ਸਿਟੀ ਸੀਲਿੰਗ ਮੁਹਿੰਮ ਹੇਠ ਰਾਏਕੋਟ-ਹਲਵਾਰਾ ''ਚ 7 ਥਾਵਾਂ ‘ਤੇ ਪੁਲਸ ਦੀ ਨਾਕਾਬੰਦੀ

Friday, Mar 27, 2026 - 09:38 PM (IST)

ਸਿਟੀ ਸੀਲਿੰਗ ਮੁਹਿੰਮ ਹੇਠ ਰਾਏਕੋਟ-ਹਲਵਾਰਾ ''ਚ 7 ਥਾਵਾਂ ‘ਤੇ ਪੁਲਸ ਦੀ ਨਾਕਾਬੰਦੀ

ਹਲਵਾਰਾ (ਲਾਡੀ) : ਪੰਜਾਬ 'ਚ ‘ਸਿਟੀ ਸੀਲਿੰਗ’ ਮੁਹਿੰਮ ਦੇ ਤਹਿਤ ਰਾਏਕੋਟ ਅਤੇ ਹਲਵਾਰਾ ਇਲਾਕੇ ਵਿੱਚ ਪੁਲਸ ਵੱਲੋਂ ਵਿਸ਼ੇਸ਼ ਨਾਕਾਬੰਦੀ ਕਰਕੇ ਵੱਡੀ ਕਾਰਵਾਈ ਕੀਤੀ ਗਈ। ਡੀ.ਐੱਸ.ਪੀ ਰਾਏਕੋਟ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਇਕੋ ਸਮੇਂ 7 ਵੱਖ-ਵੱਖ ਪੁਆਇੰਟਾਂ ‘ਤੇ ਨਾਕਾਬੰਦੀ ਕਰਕੇ ਸ਼ਹਿਰ ਵਿੱਚ ਆਉਣ-ਜਾਣ ਵਾਲੇ ਹਰ ਸ਼ੱਕੀ ਵਿਅਕਤੀ ਅਤੇ ਵਾਹਨ ਦੀ ਗਹਿਰਾਈ ਨਾਲ ਚੈਕਿੰਗ ਕੀਤੀ ਗਈ।

ਪੁਲਸ ਟੀਮਾਂ ਵੱਲੋਂ ਸ਼ਹਿਰ ਦੇ ਮੁੱਖ ਚੌਰਾਹਿਆਂ ਅਤੇ ਸੰਵੇਦਨਸ਼ੀਲ ਸਥਾਨਾਂ ‘ਤੇ ਚੈਕਿੰਗ ਦੌਰਾਨ ਹਰ ਆਉਣ-ਜਾਣ ਵਾਲੇ ਵਾਹਨ ਨੂੰ ਰੋਕ ਕੇ ਪੂਰੀ ਤਸਦੀਕ ਕੀਤੀ ਗਈ। ਨਾਕਾਬੰਦੀ ਦੌਰਾਨ ਲੁਧਿਆਣਾ-ਬਠਿੰਡਾ ਰਾਜਮਾਰਗ ਤੇ ਸਥਿਤ ਹਰੀ ਸਿੰਘ ਨਲੂਆ ਚੌਂਕ, ਬਰਨਾਲਾ ਚੌਂਕ, ਤਾਜਪੁਰ ਚੌਂਕ, ਮਲੇਰਕੋਟਲਾ ਰੋਡ ‘ਤੇ ਸੇਮ ਪੁੱਲ, ਜਲਾਲਦੀਵਾਲ ਟੀ-ਪੁਆਇੰਟ, ਜੌਹਲਾਂ ਰੋਡ ਅਤੇ ਤਲਵੰਡੀ ਰੋਡ ਸਮੇਤ ਕਈ ਅਹਿਮ ਥਾਵਾਂ ‘ਤੇ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵੱਡੀ ਤਾਇਨਾਤੀ ਕੀਤੀ ਗਈ ਸੀ। 

ਚੈਕਿੰਗ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਕੁਝ ਵਾਹਨ ਜ਼ਬਤ ਕੀਤੇ ਗਏ ਅਤੇ ਕਈਆਂ ਦੇ ਚਲਾਨ ਵੀ ਕੱਟੇ ਗਏ। ਡੀ.ਐੱਸ.ਪੀ ਹਰਜਿੰਦਰ ਸਿੰਘ ਨੇ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਗਲਤ ਕੰਮਾਂ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
 


author

Baljit Singh

Content Editor

Related News