‘ਕੌਣ ਬਣੇਗਾ ਦਸਮੇਸ਼ ਦਾ ਲਾਡਲਾ’ ਮੁਕਾਬਲੇ ਸੰਪੰਨ
Thursday, Dec 06, 2018 - 11:03 AM (IST)

ਲੁਧਿਆਣਾ (ਮੁੱਲਾਂਪੁਰੀ)-ਮਹਾਨਗਰ ਵਿਚ ਅੱਜ ‘ਕੌਣ ਬਣੇਗਾ ਦਸਮੇਸ਼ ਦਾ ਲਾਡਲਾ’ ਦੇ ਜ਼ੋਨਲ ਮੁਕਾਬਲੇ ਅੱਜ ਲੁਧਿਆਣਾ ਦੇ ਬਾਬਾ ਈਸ਼ਰ ਸਿੰਘ (ਨਾਨਕਸਰ) ਪਬਲਿਕ ਸਕੂਲ ਵਿਖੇ ਸੰਪੰਨ ਹੋਏ। ਜਿਥੇ ਪੰਜਾਬ ਤੋਂ 52 ਟੀਮਾਂ ਨੇ ਸ਼ਮੂਲੀਅਤ ਕੀਤੀ। ਇਸ ਤਰ੍ਹਾਂ ਦਿੱਲੀ ਜ਼ੋਨ ਦੇ ਵੀ ਮੁਕਾਬਲੇ ਅੱਜ ਹੀ ਕਰਵਾਏ ਗਏ। ਜੇਤੂਆਂ ਨੂੰ ਤਖਤ ਸ੍ਰੀ ਕੇਸਗਡ਼੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਇਨਾਮਾਂ ਦੀ ਵੰਡ ਕੀਤੀ। ਇਨ੍ਹਾਂ ਮੁਕਾਬਲਿਆਂ ਸਬੰਧੀ ਇੰਟਰਨੈਸ਼ਨਲ ਗੁਰਮਤਿ ਪ੍ਰਚਾਰ ਮਿਸ਼ਨ ਦੇ ਚੇਅਰਮੈਨ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਅੱਜ ਦੇ ਇਨ੍ਹਾਂ ਮੁਕਾਬਲਿਆਂ ਵਿਚ ਮਾਝਾ ਜ਼ੋਨ ਤੋਂ ਬਾਬਾ ਬੁੱਢਾ ਜੀ ਪਬਲਿਕ ਸਕੂਲ, ਤਰਨਤਾਰਨ ਦੀ ਟੀਮ ਪਹਿਲੇ ਨੰਬਰ ’ਤੇ ਰਹੀ, ਜਦੋਕਿ ਗੁਰੂ ਅਰਜਨ ਦੇਵ ਪਬਲਿਕ ਸਕੂਲ, ਜ਼ਿਲਾ ਪਠਾਨਕੋਟ ਦੀ ਦੂਜੇ ਅਤੇ ਗੁਰੂ ਰਾਮਦਾਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਦੀ ਟੀਮ ਤੀਜੇ ਨੰਬਰ ’ਤੇ ਆਈ। ਜਦੋਕਿ ਮਾਲਵਾ ਜ਼ੋਨ ਵਿਚ ਭਾਈ ਬਹਿਲੋ ਪਬਲਿਕ ਸਕੂਲ ਫਫਡ਼ੇ ਭਾਈ ਕੇ ਜ਼ਿਲਾ ਮਾਨਸਾ ਪਹਿਲੇ ਸਥਾਨ ’ਤੇ ਰਿਹਾ, ਜਦੋਂਕਿ ਸੰਤ ਬਾਬਾ ਫਤਿਹ ਸਿੰਘ ਪਬਲਿਕ ਸਕੂਲ ਬੱਲੋ ਬਦਿਆਲ, ਜ਼ਿਲਾ ਬਠਿੰਡਾ ਦੂਜੇ ਅਤੇ ਭਾਈ ਮਹਾ ਸਿੰਘ ਖਾਲਸਾ ਪਬਲਿਕ ਸਕੂਲ ਜਲਾਲਾਬਾਦ ਜ਼ਿਲਾ ਫਾਜ਼ਿਲਕਾ ਤੀਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਦੋਆਬਾ ਜ਼ੋਨ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ, ਹੁਸ਼ਿਆਰਪੁਰ ਪਹਿਲੇ ਸਥਾਨ ’ਤੇ ਰਹਿ ਕੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਇਸ ਮੌਕੇ ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ, ਭਾਈ ਅਮਰਜੀਤ ਸਿੰਘ ਚਾਵਲਾ, ਗੁਰਦੀਪ ਸਿੰਘ ਲੀਲ, ਸੰਤਾ ਸਿੰਘ ਊਮੈਦਪੁਰੀ, ਬੀਬੀ ਸੁਰਿੰਦਰ ਕੌਰ ਦਿਆਲ, ਬਲਵਿੰਦਰ ਸਿੰਘ ਲਾਇਲਪੁਰੀ, ਬਲਜੀਤ ਸਿੰਘ ਬਿੰਦਰਾ, ਹਰਪ੍ਰੀਤ ਸਿੰਘ ਬੇਦੀ ਆਦਿ ਸ਼ਾਮਲ ਸਨ।