ਤਿਉਹਾਰਾਂ ਦੇ ਮੱਦੇਨਜ਼ਰ ਪੁਲਸ ਵਲੋਂ ਮਾਰਚ
Monday, Nov 05, 2018 - 10:43 AM (IST)

ਖੰਨਾ (ਮਾਲਵਾ)-ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਪੁਲਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਐੱਸ. ਐੱਸ. ਪੀ. ਵਰਿੰਦਰ ਸਿੰਘ ਬਰਾਡ਼ ਦੇ ਹੁਕਮਾਂ ’ਤੇ ਜਗਰਾਓਂ ਇਲਾਕੇ ’ਚ ਫਲੈਗ ਮਾਰਚ ਕੱਢਿਆ। ਇਸ ਮਾਰਚ ਦਾ ਮੁੱਖ ਮਕਸਦ ਗ਼ਲਤ ਅਨਸਰਾਂ ਵਲੋਂ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜ਼ਾਮ ਨਾ ਦਿੱਤਾ ਜਾਵੇ ਅਤੇ ਸ਼ੱਕੀ ਵਿਅਕਤੀਆਂ ’ਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਜਾਵੇਗੀ। ਇਸ ਦੌਰਾਨ ਫਲੈਗ ਮਾਰਚ ਦੀ ਅਗਵਾਈ ਕਰਦਿਆਂ ਡੀ. ਐੱਸ. ਪੀ. ਪ੍ਰਭਜੋਤ ਕੌਰ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ ’ਚ ਨਹੀਂ ਲੈਣ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਕਾਨੂੰਨ ਦੀ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਸਮੂਹ ਮੁਲਾਜ਼ਮਾਂ ਨੂੰ ਹਦਾਇਤਾਂ ਕਰਦਿਆਂ ਕਿਹਾ ਕਿ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਅਤੇ ਕਿਸੇ ਵੀ ਆਮ ਨਾਗਰਿਕ ਨੂੰ ਤੰਗ-ਪ੍ਰੇਸ਼ਾਨ ਕੀਤੇ ਬਿਨਾਂ ਗ਼ਲਤ ਅਨਸਰਾਂ ’ਤੇ ਤਿੱਖੀ ਨਜ਼ਰ ਰੱਖੀ ਜਾਵੇ। ਇਹ ਮਾਰਚ ਕਮਲ ਚੌਕ, ਮੇਨ ਬਜ਼ਾਰ, ਨਲਕਿਆਂ ਵਾਲਾ ਚੌਕ, ਮਿਸਰਪੁਰਾ ਬਾਜ਼ਾਰ, ਸਬਜ਼ੀ ਮੰਡੀ, ਲਿੰਕ ਰੋਡ, ਝਾਂਸੀ ਚੌਕ ਤੋਂ ਹੁੰਦਾ ਹੋਇਆ ਥਾਣਾ ਸਿਟੀ ਜਗਰਾਓਂ ਵਿਖੇ ਸਮਾਪਤ ਹੋਇਆ। ਇਸ ਸਮੇਂ ਥਾਣਾ ਸਿਟੀ ਜਗਰਾਓਂ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ, ਪੁਲਸ ਚੌਕੀ ਬੱਸ ਸਟੈਂਡ ਦੇ ਇੰਚਾਰਜ ਹਰਮੇਸ਼ ਕੁਮਾਰ, ਏ. ਐੱਸ. ਆਈ. ਸੁਖਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਪੁਲਸ ਫੋਰਸ ਮੌਜੂਦ ਸੀ।