ਪੰਜਾਬ ਸਿੱਖਿਆ ਵਿਭਾਗ ਦਾ ਸਖ਼ਤ ਰੁਖ਼! ਸਕੂਲਾਂ ਨੂੰ ਮਿਲ ਗਈ 2 ਦਿਨ ਦੀ ਡੈੱਡਲਾਈਨ, ਛੇਤੀ ਕਰੋ ਇਹ ਕੰਮ
Tuesday, May 20, 2025 - 02:23 PM (IST)

ਲੁਧਿਆਣਾ (ਵਿੱਕੀ): ਜ਼ਿਲ੍ਹੇ ’ਚ ਸਿੱਖਿਆ ਦੇ ਨਾਮ ’ਤੇ ਖੋਲ੍ਹੀਆਂ ਗਈਆਂ ਦੁਕਾਨਾਂ ਦੀ ਮਨਮਾਨੀ ’ਤੇ ਰੋਕ ਲੱਗਣੀ ਸ਼ੁਰੂ ਹੋ ਗਈ ਹੈ। ਬੀਤੇ ਦਿਨਾਂ ਤੋਂ ਹੀ ਅਜਿਹੇ ਸਕੂਲਾਂ ’ਤੇ ਸ਼ਿਕੰਜਾ ਕੱਸ ਰਹੀ ਜ਼ਿਲਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਰਵਿੰਦਰ ਕੌਰ ਨੇ ਆਰ. ਟੀ. ਈ. (ਰਾਈਟ ਟੂ ਐਜੂਕੇਸ਼ਨ) ਦੀ ਮਾਨਤਾ ਤੋਂ ਬਿਨਾਂ ਚੱਲ ਰਹੇ 9 ਹੋਰ ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਇਹ ਕਾਰਵਾਈ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਜਾਰੀ ਹੈ, ਜਿਸ ਤਹਿਤ ਹੁਣ ਤੱਕ 2 ਸਕੂਲਾਂ ਬੰਦ ਵੀ ਕਰਵਾਇਆ ਜਾ ਚੁਕਾ ਹੈ। ਨਵੀਨਤਮ ਸੂਚੀ ’ਚ 9 ਨਵੇਂ ਸਕੂਲ ਸ਼ਾਮਲ ਹਨ, ਜਿਨ੍ਹਾਂ ’ਚ ਹਾਲ ਹੀ ’ਚ ਜਾਂਚ ਕਮੇਟੀ ਦੁਆਰਾ ਕੀਤੀ ਗਈ, ਜਾਂਚ ’ਚ ਬਿਨਾਂ ਆਰ. ਟੀ. ਈ. ਦੀ ਮਾਨਤਾ ਦੇ ਸਿੱਖਿਆ ਪ੍ਰਦਾਨ ਕਰਨ ਦੇ ਮਾਮਲੇ ਸਾਹਮਣੇ ਆਏ ਹਨ।
ਇਹ ਖ਼ਬਰ ਵੀ ਪੜ੍ਹੋ - ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਖੜ੍ਹੀ ਹੋਈ ਨਵੀਂ ਪ੍ਰੇਸ਼ਾਨੀ!
