦਿੱਤੀ। ਸੂਚਨਾ ਮਿਲਦਿਆਂ ਹੀ ਥਾਣਾ ਦਰੇਸੀ ਦੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਤੇ ਦੋਹਾਂ ਨੂੰ ਹਿਰਾਸਤ ਵਿਚ ਲੈ ਲਿਆ। 
 


author

Anmol Tagra

Content Editor

Related News