ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਆ ਗਿਆ ਕੇਂਦਰੀ ਮੰਤਰੀ ਦਾ ਵੱਡਾ ਬਿਆਨ, ਕਿਹਾ ''ਛੋਟੇ ਭਰਾ ਦੀ ਭੂਮਿਕਾ...''
Saturday, Jun 13, 2026 - 03:06 PM (IST)
ਲੁਧਿਆਣਾ (ਵੈੱਬ ਡੈਸਕ): ਪੰਜਾਬ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਗੱਠਜੋੜ ਦੀਆਂ ਚਰਚਾਵਾਂ ਕਾਫ਼ੀ ਲੰਮੇ ਸਮੇਂ ਤੋਂ ਚੱਲ ਰਹੀਆਂ ਹਨ। ਇਸ ਵਿਚਾਲੇ ਹੁਣ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਕਿਸੇ ਵੀ ਗੱਠਜੋੜ ਵਿਚ ਭਾਜਪਾ ਹੁਣ 'ਛੋਟੇ ਭਰਾ' ਵਾਲੀ ਭੂਮਿਕਾ ਵਿਚ ਨਹੀਂ ਰਹੇਗੀ।
ਲੁਧਿਆਣਾ ਵਿਖੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਇਸ ਵੇਲੇ ਭਾਜਪਾ ਭਾਰਤ ਹੀ ਨਹੀਂ ਸਗੋਂ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਗੱਠਜੋੜ ਵਿਚ ਭਾਜਪਾ ਨੂੰ 'ਛੋਟਾ ਭਰਾ' ਬਣਾਉਣਾ ਚਾਹੁੰਦਾ ਹੈ ਤਾਂ ਉਹ ਨਹੀਂ ਚੱਲੇਗਾ। ਉਨ੍ਹਾਂ ਗੱਠਜੋੜ ਲਈ ਗੱਲਬਾਤ ਕਰਨ ਦਾ ਸਵਾਗਤ ਕਰਦਿਆਂ ਨਾਲ ਹੀ ਸਪਸ਼ਟ ਕੀਤਾ ਕਿ ਭਾਰਤੀ ਜਨਤਾ ਪਾਰਟੀ ਘੱਟ ਸੀਟਾਂ 'ਤੇ ਸਹਿਮਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵੇਲੇ ਵੀ ਇਹ ਚਰਚਾ ਸੀ ਕਿ ਪੰਜਾਬ ਦੀਆਂ 13 ਸੀਟਾਂ ਵਿਚੋਂ ਭਾਜਪਾ ਨੂੰ ਗੱਠਜੋੜ ਵਿਚ ਸਿਰਫ਼ 3 ਸੀਟਾਂ 'ਤੇ ਚੋਣ ਲੜਣ ਦੀ ਪੇਸ਼ਕਸ਼ ਕੀਤੀ ਗਈ ਹੈ, ਪਰ ਅਜਿਹਾ ਕੁਝ ਨਹੀਂ ਸੀ ਹੋਇਆ।