ਜਿਨ੍ਹਾਂ ਸਕੂਲਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ, ਉਨ੍ਹਾਂ ਸਕੂਲਾਂ ’ਚ ਕੁੱਲ 909 ਵਿਦਿਆਰਥੀ ਪੜ੍ਹਦੇ ਪਾਏ ਗਏ। ਇਨ੍ਹਾਂ ’ਚ ਸਭ ਤੋਂ ਵੱਧ ਵਿਦਿਆਰਥੀ ਇਸਲਾਮੀਆ ਅਰਬੀਆ ਮਾਹਦੁਲ ਆਮੀਨ, ਗੁਲਾਬੀ ਬਾਗ, ਟਿੱਬਾ ਰੋਡ ’ਚ ਪਾਏ ਗਏ, ਜਿਥੇ ਪਹਿਲਾਂ ਤੋਂ 8ਵੀਂ ਜਮਾਤ ਤੱਕ 355 ਬੱਚੇ ਪੜ੍ਹ ਰਹੇ ਹਨ। ਇਸ ਤੋਂ ਬਾਅਦ ਮਦਰੱਸਾ ਇਸਲਾਮੀਆ ਅਰਬੀਆ ਤਰਤੀਲ-ਉਲ-ਕੁਰਾਨ, ਮੁਹੱਲਾ ਮਾਈਪੁਰੀ, ਏਕ ਮਿਨਾਰਾ ਮਸਜਿਦ ਨੇੜੇ ਨਰਸਰੀ ਤੋਂ 5ਵੀਂ ਤੱਕ 157 ਵਿਦਿਆਰਥੀ ਪੜ੍ਹ ਰਹੇ ਹਨ। ਸਰਸਵਤੀ ਵਿਦਿਆ ਮੰਦਰ ਕਾਨਵੈਂਟ ਸਕੂਲ, ਪਿੰਡ ਸੇਲਕਿਆਣਾ ’ਚ ਨਰਸਰੀ ਤੋਂ ਤੀਜੀ ਜਮਾਤ ਤੱਕ 15 ਬੱਚੇ, ਜਦਕਿ ਮਹਾਰਾਜਾ ਇੰਗਲਿਸ਼ ਮਾਡਲ ਸਕੂਲ, ਪਿੰਡ ਰਾਮਗੜ੍ਹ ’ਚ ਨਰਸਰੀ ਤੋਂ 7ਵੀਂ ਜਮਾਤ ਤੱਕ 29 ਵਿਦਿਆਰਥੀ ਪੜ੍ਹਦੇ ਪਾਏ ਗਏ।
ਉੱਥੇ ਬੀ. ਵੀ. ਐੱਮ. ਗ੍ਰਾਮਰ ਸਕੂਲ, ਮੱਕੜ ਕਾਲੋਨੀ ਢੰਡਾਰੀ ਕਲਾਂ ’ਚ ਨਰਸਰੀ ਤੋਂ 7ਵੀਂ ਜਮਾਤ ਤੱਕ ਦੇ 120 ਵਿਦਿਆਰਥੀ ਅਤੇ ਓਰੀਜਨ ਪਬਲਿਕ ਸਕੂਲ, ਪਿੰਡ ਰੰਗੀਆਂ ’ਚ ਨਰਸਰੀ ਤੋਂ 7ਵੀਂ ਜਮਾਤ ਤੱਕ ਦੇ 49 ਬੱਚੇ ਪੜ੍ਹ ਰਹੇ ਸਨ। ਜਨਤਾ ਮਾਡਲ ਸਕੂਲ, ਹਰਗੋਬਿੰਦ ਨਗਰ, ਗਿਆਸਪੁਰਾ ’ਚ 46 ਵਿਦਿਆਰਥੀ, ਬੀ. ਬੀ. ਐੱਨ. ਗ੍ਰਾਮਰ ਸਕੂਲ, ਹਰਨਾਮਪੁਰਾ ’ਚ 102 ਵਿਦਿਆਰਥੀ ਅਤੇ ਅਰਸ਼ ਪਬਲਿਕ ਸਕੂਲ, ਪਿੰਡ ਭੁੱਟਾ ’ਚ 36 ਵਿਦਿਆਰਥੀ ਪੜ੍ਹਦੇ ਪਾਏ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦਾ ਖ਼ਤਰਾ! ਘੁੰਮ ਰਹੇ 32 ਅੱਤਵਾਦੀ
ਡੀ. ਈ. ਓ. ਅਨੁਸਾਰ ਆਰ. ਟੀ. ਈ. ਐਕਟ ਤਹਿਤ ਬਿਨਾਂ ਵੈਧ ਮਾਨਤਾ ਦੇ ਕੋਈ ਵੀ ਵਿਅਕਤੀ ਸਕੂਲ ਨਹੀਂ ਚਲਾ ਸਕਦਾ। ਇਸ ਕਾਨੂੰਨ ਦੀ ਉਲੰਘਣਾ ਕਰਨ ’ਚ ਸਬੰਧਤ ਸੰਸਥਾ ਜਾਂ ਮੈਨੇਜਰ ਖਿਲਾਫ 1 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਨ੍ਹਾਂ ਸਾਰੇ ਸਕੂਲਾਂ ਨੂੰ ਨੋਟਿਸ ’ਚ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ 2 ਦਿਨਾਂ ਅੰਦਰ ਨਿੱਜੀ ਤੌਰ ’ਤੇ ਪੇਸ਼ ਹੋ ਕੇ ਲਿਖਤੀ ਰੂਪ ’ਚ ਆਪਣਾ ਸਪੱਸ਼ਟੀਕਰਨ ਦੇਣ, ਨਹੀਂ ਤਾਂ ਵਿਭਾਗੀ ਕਾਰਵਾਈ ਅੱਗੇ ਵਧਾਈ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8